ਡਾ. ਨਰਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400
ਮੈਡੀਕਲ ਮਾਹਿਰ, ਲੇਖਕ, ਇਨਸਾਨ ਅਤੇ ਵਿਦਿਆ ਦਾਨੀ
ਪਿੰਡ ਨੰਗਲ ਕਲਾਂ (ਮਾਨਸਾ)
ਉਹ ਚੌਧਰੀਆਂ ਦੇ ਗੋਹਾ-ਕੂੜਾ ਕਰਨ ਦਾ ਕੰਮ ਕਰਦੀ। ਜਾਂਦੀ ਹੋਈ ਗੋਦੀ ਵਾਲੇ ਲੜਕੇ ਨੂੰ ਤੇ ਚਾਰ -ਸਵਾ ਚਾਰ ਸਾਲ ਦੀ ਲੜਕੀ ਨੂੰ ਵੀ ਨਾਲ ਲੈ ਜਾਂਦੀ। ਕਿਉਂਕਿ ਬਾਅਦ ਵਿੱਚ ਉਨ੍ਹਾਂ ਦੇ ਘਰੇ ਲੜਕੇ ਲੜਕੀ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਰਹਿੰਦਾ ਸੀ। ਉਸ ਦਾ ਘਰ ਵਾਲਾ, ਜੋ ਚੌਧਰੀਆਂ ਨਾਲ ਸਾਲ ਲਈ ਠੇਕੇ ’ਤੇ ਲੱਗਿਆ ਹੋਇਆ ਸੀ, ਵੱਡੇ ਤੜਕੇ ਈ ਕੰਮ ਕਰਨ ਲਈ ਚੌਧਰੀਆਂ ਦੇ ਖੇਤਾਂ ਨੂੰ ਚਲਾ ਜਾਂਦਾ ਸੀ। ਘਰ ਵਿੱਚ ਹੋਰ ਕੋਈ ਹੈ ਨਹੀਂ ਸੀ।
ਚੌਧਰੀਆਂ ਦੇ ਮਾਲ ਡੰਗਰ ਵਾਲੇ ਨੌਹਰੇ ’ਚੇ ਪਹੁੰਚ ਕੇ ਉਹ ਆਪਣੀ ਲੜਕੀ ਨੂੰ ਡੰਗਰਾਂ ਤੋਂ ਸੱਖਣੀ ਖੁਰਲੀ ਵਿੱਚ ਬਿਠਾਉਂਦੀ। ਆਪਣੇ ਗੋਦੀ ਚੁੱਕੇ ਲੜਕੇ ਨੂੰ, ਲੜਕੀ ਨੂੰ ਫੜਾਉਂਦੀ। ਪਸ਼ੂਆਂ ਦਾ ਗੋਹਾ ਮਤਰਾਲ ਹੂੰਝ ਹੂੰਝ ਬੱਠਲ ਵਿੱਚ ਪਾਉਣ ਲੱਗਦੀ। ਮੁੰਡੇ ਦੀ ‘ਚਿਆਂ-ਚਿਆਂ’ ਅਤੇ ਰੋਂਦੇ ਮੁੰਡੇ ਨੂੰ ਵਰਾਉਂਦੀ ਹਾਲੋਂ ਬੇਹਾਲ ਹੋਈ ਲੜਕੀ ਵੱਲ ਤੱਕਦਿਆਂ ਉਸ ਅੰਦਰਲੀ ਮਮਤਾ ਪੰਘਰਦੀ। ਉਹ ਅਣਦਿਸਦੇ ਰੱਬ ਨੂੰ ਅਲਾਂਭਾ ਦੇਣ ਲੱਗਦੀ,
‘ਰੱਬਾ! ਐਨੇ ਰੰਗ ਰੂਪ ਆਲੇ ਨਿਆਣਿਆਂ ਨੂੰ ਤੂੰ ਸਾਡੇ ਅਜਿਹੇ ਗਰੀਬ-ਗੁਰਬਿਆਂ ਦੇ ਘਰ ਜਰਮ ਕਾਹਨੂੰ ਦੇਣਾ ਸੀ… ਜੇ ਅਮੀਰਾਂ ਦੇ ਘਰ ਜਰਮੇ ਹੁੰਦੇ ਤਾਂ ਏਹਨਾਂ ਨੂੰ ਇਉਂ ਚੌਧਰੀਆਂ ਦੀਆਂ ਖੁਲਣੀਆਂ ਵਿੱਚ ਕਿਉਂ ਰੁਲਣਾ ਪੈਂਦਾ..’
