ਚੰਡੀਗੜ੍ਹ, 25 ਜੁਲਾਈ (ਪੀ. ਟੀ)- ਜ਼ੀਰਕਪੁਰ ਨੇੜਲੇ ਪਿੰਡ ਦਿਆਲਪੁਰਾ ਵਿਖੇ ਅਪੰਗ ਵਿਅਕਤੀਆਂ ਦੀਆਂ ਖੇਡਾਂ ਲਈ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਖੇਡ ਕੇਂਦਰ ਸਥਾਪਤ ਕਰਨ ਲਈ ਅੱਜ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨਾਲ ਸਮਝੌਤਾ ਸਹੀਬੱਧ ਕੀਤਾ। ਸਨਅਤ ਤੇ ਵਣਜ ਵਿਭਾਗ ਅਤੇ ਨਿਵੇਸ਼ ਪ੍ਰੋਤਸਾਹਨ ਬਿਊਰੋ ਦੇ ਮੁੱਖ ਸੰਸਦੀ ਸਕੱਤਰ ਅਤੇ ਡੇਰਾ ਬੱਸੀ ਹਲਕੇ ਦੇ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ ਦੀ ਹਾਜ਼ਰੀ ਵਿੱਚ ਕੇਂਦਰੀ ਸਮਾਜਕ ਨਿਆਂ ਤੇ ਇੰਪਾਵਰਮੈਂਟ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀ ਅਵਨੀਸ਼ ਕੁਮਾਰ ਅਵਸਥੀ ਅਤੇ ਜ਼ੀਰਕਪੁਰ ਮਿਊਂਸੀਪਲ ਕੋਂਸਲ ਦੇ ਕਾਰਜਕਾਰੀ ਅਧਿਕਾਰੀ ਸ੍ਰੀ ਪਰਵਿੰਦਰ ਸਿੰਘ ਸਰਾਉ ਨੇ ਸਮਝੌਤੇ ’ਤੇ ਹਸਤਾਖ਼ਰ ਕੀਤੇ। ਇਸ ਮੌਕੇ ਡਾ. ਧਰਮਿੰਦਰ ਕੁਮਾਰ,
ਡਾਇਰੈਕਟਰ, ਆਈ.ਪੀ.ਐਚ., ਭਾਰਤ ਸਰਕਾਰ ਵੀ ਉਚੇਚੇ ਤੌਰ ’ਤੇ ਮੌਜੂਦ ਰਹੇ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਸੰਸਦੀ ਸਕੱਤਰ ਸ੍ਰੀ ਸ਼ਰਮਾ ਨੇ ਦੱਸਿਆ ਕਿ ਸਮਝੌਤੇ ਤਹਿਤ ਇਸ ਅਤਿ-ਆਧੁਨਿਕ ਖੇਡ ਕੇਂਦਰ ਦੀ ਸਥਾਪਤੀ ਲਈ ਪਿੰਡ ਦਿਆਲਪੁਰਾ ਵਿਖੇ 10 ਏਕੜ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ ਜਿਸ ਉਪਰ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਅਪੰਗ ਵਿਅਕਤੀਆਂ ਦਾ ਕੌਮਾਂਤਰੀ ਪੱਧਰ ਦਾ ਖੇਡ ਕੇਂਦਰ ਸਥਾਪਤ ਕੀਤਾ ਜਾਵੇਗਾ।



