ਜੀਂਦ, 28 ਜੁਲਾਈ (ਨਾਗਪਾਲ)- ਹਜਕਾਂ ਸੂਬਾਈ ਉਪ ਪ੍ਰਧਾਨ ਰੇਣੂਕਾ ਬਿਸ਼ਨੋਈ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਤੋਂ ਹਜਕਾਂ-ਭਾਜਪਾ ਗਠਜੋੜ ਟੁੱਟਦਾ ਹੈ ਤਾਂ ਵੋਟਰਾਂ ਨੂੰ ਹਜਕਾਂ ਪ੍ਰਮੁੱਖ ਕੁਲਦੀਪ ਬਿਸ਼ਨੋਈ ਵੱਲੋਂ ਚੋਣ ਮੈਦਾਨ ‘ਚ ਉਤਾਰੇ ਗਏ ਉਮੀਦਵਾਰਾਂ ਨੂੰ ਜੇਤੂ ਬਣਾਉਣਾ ਤਾਂ ਜੋ ਸੂਬੇ ‘ਚ ਤੁਹਾਡੀ ਆਪਣੀ ਸਰਕਾਰ ਬਣ ਸਕੇ। ਸੂਬੇ ਦੇ ਮੁੱਖ ਮੰਤਰੀ ਕੁਲਦੀਪ ਬਿਸ਼ਨੋਈ ਬਣ ਸਕਣ। ਉਹ ਰੇਲਵੇ ਚੌਕ ‘ਤੇ ਭਗਤ ਰਾਮ ਘੋਘੜੀਆ ਵਾਲੇ ਦੀ ਧਰਮਸ਼ਾਲਾ ‘ਚ ਵਰਕਰਾਂ ਦੀ ਹਲਕਾ ਪੱਧਰੀ ਬੈਠਕ ਨੂੰ ਸੰਬੋਧਨ ਕਰ ਰਹੀ ਸਨ। ਰੇਣੂਕਾ ਬਿਸ਼ਨੋਈ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਗਠਜੋੜ ਬਣਿਆ ਰਹੇ। ਹਜਕਾਂ ਗਠਜੋੜ ਨੂੰ ਲੈ ਕੇ ਆਪਣਾ ਧਰਮ ਨਿਭਾਵੇਗੀ। ਭਾਜਪਾ ਨੇ ਜੇਕਰ ਕੋਈ
ਧੋਖਾ ਕੀਤਾ ਤਾਂ ਉਸ ਦਾ ਫੈਸਲਾ ਸੂਬੇ ਦੇ ਲੋਕ ਕਰਨਗੇ। ਗਠਜੋੜ ਦਾ ਨੁਮਾਇੰਦਾ ਚੋਣ ਮੈਦਾਨ ‘ਚ ਆਉਂਦਾ ਹੈ ਤਾਂ ਸਖ਼ਤ ਮਿਹਨਤ ਕਰਕੇ ਉਸ ਨੂੰ ਜੇਤੂ ਬਣਾਉਣਾ ਹੈ। ਕਿਸੇ ਕਾਰਨ ਜੇਕਰ ਗਠਜੋੜ ਟੁੱਟ ਜਾਂਦਾ ਹੈ ਤਾਂ ਹਜਕਾਂ ਉਮੀਦਵਾਰ ਨੂੰ ਜੇਤੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ 2011 ‘ਚ ਹਜਕਾਂ-ਭਾਜਪਾ ਦਾ ਗਠਜੋੜ ਹੋਇਆ ਸੀ। ਉਸ ਸਮੇਂ ਲੋਕ ਸਭਾ ‘ਚ ਦੋ ਹਜਕਾਂ, 8 ਭਾਜਪਾ ਨੂੰ ਲੋਕ ਸਭਾ ਸੀਟਾਂ ਮਿਲੀਆਂ ਸਨ। ਵਿਧਾਨ ਸਭਾ ਚੋਣਾਂ ‘ਚ 45-45 ‘ਤੇ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਪਹਿਲੇ ਢਾਈ ਸਾਲ ਕੁਲਦੀਪ ਬਿਸ਼ਨੋਈ, ਅਗਲੇ ਢਾਈ ਸਾਲ ਭਾਜਪਾ ਦਾ ਮੁੱਖ ਮੰਤਰੀ ਬਣਨਾ ਤੈਅ ਹੋਇਆ ਸੀ। ਇਸ ਸਮਝੌਤੇ ‘ਤੇ ਅੱਜ ਵੀ ਹਜਕਾਂ ਕਾਇਮ ਹੈ। ਇਸ ਸਮਝੌਤੇ ਦੇ ਤਹਿਤ ਹੀ ਹਜਕਾਂ ਸੂਬੇ ‘ਚ ਭਾਜਪਾ ਦੇ ਨਾਲ ਚੋਣ ਲੜਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਵੋਟ ‘ਚ ਤਾਕਤ ਹੈ। ਵੋਟਰ ਜੇਕਰ ਭ੍ਰਿਸ਼ਟ ਆਗੂਆਂ ਨੂੰ ਵੋਟ ਦੇਣਗੇ ਤਾਂ ਸਰਕਾਰ ਵੀ ਭ੍ਰਿਸ਼ਟ ਬਣੇਗੀ। ਇਮਾਨਦਾਰ ਨੂੰ ਵੋਟ ਦੇਵਾਂਗੇ ਤਾਂ ਇਮਾਨਦਾਰ ਵਿਅਕਤੀ ਵਿਧਾਨ ਸਭਾ ‘ਚ ਪੁੱਜੇਗਾ ਤੇ ਇਮਾਨਦਾਰ ਲੋਕਾਂ ਦੀ ਸਰਕਾਰ ਬਣੇਗੀ।