ਰੋਂਦੇ ਮੁਡੇ ਨੂੰ ਵਰਾਉਂਦੀ ਲੜਕੀ ਰੋਜ਼ਾਨਾ ਨੌਹਰੇ ਵਿਚਦੀ ਲੰਘਦੀ ਚੌਧਰੀਆਂ ਦੀ ਅੱਠ ਸੱਟ ਸਾਲ ਦੀ ਪੋਤਰੀ ਵੱਲ ਦੇਖਦੀ। ਚੌਧਰੀਆਂ ਦੀ ਪੋਤਰੀ ਦੇ, ਮਹਿੰਗੇ ਕਾਨਵੈਂਟ ਸਕੂਲ ਦੀ, ਵਰਦੀ ਪਹਿਨੀ ਹੁੰਦੀ ਸੀ। ਉਸ ਵਿੱਚੋਂ ਸੈਂਟ ਦੀ ਖੁਸ਼ਬੋ ਆਉਂਦੀ ਹੁੰਦੀ ਸੀ। ਉਸ ਦਾ ਸਕੂਲ ਦੀਆਂ ਪੁਸਤਕਾਂ ਵਾਲਾ ਬੈਗ ਚੌਧਰੀ ਦੇ ਨੌਕਰ ਕੋਲ ਚੁੱਕਿਆ ਹੁੰਦਾ ਸੀ। ਨੌਕਰ ਨਿੱਤ ਦੀ ਨਿੱਤ ਕੁੜੀ ਨੂੰ ਗੱਡੀ ਵਿਚ ਕਿਉਂ ਚੜਾ ਕੇ ਆਉਂਦੇ?’’ ਕੁੜੀ ਨਿਤ ਸੋਹਣੇ ਸੋਹਣੇ ਲੀੜੇ ਪਾ ਕੇ ਕਿੱਥੇ ਜਾਂਦੀ ਹੋਊ? ਅਜਿਹੇ ਸਵਾਲ, ਖੁਰਲੀ ਵਿੱਚ ਰੋਂਦੇ ਬੱਚੇ ਨੂੰ ਵਰਾਉਂਦੀ ਲੜਕੀ ਦੇ ਮਨ ਵਿਚ ਅਕਸਰ ਆਉਂਦੇ। ਉਸ ਲੜਕੀ ਨੇ ਅੰਤ ਇੱਕ ਦਿਨ ਆਪਣੀ ਮਾਂ ਕੋਲੋਂ ਪੁੱਛ ਈ ਲਿਆ,
‘ਬੇਬੇ! ਚੌਧਰੀਆਂ ਦੀ ਕੁੜੀ ਨਿੱਤ ਦੀ ਨਿੱਤ ਸੋਹਣੇ ਲੀੜੇ ਪਾ ਕੇ ਕਿੱਥੇ ਜਾਂਦੀ ਐ?’’
‘ਸਕੂਲ ਜਾਂਦੀ ਐ ਪੁੱਤ! ਪੜ੍ਹਾਈ ਕਰਨ ਖਾਤਰ।’
‘ਪੜਾਈ ਕਰਕੇ ਬੇਬੇ! ਉਹਨੂੰ ਕੀ ਮਿਲੂ?’
ਪੜ੍ਹਾਈ ਕਰਕੇ ਅਵਸਰਨੀ ਬਣੂ.. ਹੋਰ ਕੀ ਤੇਰੇ ਜਣਦਿਆਂ ਦਾ ਸਿਰ ਮਿਲੂ
‘ਫੇਰ ਤਾਂ ਬੇਬੇ ! ਮੈਂ ਤਾਂ ਆਪ ਪੜ੍ਹਨ ਜਾਇਆ ਕਰੂੰ..’ ਕੁੜੀ ਦੇ ਛੋਟੇ ਮੂੰਹ ਵਿਚੋਂ ਨਿਕਲੀ ਵੱਡੀ ਗੱਲ ਉਸ ਦੀ ਮਾਂ ਨੂੰ ਝੰਜੋੜ ਗਈ। ਉਹ ਲੰਮਾ ਹਾਉਂਕਾ ਲੈ ਕੇ ਬੋਲਣ ਲੱਗੀ, ‘ਧੀਏ! ਜੇ ਤੇਰੇ ਕਰਮਾਂ ਵਿੱਚ ਵਿੱਦਿਆ ਹੁੰਦੀ ਤਾਂ ਤੂੰ ਸਾਡੇ ਅਰਗੇ ਗਰੀਬਾਂ ਦੇ ਘਰ ਕਾਹਨੂੰ ਜਰਮਦੀ।’
‘ਮੈਨੂੰ ਨੀ ਪਤਾ ਬੇਬੇ! ਕਰਮਾਂ-ਕੁਰਮਾਂ ਦਾ, ਮੈਂ ਤਾਂ ਪੜ੍ਹਣ ਜਾਇਆ ਕਰੂੰ।’
