ਨੇਪਾਲ ਨੂੰ ਦਸ ਹਜ਼ਾਰ ਕਰੋੜ ਨੇਪਾਲੀ ਰੁਪਏ ਦੀ ਮਦਦ ਦਾ ਐਲਾਨ
ਕਾਠਮਾਂਡੂ, 3 ਅਗਸਤ (ਪੀ. ਟੀ. ਬਿਊਰੋ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨੇਪਾਲ ਦੀ ਦੋ ਰੋਜ਼ਾ ਯਾਤਰਾ ਦੇ ਪਹਿਲੇ ਦਿਨ ਐਤਵਾਰ ਨੂੰ ਨੇਪਾਲੀ ਸੰਸਦ ਨੂੰ ਸੰਬੋਧਨ ਕਰਕੇ ਨਵਾਂ ਇਤਿਹਾਸ ਰੱਚਿਆ ਹੈ। ਇਸ ਦੌਰਾਨ ਉਨ੍ਹਾਂ ਨੇ ਨੇਪਾਲ ਤੋਂ ਬਿਜਲੀ ਦੀ ਮੰਗ ਕੀਤੀ ਹੈ ਅਤੇ ਭਾਰਤ ਵੱਲੋਂ ਨੇਪਾਲ ਨੂੰ ਵਿਕਾਸ ਲਈ 10 ਹਜ਼ਾਰ ਕਰੋੜ ਨੇਪਾਲੀ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਮੋਦੀ ਨੇ ਸ਼ੁਰੂ ਵਿੱਚ ਨੇਪਾਲੀ ਭਾਸ਼ਾ ਵਿੱਚ ਸੰਸਦ ਨੂੰ ਸੰਬੋਧਿਤ ਕਰਕੇ ਨੇਪਾਲ ਦੇ ਲੋਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਪਹਿਲ ਨੇਪਾਲ ਨਾਲ ਬਿਹਤਰ ਸਬੰਧ ਕਾਇਮ ਰੱਖਣਾ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਪਹਿਲੇ ਵਿਅਕਤੀ ਹਨ ਜਿਸ ਨੂੰ ਤੁਹਾਡੀ ਸੰਸਦ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ
ਸਿਰਫ ਮੋਦੀ ਦਾ ਹੀ ਸਨਮਾਨ ਨਹੀਂ ਹੈ ਬਲਕਿ ਸਵਾ ਸੌ ਕਰੋੜ ਭਾਰਤੀਆਂ ਦਾ ਵੀ ਸਨਮਾਨ ਹੈ। ਸ੍ਰੀ ਮੋਦੀ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦਾ ਰਿਸ਼ਤਾ ਠੀਕ ਅਜਿਹਾ ਹੈ ਹੀ ਹੈ ਜਿਸ ਤਰ੍ਹਾਂ ਗੰਗਾ ਅਤੇ ਹਿਮਾਲਿਆ ਦਾ ਰਿਸ਼ਤਾ ਹੈ। ਇਨ੍ਹਾਂ ਦੋਨਾਂ ਦੇ ਵਿੱਚ ਰਿਸ਼ਤਾ ਸਦੀਆਂ ਪੁਰਾਣਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਹਿੰਦੁਸਤਾਨ ਨੇ ਕੋਈ ਅਜਿਹੀ ਲੜਾਈ ਨਹੀਂ ਜਿੱਤੀ ਜਿਸ ਵਿੱਚ ਕੋਈ ਨੇਪਾਲੀ ਸ਼ਹੀਦ ਨਾ ਹੋਇਆ ਹੋਵੇ। ਭਾਰਤ ਦੀ ਆਨ-ਬਾਨ ਲਈ ਜਿਨ੍ਹਾਂ ਨੇਪਾਲੀਆਂ ਨੇ ਆਪਣੀ ਜਾਨ ਕੁਰਬਾਨ ਕੀਤੀ ਉਨ੍ਹਾਂ ਨੂੰ ਉਹ ਨਮਨ ਕਰਦੇ ਹਨ। ਭਾਰਤ ਦੀ ਜਿੱਤ ਵਿੱਚ ਨੇਪਾਲ ਦਾ ਅਹਿਮ ਯੋਗਦਾਨ ਰਿਹਾ ਹੈ। ਨੇਪਾਲ ਵੀਰਾਂ ਦੀ ਧਰਤੀ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰਿਕ ਦੇਸ਼ਾਂ ਵਿੱਚ ਨੇਪਾਲ ਦੇ ਸੰਵਿਧਾਨ ਦੇ ਨਿਰਮਾਣ ਤੋਂ ਲੋਕਾਂ ਨੂੰ ਕਾਫੀ ਉਮੀਦ ਹੈ। ਇਥੋਂ ਦੇ ਲੋਕਾਂ ਨੇ ਬੁਲੇਟ ਨੂੰ ਛੱਡ ਕੇ ਬੈਲੇਟ ਦਾ ਰਸਤਾ ਅਖਤਿਆਰ ਕੀਤਾ ਹੈ। ਯੁੱਧ ਨੂੰ ਛੱਡ ਕੇ ਬੁੱਧ ਨੂੰ ਅਪਣਾ ਕੇ ਤੁਸੀਂ ਦੁਨੀਆ ਦੇ ਸਾਹਮਣੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਤੁਹਾਡਾ ਪ੍ਰਯੋਗ ਉਨ੍ਹਾਂ ਹਿੰਸਾਗ੍ਰਸਤ ਦੇਸ਼ਾਂ ਲਈ ਇੱਕ ਸੰਦੇਸ਼ ਹੋਵੇਗਾ ਜਿਹੜੇ ਬੰਦੂਕ ’ਤੇ ਵਿਸ਼ਵਾਸ ਕਰਦੇ ਹਨ।
ਦਖਲ ਦੇਣਾ ਮਕਸਦ ਨਹੀਂ- ਉਨ੍ਹਾਂ ਕਿਹਾ ਕਿ ਭਾਰਤ ਦਾ ਕੰਮ ਨੇਪਾਲ ਦੇ ਰਸਤੇ ਵਿੱਚ ਦਖਲ ਦੇਣਾ ਨਹੀਂ ਹੈ। ਭਾਰਤ ਚਾਹੁੰਦਾ ਹੈ ਕਿ ਨੇਪਾਲ ਆਪਣਾ ਰਸਤਾ ਆਪ ਤੈਅ ਕਰੇ ਅਤੇ ਜੋ ਹੋ ਸਕੇ ਉਹ ਮਦਦ ਭਾਰਤ ਕਰੇਗਾ। ਇਹ ਇੱਕ ਸਰਵਭੋਮਕ ਰਾਸ਼ਟਰ ਹੈ। ਭਾਰਤ ਚਾਹੁੰਦਾ ਹੈ ਕਿ ਨੇਪਾਲ ਹਿਮਾਲਿਆ ਦੀ ਉਚਾਈਆਂ ਨੂੰ ਛੂਏ।
ਉਨ੍ਹਾਂ ਨੇਪਾਲੀ ਸੰਸਦ ਨੂੰ ਕਿਹਾ ਕਿ ਤੁਸੀਂ ਜੋ ਸੰਵਿਧਾਨ ਬਣਾਓ, ਉਹ ਅਜਿਹਾ ਹੋਵੇ ਜਿਹੜਾ ਦੇਸ਼ ਦੇ ਗਰੀਬ, ਅਮੀਰ, ਪੜ੍ਹੇ-ਲਿਖੇ, ਅਨਪੜ੍ਹ ਸਾਰਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲਾ ਹੋਵੇ। ਉਸ ਸੰਵਿਧਾਨ ਵਿੱਚ ਸਭ ਫੁੱਲਾਂ ਦੀ ਮਹਿਕ ਹੋਵੇ। ਸੰਵਿਧਾਨ ਅਧੁਨਿਕ ਹੋਵੇ। ਭਾਰਤ ਨੇਪਾਲ ਦੇ ਅਜ਼ਾਦ ਅਸਤਿਤਵ ਦਾ ਪੂਰਾ ਸਮਰਥਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਨੇਪਾਲ ਵਿੱਚ ਬਿਜਲੀ ਉਤਪਾਦਨ ਦੀ ਬੇਸ਼ੁਮਾਰ ਸਮਰਥਾ ਹੈ। ਭਾਰਤ ਪਣਬਿਜਲੀ ਘਰਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨੇਪਾਲ ਤੋਂ ਖਰੀਦਣਾ ਚਾਹੁੰਦਾ ਹੈ। ਨੇਪਾਲ ਇਸ ਸਬੰਧੀ ਨਿਰਣਾ ਲਵੇ, ਭਾਰਤ ਇਸ ਦਾ ਸਵਾਗਤ ਕਰੇਗਾ। ਉਨ੍ਹਾਂ ਨੇ ਇਸ ਮੌਕੇ ’ਤੇ ਨੇਪਾਲੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਸਕਾਲਰਸ਼ਿਪ ਦੇਣ ਦੀ ਸੰਖਿਆ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨੇਪਾਲ ਨੂੰ ਸੈਰ ਸਪਾਟੇ ਦੇ ਵਿਕਾਸ ਲਈ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਵਾ ਸੌ ਕਰੋੜ ਭਾਰਤੀ ਇੱਕ ਵਾਰ ਜ਼ਰੂਰ ਨੇਪਾਲ ਆਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਨੇਪਾਲ ਵਿੱਚ ਰਾਜ ਮਾਰਗ, ਸੂਚਨਾ ਕ੍ਰਾਂਤੀ ਅਤੇ ਬਿਜਲੀ ਲਈ ਟ੍ਰਾਂਸਮਿਸ਼ਨ ਲਾਈਨਾਂ ਨੂੰ ਦੁਗਣਾ ਕਰਨਾ ਚਾਹੁੰਦਾ ਹੈ।
