ਹੇਮਕੁੰਟ ਸਾਹਿਬ, 23 ਜੁਲਾਈ (ਪੀ. ਟੀ)- ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਮੌਸਮ ਦੀ ਖਰਾਬੀ ਤੋਂ ਬਾਅਦ ਸੂਬਾ ਸਰਕਾਰ ਵਲੋਂ ਚਾਰ ਦਿਨ ਤੱਕ ਯਾਤਰਾ ਮੁਲਤਵੀ ਰੱਖਣ ਤੋਂ ਬਾਅਦ ਬੁੱਧਵਾਰ ਨੂੰ ਮੁੜ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ, ਜਦੋਂ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਬਾਇਓਮੈਟ੍ਰਿਕ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਲਗਾਤਾਰ ਜਥਿਆਂ ਦਾ ਆਉਣਾ ਜਾਰੀ ਹੈ ਤੇ ਅੱਜ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸੈਂਕੜੇ ਸੰਗਤਾਂ ਨੇ ਅਰਦਾਸ ਕਰਵਾ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ-ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਦਾ ਕਿਹਾ ਹੈ ਕਿ ਰਾਜ
ਸਰਕਾਰ ਵਲੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਿਨਾਂ ਕਿਸੇ ਕਾਰਨ ਮੁਲਤਵੀ ਕੀਤੀ ਗਈ ਸੀ। ਰਿਸ਼ੀਕੇਸ਼ ਤੋਂ ਲੈ ਕੇ ਗੋਬਿੰਦ ਘਾਟ ਤੱਕ ਦਾ ਰਸਤਾ ਪੂਰੀ ਤਰ੍ਹਾਂ ਠੀਕ ਸੀ ਤੇ ਬਦਰੀਨਾਥ ਲਈ ਲਾਮਬਗੜ ‘ਚ ਜ਼ਮੀਨ ਖਿਸਕਣ ਕਾਰਨ ਰਸਤਾ ਬੰਦ ਹੋ ਗਿਆ ਸੀ, ਜਦੋਂ ਕਿ ਸਰਕਾਰ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਮੁਲਤਵੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸੰਕਟ ਤੋਂ ਬਾਅਦ ਯਾਤਰਾ ਮਾਰਗਾਂ ਨੂੰ ਠੀਕ ਕਰਨ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਪਰ ਥੋੜ੍ਹਾ ਮੌਸਮ ਖਰਾਬ ਹੋਣ ਕਾਰਨ ਰਾਜ ਸਰਕਾਰ ਨੇ ਯਾਤਰਾ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਜਿਸ ਦਾ ਗਲਤ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਤੱਕ ਥਾਂ-ਥਾਂ ਆਪਣੇ ਗੁਰਦੁਆਰਿਆਂ ‘ਚ ਸੰਗਤਾਂ ਦੇ ਰਹਿਣ, ਖਾਣ-ਪੀਣ ਤੇ ਮੁਫ਼ਤ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਰਾਜ ਸਰਕਾਰ ਨੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮੁਲਤਵੀ ਕਰ ਦਿੱਤੀ। ਸ੍ਰੀ ਬਿੰਦਰਾ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮਾਰਗ ਪੂਰੀ ਤਰ੍ਹਾਂ ਠੀਕ ਤੇ ਸੁਰੱਖਿਅਤ ਹੈ।