ਉਹ ਲੜਕੀ ਮਾਂ ਦੇ ਰੋਕਣ ਦੇ ਬਾਵਜੂਦ ਗੁਆਂਢੀਆਂ ਦੀ ਲੜਕੀ ਨਾਲ ਸਕੂਲ ਜਾਣ ਲੱਗ ਪਈ। ਪੜ੍ਹਣ ਵਿੱਚ ਰੁਚੀ ਦੇਖ ਕੇ ਅਧਿਆਪਕ ਨੇ ਸਕੂਲ ਦੇ ਰੈਡ ਕਰਾਸ ਫੰਡ ਵਿੱਚੋਂ ਲੜਕੀ ਨੂੰ ਪੜ੍ਹਾਈ ਕਰਨ ਲਈ ਲੋੜੀਂਦੀਆਂ ਚੀਜ਼ਾਂ ਲੈ ਕੇ ਦੇਣੀਆਂ ਸ਼ੁਰੂ ਕਰ ਦਿੱਤੀਆਂ। ਲੜਕੀ ਹਰੇਕ ਜਮਾਤ ਵਿਚੋਂ ਫਸਟ ਡਵੀਜ਼ਨ ਲੈ ਕੇ ਪਾਸ ਹੁੰਦੀ ਰਹੀ। ਉਸ ਨੇ ਆਪਣੇ ਭਰਾ ਨੂੰ ਸਕੂਲ ਲਿਜਾਣ ਲਈ ਖੂਬ ਜ਼ੋਰ ਲਾਇਆ ਪਰ ਉਹ ਸਕੂਲ ਜਾਣ ਦੀ ਥਾਂ ਚੌਧਰੀਆਂ ਦੇ ਡੰਗਰਾਂ ਦਾ ਪਾਲੀ ਬਣਿਆ।
ਉਹ ਲੜਕੀ ਸਕੂਲੋਂ ਛੁੱਟੀ ਹੋਣ ਵਾਲੇ ਦਿਨ ਆਪਣੀ ਮਾਂ ਨਾਲ ਸਰਦਾਰਾਂ ਦਾ ਗੋਹਾ ਕੂੜਾ ਕਰਵਾਉਣ ਚਲੀ ਜਾਂਦੀ। ਉਹ ਦੋਵੇਂ ਮਾਂ ਧੀ ਉਦੋਂ ਗੋਹਾ ਕੂੜਾ ਕਰਕੇ ਹਟੀਆਂ ਈ ਸਨ ਜਦ ਬਾਹਰਲੀ ਬੀਬੀ ਵਿਚੋਂ ਕੱਟੇ ਕੱਟੀਆਂ ਖਰੀਦਣ ਵਾਲੇ ਦੀ ਆਵਾਜ਼ ਆਈ। ਆਵਾਜ਼ ਸੁਣ ਕੇ ਹਟੇ ਚੌਧਰੀ ਨੇ ਉਸਦੀ ਮਾਂ ਨੂੰ ਕਿਹਾ,
‘ਚਿੰਤੀਏ! ਵਪਾਰੀ ਨੂੰ ਬੁਲਾ ਕੇ ਲਿਆ… ਆਹ ਬਿਮਾਰੀ ਦੀ ਮਾਰੀ ਕੱਟੀ ਵੇਚ ਦਿੰਨੇ ਆਂ ਉਹਨੂੰ।’
‘ਬਾਬਾ ਜੀ! ਜੇ ਕੱਟੀ ਵੇਚਣੀ ਐਂ ਤਾਂ ਫੇਰ ਅਸੀਂ ਲੈ ਲੈਨੇ ਆਂ।’ ਲੜਕੀ ਆਪਣੀ ਮਾਂ ਦੇ ਬੋਲਣ ਤੋਂ ਪਹਿਲਾਂ ਬੋਲੀ। ਸਰਦਾਰ ਨੇ ਕਿਹਾ, ‘ਦੋ ਸੌ ਰੁਪਏ ਤੁਸੀਂ ਦੇ ਦਿਓ, ਕੱਟੀ ਤੁਸੀਂ ਲੈ ਲਉ।’ ਕੁੜੀ ਨੇ ਕਪਾਹਾਂ-ਨਰਮਿਆਂ ਤੱਕ ਦਾ ਉਧਾਰ ਕਰਕੇ ਕੱਟੀ ਦੋ ਸੌ ਰੁਪਏ ਵਿੱਚ ਲੈ ਲਈ । ਡੰਗਰ ਡਾਕਟਰ ਕੋਲੋਂ ਮੜ੍ਹੱਪ ਮਾਰਨ ਵਾਲੀ ਦਵਾਈ ਲਿਆ ਕੇ ਕੱਟੀ ਨੂੰ ਦਿੱਤੀ। ਕੱਟੀ ਤੰਦੁਰਸਤ ਹੋਣ ਲੱਗੀ। ਲੜਕੀ ਸਕੂਲ ਜਾਣ ਤੋਂ ਪਹਿਲਾਂ ਕੱਟੀ ਲਈ ਘਾਹ ਖੋਤ ਕੇ ਲਿਆਉਂਦੀ। ਸਕੂਲੋਂ ਛੁੱਟੀ ਹੋਣ ਵਾਲੇ ਦਿਨ ਲੜਕੀ ਆਪਣੀ ਮਾਂ ਨਾਲ ਚੌਧਰੀਆਂ ਦਾ ਨਰਮਾ ਚੁਗਾਉਣ ਜਾਂਦੀ। ਦੋਵੇਂ, ਮਾਂ ਧੀ ਨੇ ਨਰਮੇ ਦੀ ਚੁਗਾਈ ਨਾਲ ਉਨ੍ਹਾਂ ਦਾ ਦੋ ਸੌ ਰੁਪਇਆ ਲਾਹਿਆ।
