ਨਵੀਂ ਦਿੱਲੀ, 22 ਜੁਲਾਈ (ਪੀ. ਟੀ)- ਯੂ. ਪੀ. ਏ. ਸਰਕਾਰ ਸਮੇਂ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਇਕ ਜੱਜ ਨੂੰ ਅਹੁਦੇ ‘ਤੇ ਬਣੇ ਰਹਿਣ ਦੇਣ ਨੂੰ ਲੈਕੇ ਦੇਸ਼ ਦੇ 3 ਚੀਫ ਜਸਟਿਸਾਂ ਦੇ ਗੈਰ ਵਾਜ਼ਬ ਸਮਝੌਤੇ ਕਰਨ ਦਾ ਦੋਸ਼ ਲਗਾਉਣ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਇਨ੍ਹਾਂ ‘ਚੋਂ ਇਕ ਸਾਬਕਾ ਚੀਫ ਜਸਟਿਸ ਸੇਵਾ ਮੁਕਤ ਆਰ ਸੀ ਲਾਹੌਟੀ ਦੇ ਸਾਹਣੇ ਇਸ ਮੁੱਦੇ ‘ਤੇ 6 ਸਵਾਲ ਖੜੇ ਕੀਤੇ ਹਨ। ਕਾਟਜੂ ਨੇ ਸਵਾਲ ਕੀਤਾ ਕਿ ਕੀ ਵਧੀਕ ਜਸਟਿਸ ਖਿਲਾਫ ਆਈ ਬੀ ਦੀ ਮੁਖਾਲਫਤ ਵਾਲੀ ਰਿਪੋਰਟ ਮਿਲਣ ਤੋਂ ਬਾਅਦ ਉਦੋਂ ਦੇ ਚੀਫ ਜਸਟਿਸ ਲਾਹੌਟੀ ਨੇ 3 ਜੱਜਾਂ ਵਾਲੇ ਸੁਪਰੀਮ ਕੋਰਟ ਦੇ ਕਾਲੇਜੀਅਮ ਦੀ ਬੈਠਕ ਨਹੀਂ ਬੁਲਾਈ ਸੀ? ਜਿਸ ‘ਚ ਉਹ ਖੁਦ, ਜਸਟਿਸ ਵਾਈ ਕੇ ਸੱਭਰਵਾਲ ਤੇ ਜਸਟਿਸ ਰੂਮਾ
ਪਾਲ ਸ਼ਾਮਿਲ ਸਨ ਤੇ ਆਈ ਬੀ ਰਿਪੋਰਟ ‘ਤੇ ਗੌਰ ਕਰਦੇ ਹੋਏ ਕਾਲੋਜੀਏਮ ਨੇ ਭਾਰਤ ਸਰਕਾਰ ਤੋਂ ਵਧੀਕ ਜੱਜ ਦਾ ਦੋ ਸਾਲ ਦਾ ਕਾਰਜਕਾਲ ਨਾ ਵਧਾਉਣ ਦੀ ਸਿਫਾਰਿਸ਼ ਕੀਤੀ ਸੀ? ਭਾਰਤੀ ਪ੍ਰੈਸ ਕੌਂਸਲ ਦੇ ਪ੍ਰਧਾਨ ਕਾਟਜੂ ਨੇ ਆਪਣੇ ਬਲਾਗ ਵਿਚ ਲਾਹੌਟੀ ਦੇ ਸਾਹਮਣੇ ਇਹ ਸਵਾਲ ਖੜੇ ਕੀਤੇ ਹਨ। ਕਾਟਜੂ ਨੇ ਸਵਾਲ ਕੀਤਾ ਕਿ ਕੀ ਇਹ ਸਹੀ ਨਹੀਂ ਹੈ ਕਿ 3 ਜੱਜਾਂ ਵਾਲੇ ਸੁਪਰੀਮ ਕੋਰਟ ਦੇ ਕਾਲੇਜੀਅਮ ਦੀ ਸਿਫਾਰਿਸ਼ ਸਰਕਾਰ ਨੂੰ ਭੇਜੀ ਗਈ ਤਾਂ ਇਸ ਤੋਂ ਬਾਅਦ ਉਨ੍ਹਾਂ (ਲਾਹੌਟੀ) ਨੇ ਕਾਲੇਜੀਅਮ ਦੇ ਆਪਣੇ ਦੋ ਸਾਥੀ ਜੱਜਾਂ ਨਾਲ ਵਿਚਾਰ ਵਟਾਂਦਰਾ ਕੀਤੇ ਬਗੈਰ ਆਪਣੀ ਤਰਫੋਂ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਕਿ ਸਰਕਾਰ ਸਬੰਧਤ ਜੱਜ ਨੂੰ ਵਧੀਕ ਜੱਜ ਵਜੋਂ ਇਕ ਸਾਲ ਦਾ ਕਾਰਜਕਾਲ ਹੋਰ ਦੇਵੇ।