ਮਹਾਕਾਲੀ ਨਦੀ ਉਪਰ ਪੁਲ ਬਣ ਜਾਣ ਨਾਲ ਦੋਵੇਂ ਦੇਸ਼ਾਂ ਵਿੱਚ ਦੂਰੀ ਘਟੇਗੀ। ਉਨ੍ਹਾਂ ਨੇ ਨੇਪਾਲ ਨੂੰ ਕਾਰਬਨਿਕ ਖੇਤੀ ਵਿੱਚ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਇਸ ਮੌਕੇ ’ਤੇ ਐਲਾਨ ਕੀਤਾ ਕਿ ਭਾਰਤ ਨੇਪਾਲ ਨੂੰ 10 ਹਜ਼ਾਰ ਕਰੋੜ ਨੇਪਾਲੀ ਰੁਪਏ ਦਾ ਸਹਿਯੋਗ ਦੇਵੇਗਾ। ਇਹ ਨੇਪਾਲ ’ਤੇ ਨਿਰਭਰ ਹੈ ਕਿ ਉਹ ਕਿਸ ਖੇਤਰ ਵਿੱਚ ਇਸ ਪੈਸੇ ਦਾ ਨਿਵੇਸ਼ ਕਰੇਗਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੀ ਦੋ ਦਿਨ ਦੀ ਯਾਤਰਾ ’ਤੇ ਐਤਵਾਰ ਸਵੇਰੇ ਕਾਠਮਾਂਡੂ ਪਹੁੰਚੇ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ੍ਰੀ ਮੋਦੀ ਦਾ ਸਵਾਗਤ ਨੇਪਾਲ ਦੇ ਪ੍ਰਧਾਨ ਮੰਤਰੀ ਸ੍ਰੀ ਸੁਸ਼ੀਲ ਕੋਇਰਾਲਾ ਨੇ ਖੁੱਦ ਪਹੁੰਚ ਕੇ ਕੀਤਾ।ਅਜਿਹਾ ਕਰਦਿਆਂ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪ੍ਰੋਟੋਕੋਲ ਦੀ ਪਰਵਾਹ ਨਹੀਂ ਕੀਤੀ। ਸੰਸਦ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਨੇਪਾਲ ਦੇ ਵਿਦੇਸ਼ ਮੰਤਰੀ ਸ੍ਰੀ ਮੋਦੀ ਨਾਲ ਮੁਲਾਕਾਤ ਕੀਤੀ। ਕਾਠਮਾਂਡੂ ‘ਚ ਪ੍ਰਧਾਨ ਮੰਤਰੀ ਦੇ ਠਹਿਰਨ ਦੀ ਵਿਵਸਥਾ ਹਯਾਤ ਹੋਟਲ ‘ਚ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਦੀ ਇਸ ਯਾਤਰਾ ਦੌਰਾਨ ਨੇਪਾਲ ਨਾਲ ਦੋਪੱਖੀ ਮੁੱਦਿਆਂ ‘ਤੇ ਗੱਲਬਾਤ ਹੋਵੇਗੀ। ਨੇਪਾਲ ਵੀ ਪ੍ਰਧਾਨ ਮੰਤਰੀ ਦੀ ਇਸ ਯਾਤਰਾ ਨੂੰ ਕਾਫੀ ਅਹਿਮੀਅਤ ਦੇ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਪ੍ਰੋਟੋਕਾਲ ਤੋੜਦੇ ਹੋਏ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਖੁੱਦ ਹਵਾਈ ਅੱਡੇ ਵਿਖੇ ਪਹੁੰਚੇ। ਨੇਪਾਲ ‘ਚ 17 ਸਾਲਾਂ ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯਾਤਰਾ ਹੋ ਰਹੀ ਹੈ। ਇਸ ਤੋਂ ਪਹਿਲਾ 1997 ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਨੇਪਾਲ ਦੀ ਯਾਤਰਾ ਕੀਤੀ ਸੀ।