ਉਸ ਲੜਕੀ ਦਾ ਭਰਾ ਵੱਡਾ ਹੋਣ ’ਤੇ ਸਰਦਾਰਾਂ ਦਾ ਪਾਲੀ ਬਣਦਾ ਬਣਦਾ ਉਹਨਾਂ ਦਾ ਸੀਰ ਕਰਨ ਲੱਗਿਆ। ਕੰਮ ਦੇ ਲਾਲਚ ਵਿੱਚ ਚੌਧਰੀਆਂ ਦੇ ਮੁੰਡੇ, ਲੜਕੀ ਦੇ ਸੀਰੀ ਭਰਾ ਨੂੰ, ਚੁੱਪ ਚਾਪ ਚਾਹ ਵਿੱਚ ਭੁੱਕੀ ਉਬਾਲ ਕੇ ਪਿਆਉਣ ਲੱਗੇ। ਚਾਹ ਵਿੱਚ ਉਬਲ ਭੁੱਕੀ ਪੀਂਦਾ ਉਹ ਅਮਲੀ ਬਣਨਾ ਸ਼ੁਰੂ ਹੋਇਆ।
ਉਸ ਦੇ ਅਮਲੀ ਬਣਨ ਅਤੇ ਕੱਟੀ ਦੇ ਮੱਝ ਬਣਨ ਦੇ ਨਾਲ ਨਾਲ ਜਮਾਤਾਂ ਪਾਸ ਕਰਦੀ ਉਸ ਲੜਕੀ ਨੇ ਦਸਵੀਂ ਚੰਗੇ ਨੰਬਰ ਲੈ ਕੇ ਪਾਸ ਕੀਤੀ। ਫੇਰ ਉਸ ਨੇ ਆਪਣੀ ਵੇਚੀ ਮੱਝ ਦੇ ਪੈਸਿਆਂ ਨਾਲ ਆਰਟਐਂਡ-ਕਰਾਫਟ ਦੇ ਅਧਿਆਪਕ ਦਾ ਕੋਰਸ ਕੀਤਾ। ਕੁਝ ਮਹੀਨਿਆਂ ਦੇ ਬਾਅਦ ਹੀ ਉਹ ਇਕ ਪਿੰਡ ਦੇ ਸਕੂਲ ਵਿੱਚ ਡਰਾਇੰਗ ਅਧਿਆਪਕ ਦੀ ਪੋਸਟ ’ਤੇ ਨਿਯੁਕਤ ਹੋਈ। ਅਧਿਆਪਕ ਦੀ ਜ਼ਿੰਮੇਵਾਰੀ ਵਧੀਆ ਨਿਭਾਉਣ ਦੇ ਨਾਲ ਨਾਲ ਉਸ ਲੜਕੀ ਨੇ ਪ੍ਰਾਈਵੇਟ ਤੌਰ ’ਤੇ ਪੜ੍ਹਾਈ ਜਾਰੀ ਰੱਖੀ। ਕਿਉਂਕਿ ਉਹ ਬੀ.ਏ. ਕਰਨ ਬਾਅਦ ਐਲ.ਐਲ.ਬੀ. ਕਰਨੀ ਚਾਹੁੰਦੀ ਸੀ। ਵਕੀਲ ਬਣ ਕੇ ਉਹ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਅਦਾਲਤ ਵਿੱਚੋਂ ਇਨਸਾਫ ਦਿਵਾਉਣ ਦੀ ਇਛੁੱਕ ਸੀ। ਉਸ ਦੀ ਮਾਂ ਅਤੇ ਪਿਤਾ ਨੇ ਉਸ ’ਤੇ ਵਿਆਹ ਕਰਵਾਉਣ ਲਈ ਜ਼ੋਰ ਪਾਇਆ ਪਰ ਉਸ ਨੇ ਉਨ੍ਹਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਸਮਝਾਇਆ ਕਿ ਉਹ ਵਕੀਲ ਬਣਨ ਤੋਂ ਪਹਿਲਾਂ ਵਿਆਹ ਨਹੀਂ ਕਰਵਾਏਗੀ। ਮਾਂ ਬਾਪ ਨੇ ਜ਼ੋਰ ਪਾਉਣਾ ਬੰਦ ਕੀਤਾ। ਭਰਾ ਨੂੰ ਭੁੱਕੀ ਖਾਣ ਦੀ ਪਈ ਆਦਤ ਛੁਡਵਾਉਣ ਲਈ ਉਸ ਨੇ ਪੂਰੀ ਵਾਹ ਲਾਈ ਪਰ ਉਹ ਪੱਕਾ ਅਮਲੀ ਬਣ ਜਾਣ ਕਾਰਨ ਭੁੱਕੀ ਖਾਣੀ ਛੱਡ ਨਾ ਸਕਿਆ। ਉਸ ਲੜਕੀ ਨੇ ਐਲ.ਐਲ.ਬੀ. ਕਰਨ ਬਾਅਦ ਡਰਾਇੰਗ ਅਧਿਆਪਕ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਆਪਣੇ ਪਿੰਡ ਨੇੜਲੀ ਤਹਿਸੀਲ ਦੀਆਂ ਕਚਿਹਰੀਆਂ ਵਿੱਚ ਵਕੀਲ ਦੀ ਹੈਸੀਅਤ ਵਿੱਚ ਪ੍ਰੈਕਟਸ ਕਰਨੀ ਸ਼ੁਰੂ ਕਰ ਦਿੱਤੀ।
ਝ (ਬਾਕੀ ਸਫਾ ਨੰਬਰ 2)
ਬੱਸ ਰਾਹੀਂ ਸਵੇਰੇ ਕਚਹਿਰੀ ਜਾਂਦੀ, ਸ਼ਾਮ ਨੂੰ ਘਰ ਮੁੜਦੀ। ਪਿੰਡਾਂ ਦੇ ਗਰੀਬ ਲੋਕ ਉਸ ਨੂੰ ਦੇਵੀ ਦੇ ਰੂਪ ਵਿੱਚ ਦੇਖਦੇ। ਉਹ ਗਰੀਬ ਲੋਕਾਂ ਕੋਲੋਂ ਨਾ ਮਾਤਰ ਫੀਸ ਲੈਂਦੀ। ਬਹੁਤੇ ਗਰੀਬਾਂ ਕੋਲੋਂ ਫੀਸ ਵੀ ਨਾ ਲੈਂਦੀ ਪਰ ਕੇਸ ਉਨ੍ਹਾਂ ਦੇ ਪੂਰੇ ਮਨ ਅਤੇ ਮਿਹਨਤ ਨਾਲ ਲੜਦੀ। ਸੱਚਾਈ ਅਧਾਰਤ ਵਕਾਲਤ ਕਰਨ ਕਾਰਨ ਕੁਝ ਸਾਲਾਂ ਵਿੱਚ ਈ ਕਚਹਿਰੀਆਂ ਵਿੱਚ ਉਸ ਦੀ ਇੱਜਤ ਵਾਲੀ ਥਾਂ ਬਣ ਗਈ ਸੀ।
ਉਹ ਵਕੀਲ ਲੜਕੀ ਕਚਹਿਰੀਆਂ ਵਿਚਲੀ ਆਪਣੀ ਸਫੈਦ ਕਮੀਜ਼-ਸਲਵਾਰ ਅਤੇ ਕਾਲਾ ਕੋਟ ਪਹਿਨੀ ਬੈਠੀ ਸੀ। ਉਸ ਦੀ ਬੈਠੀ ਬੈਠੀ ਦੀ ਨਜ਼ਰ ਸੁਭਾਵਿਕ, ਵਕੀਲਾਂ ਤੇ ਅਰਜ਼ੀ ਨਵੀਸਾਂ ਦੇ ਅੱਡਿਆਂ ਵਿਚਕਾਰਲੇ ਰਸਤੇ ਵੱਲ ਗਈ। ਉਸ ਰਸਤੇ ਵਿੱਚ ਸਿਪਾਹੀ ਉਸ ਵਕੀਲ ਲੜਕੀ ਦੇ ਅਮਰੀ ਭਰਾ ਨੂੰ ਹੱਥਕੜੀ ਲਾਈ ਲੈ ਕੇ ਆ ਰਹੇ ਸਨ। ਉਹ ਕੁਰਸੀ ਵਿੱਚੋਂ ਉਠ ਕੇ ਉਨ੍ਹਾਂ ਵੱਲ ਗਈ। ਵਕੀਲ ਭੈਣ ਨੂੰ ਦੇਖ ਕੇ ਅਮਲੀ ਭਰਾ ਦੀ ਨੀਵੀਂ ਪੈ ਗਈ। ਉਸ ਨੇ ਉਸ ਕੋਲੋਂ ਪੁੱਛਿਆ,
‘ਕਿਉਂ! ਕਿਸ ਕੇਸ ਵਿਚ ਫੜਿਆ ਗਿਆ ਤੂੰ ਭਰਾਵਾ?’
‘ਵਕੀਲ ਸਾਹਿਬ! ਰਾਜਸਥਾਨ ’ਚੋਂ ਭੁੱਕੀ ਲੈ ਕੇ ਆ ਰਿਹਾ ਸੀ। ਬਠਿੰਡਾ ਰੇਲਵੇ ਸਟੇਸ਼ਨ ’ਤੇ ਸਾਡੀ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਉਥੋਂ ਫੜਿਐ, ਅਸੀਂ ਇਹਨੂੰ।’ ਅਮਲੀ ਭਰਾ ਹੋਰ ਸ਼ਰਮਿੰਦਾ ਹੋਇਆ। ਉਸ ਵਕੀਲ ਲੜਕੀ ਨੇ ਜਦ ਸਿਪਾਹੀਆਂ, ਨੇੜੇ ਦੇ ਵਕੀਲਾਂ, ਅਰਜ਼ੀ ਨਵੀਸਾਂ ਅਤੇ ਹੋਰ ਲੋਕਾਂ ਨੂੰ ਜਦ ਇਹ ਦੱਸਿਆ ਕਿ ਹੱਥਕੜੀ ਨਾਲ ਜਕੜਿਆ ਅਮਲੀ, ਉਸਦਾ ਭਰਾ ਹੈ।… ਤਾਂ ਉਹ ਸਾਰੇ ਬੇਹੱਦ ਹੈਰਾਨ ਹੋਏ। ਵਕੀਲ ਲੜਕੀ ਨੇ ਜੱਜ ਦੇ ਪੇਸ਼ ਹੋ ਕੇ ਅਮਲੀ ਭਰਾ ਦੀ ਜ਼ਮਾਨਤ ਕਰਾਈ।
ਅਮਲੀ ਭਰਾ ਦੇ ਕੇਸ ਦੀਆਂ ਤਰੀਕਾਂ ਪੈਣ ਲੱਗੀਆਂ। ਵਕੀਲ ਭੈਣ ਕੇਸ ਦੀ ਪੈਰਵਾਈ ਕਰਨ ਲਈ ਹਰ ਇੱਕ ਤਾਰੀਕ ’ਤੇ ਹਾਜ਼ਰ ਹੋਣ ਲੱਗੀ। ਜੱਜ ਸਾਹਮਣੇ ਸਰਕਾਰੀ ਵਕੀਲ ਅਤੇ ਵਕੀਲ ਲੜਕੀ ਦਰਮਿਆਨ ਬਹਿਸ ਹੋਣੀ ਸ਼ੁਰੂ ਹੋਈ। ਸਰਕਾਰੀ ਵਕੀਲ ਮੁਲਜ਼ਮ ਨੂੰ ਦੋਸ਼ੀ ਸਿੱਧ ਕਰਨ ਲਈ ਦਲੀਲਾਂ ਦੇਣ ਲੱਗਿਆ। ਸਰਕਾਰੀ ਵਕੀਲ ਦੀਆਂ ਦਲੀਲਾਂ ਦੇ ਜਵਾਬ ਵਿੱਚ ਬੋਲਦੀ ਵਕੀਲ ਲੜਕੀ ਨੇ ਕਿਹਾ,
‘ਬਿਨਾਂ ਸ਼ੱਕ ਏਸ ਕੋਲੋਂ ਡੇਢ ਕਿਲੋਂ ਭੁੱਕੀ ਫੜੀ ਗਈ ਏ। ਜਿਹੜੀ ਇਹ ਖਾਣ ਲਈ ਲੈ ਕੇ ਆ ਰਿਹਾ ਸੀ… ਪਰ ਏਸ ਸੱਚ ਦੇ ਬਾਵਜੂਦ ਵੀ, ਏਹੇ ਮੁਖ ਦੋਸ਼ੀ ਨਹੀਂ ਬਣਦਾ’
‘ਮੁਖ ਦੋਸ਼ੀ ਹੋਰ ਕੌਣ ਬਣਦੈ ਮੈਡਮ ਐਡਵੋਕੇਟ?’ ਅਦਾਲਤ ਦੇ ਕੈਬਨ ਵਿੱਚ ਚੁੱਪ ਬੈਠੇ ਜੱਜ ਨੇ ਵੀਕਲ ਲ਼ੜਕੀ ਵੱਲ ਗਹੁ ਨਾਲ ਤੱਕਦਿਆਂ ਪੁੱਛਿਆ। ਵਕੀਲ ਲ਼ੜਕੀ ਜਵਾਬ ਵਿੱਚ ਬੋਲਣ ਲੱਗੀ,
‘ਮਾਨਯੋਗ ਜੱਜ ਸਾਹਿਬ! ਮੁੱਖ ਦੋਸ਼ੀ ਉਹ ਲੈਂਡ ਲਾਰਡ ਬਣਦੇ ਨੇ… ਜਿਹੜੇ ਵਧੇਰੇ ਕੰਮ ਕਰਵਾਉਣ ਦੇ ਉਦੇਸ਼ ਨਾਲ.. ਗੁਪਤ ਤੌਰ ’ਤੇ ਚਾਹ ’ਚ ਭੁੱਕੀ ਮਿਲਾ ਕੇ ਏਸ ਨੂੰ ਪਿਲਾਉਂਦੇ ਰਹੇ ਹਨ। ਭੁੱਕੀ ਮਿਲੀ ਚਾਹ ਪੀਂਦਾ ਪੀਂਦਾ ਇਹ ਅਮਲੀ ਬਣਿਆਂ।.. ਅਮਲ ਪੂਰਾ ਕਰਨ ਲਈ ਰਾਜਸਥਾਨ ਵਿੱਚੋਂ ਭੁੱਕੀ ਲੈ ਕੇ ਆਇਆ… ਫੜਿਆ ਗਿਆ।
‘ਮੈਡਮ ਐਡਵੋਕੇਟ ਦੀ ਲੌਜ਼ਕ, ਹਜ਼ੂਰ’ ਬੇਸਲੈਸ ਹੈ.. ਕਿਉਂੁਕਿ ਮੈਡਮ ਐਡਵੋਕੇਟ ਆਪਣੀ ਇਸ ਲੌਜਕ ਨੂੰ ਪਰੂਵ ਕਰਨ ਲਈ ਕਨਕਰੀਟ ਫੈਕਟਸ ਪੇਸ਼ ਨਹੀਂ ਕਰ ਸਕਦੀ।’
‘ਠੋਸ ਸਬੂਤ ਮਾਨਯੋਗ ਜੱਜ ਸਾਹਿਬ! ਮੈਂ ਹਾਂ। ਇਹ ਮੇਰਾ ਅਮਲੀ ਭਰਾ ਹੈ।’
‘ਇਹ ਤੁਹਾਡਾ ਬ੍ਰਾਦਰ ਹੈ? ਜੱਜ ਨੇ ਹੈਰਾਨੀ ਭਰੇ ਅੰਦਾਜ਼ ’ਚ ਸਵਾਲ ਕੀਤਾ।
ਮੈਡਮ ਵਕੀਲ ਨੇ ਬਿਨਾਂ ਝਿਜਕੇ ਜ਼ੁਅਰੱਤ ਨਾਲ ਜਵਾਬ ਦਿੱਤਾ।
‘ਹਾਂ! ਸਰ!! ਏਹ ਮੇਰਾ ਰੀਅਰ ਬ੍ਰਾਦਰ ਹੈ।’
‘ਤੁਸੀਂ ਇਸ ਨੂੰ ਇਸ ਰਾਹ ਪੈਣ ਤੋਂ ਰੋਕਿਆ?’
‘ਸਰ ! ਕੁਝ ਮਹੀਨੇ ਤਾਂ ਸਾਨੂੰ ਇਸ ਦੇ, ਇਸ ਰਾਹ ਪੈਣ ਬਾਰੇ ਪਤਾ ਈ ਨਹੀਂ ਲੱਗਿਆ ਸੀ… ਇਸ ਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਿਆ ਸੀ। ਪਤਾ ਲੱਗਣ ’ਤੇ ਅਸੀਂ ਇਸ ਦੀ ਭੁੱਕੀ ਖਾਣ ਦੀ ਹੈਬਿਟ ਨੂੰ ਛੁਡਾਉਣ ਦੀ ਟਰਾਈ ਵੀ ਕੀਤੀ। ਪਰ ਟਰਾਈ ਸਫਲ ਨਾ ਹੋਈ ਕਿਉਂਕਿ ਇਹ ਭੁੱਖੀ ਖਾਣ ਦਾ ਆਦੀ ਬਣ ਚੁੱਕਿਆ ਸੀ।’
‘ਫੇਰ ਇਹ ਮੁਜ਼ਰਮ ਤਾਂ ਹੈ ਈ?’
‘ਮਾਨਯੋਗ ਜੱਜ ਸਾਹਿਬ ! ਮੁਜ਼ਰਮ ਹੈ.. ਪਰ ਦੂਸਰੇ ਨੰਬਰ ਦਾ.. ਪਹਿਲੇ ਨੰਬਰ ਦਾ ਮੁਜ਼ਰਮ ਇਹ ਚੌਧਰੀ ਬਣਦਾ ਹੈ.. ਜਿਸ ਨੇ ਇਸ ਨੂੰ ਭੁੱਕੀ ਖਾਣ ਦੀ ਆਦਤ ਪਾਈ।’
‘ਅਗਰ ਤੁਹਾਡੀ ਲੌਜਕ ਠੀਕ ਵੀ ਮੰਨ ਲਈ ਜਾਵੇ.. ਪਰੰਤੂ ਕਾਨੂੰਨ ਮੁਤਾਬਿਕ ਸਜ਼ਾ ਦਾ ਹੱਕਦਾਰ ਇਹੋ ਬਣਦਾ ਹੈ। ’
‘ਸਜ਼ਾ ਦਾ ਹੱਕਦਾਰ, ਮੁੱਖ ਮੁਜ਼ਰਮ, ਚੌਧਰੀ ਕਿਉਂ ਨਹੀਂ ਬਣਦਾ?’
‘ਕਿਉਂਕਿ ਭੁੱਕੀ ਚੌਧਰੀ ਕੋਲੋਂ ਨਹੀਂ ਫੜੀ ਗਈ।.. ਕਾਨੂੰਨ ਦੀ ਨਜ਼ਰ ਵਿੱਚ ਸਜ਼ਾ ਦਾ ਹੱਕਦਾਰ ਉਹੀ ਹੁੰਦਾ ਏ ਜਿਹੜਾ ਮੌਕੇ ’ਤੇ ਫੜਿਆ ਜਾਵੇ।’ ਜੱਜ ਨੇ ਬੋਲਣੋ ਬੰਦ ਹੋ ਕੇ ਕੇਸ ਦੀ ਫੈਸਲੇ ਦੀ ਅਗਲੀ ਤਾਰੀਕ ਦਿੱਤੀ। ਫੈਸਲੇ ਵਾਲੀ ਤਾਰੀਕ ਵਾਲੇ ਦਿਨ ਜੱਜ ਨੇ ਮੈਡਮ ਵਕੀਲ ਦੇ ਅਮਲੀ ਭਰਾ ਨੂੰ ਪੰਜ ਸੌ ਰੁਪਈਆ ਜੁਰਮਾਨਾ ਕੀਤਾ। ਮੁੱਖ ਦੋਸ਼ੀ ਨੂੰ ਬਰੀ ਕਰਨ ਵਾਲਾ ਜੱਜ ਦਾ ਫੈਸਲਾ ਮੈਡਮ ਵਕੀਲ ਨੂੰ ਬੇਚੈਨ ਕਰਨ ਲੱਗਿਆ। ਉਹ ਮੁੱਖ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲਾ ਕਾਨੂੰਨ ਲੱਭਣ ਲਈ ਕਾਨੂੰਨ ਦੀਆਂ ਮੋਟੀਆਂ ਮੋਟੀਆਂ ਕਿਤਾਬਾਂ ਫਰੋਲਣ ਲੱਗੀ ਪਰ ਮੁੱਖ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲਾ ਕਾਨੂੰਨ ਉਸ ਨੂੰ ਕਾਨੂੰਨਾਂ ਦੀ ਕਿਸੇ ਪੁਸਤਕ ਵਿੱਚੋਂ ਨਾ ਲੱਭਿਆ।


