ਚੰਡੀਗੜ੍ਹ, 21 ਜੁਲਾਈ (ਪੀ. ਟੀ)- ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਇਕ ਡਰੱਗ ਸਮਗਲਰ ਵਲੋਂ ਪੁਸ਼ਤ ਪਨਾਹੀ ਕਰਨ ਲਈ ਨਾਂ ਲਏ ਜਾਣ ਦੇ ਮੁੱਦੇ ਤੇ ਅੱਜ ਸੱਤਾਧਾਰੀ ਤੇ ਵਿਰੋਧੀ ਧਿਰ ਦਰਮਿਆਨ ਵਿਧਾਨ ਸਭਾ ਚ ਜਬਰਦਸਤ ਹੰਗਾਮਾ ਹੋਇਆ? ਇਸ ਹੰਗਾਮੇ ਦੌਰਾਨ ਜਿਥੇ ਵਿਰੋਧੀ ਧਿਰ ਇਸ ਨੂੰ ਬਦਲਾਲਊ ਕਾਰਵਾਈ ਗਰਦਾਨਦੀ ਰਹੀ, ਉਥੇ ਸੁਖਬੀਰ ਬਾਦਲ ਵਲੋਂ ਕਿਸੇ ਵੀ ਕਿਸਮ ਦੀ ਬਦਲਾਖੋਰੀ ਤੋਂ ਇਨਕਾਰ ਕੀਤਾ ਗਿਆ। ਇਸ ਦੌਰਾਨ ਰਾਜਾ ਵੜਿੰਗ ਨੇ ਆਪਣੀ ਸਫਾਈ ਲਈ ਭਾਵੁਕ ਤਕਰੀਰ ਕੀਤੀ, ਉਥੇ ਕੈਬਨਟ ਮੰਤਰੀ ਬਿਕਰਮ ਮਜੀਠੀਆ ਨੇ ਵੀ ਕਾਂਗਰਸੀਆਂ ਵਲੋਂ ਉਨ੍ਹਾਂ ਦਾ ਨਾਂਅ ਉਛਾਲੇ ਜਾਣ ਦੇ ਮਾਮਲੇ ਪ੍ਰਤੀ ਅੱਜ ਕਾਫੀ ਭਾਵੁਕ ਤਕਰੀਰ ਕੀਤੀ। ਸਿਫਰ ਕਾਲ ਦੌਰਾਨ ਅੱਜ ਵਿਰੋਧੀ ਧਿਰ ਕਾਂਗਰਸ ਦੇ ਆਗੂ ਸੁਨੀਲ ਜਾਖੜ ਨੇ ਹਾਊਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ
ਵੜਿੰਗ ਦਾ ਨਾਂਅ ਅਖਬਾਰਾਂ ਚ ਛਪਿਆ ਕਿ ਉਹ ਇਕ ਡਰੱਗ ਸਮਗਲਰ ਦੀ ਪੁਸ਼ਤਪਨਾਹੀ ਕਰ ਰਹੇ ਹਨ? ਇਹ ਦੋਸ਼ ਬਿਲਕੁਲ ਝੂਠੇ ਤੇ ਨਿਰਅਧਾਰ ਹਨ ਤੇ ਸਿਆਸੀ ਬਦਲਾਖੋਰੀ ਤਹਿਤ ਇਹ ਕਾਰਵਾਈ ਹੋਈ ਹੈ? ਜਾਖੜ ਨੇ ਕਿਹਾ ਕਿ ਇਸੇ ਤਰਜ ਤੇ ਮਜੀਠੀਆ ਦਾ ਨਾਂਅ ਵੀ ਇਕ ਦੋਸ਼ੀ ਵਲੋਂ ਲਿਆ ਗਿਆ ਸੀ ਪਰ ਸਰਕਾਰ ਵਲੋਂ ਉਸ ਮਾਮਲੇ ਤੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ? ਅਸੀਂ ਚਾਹੁੰਦੇ ਹਾਂ ਕਿ ਮਾਮਲੇ ਦੀ ਨਿਰਪੱਖ ਸੀਬੀਆਈ ਜਾਂ ਸਿਟਿੰਗ ਜੱਜ ਤੋਂ ਜਾਂਚ ਹੋਵੇ?
ਜਾਖੜ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਉਠੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਬੀਤੇ ਦਿਨ ਬਾਹਰ ਸੀ ਤੇ ਅੱਜ ਸਵੇਰੇ ਹੀ ਇਹ ਖਬਰ ਬਾਰੇ ਪਤਾ ਲੱਗਾ। ਇਸ ਦੌਰਾਨ ਵੜਿੰਗ ਵਲੋਂ ਵੀ ਮੈਨੂੰ ਕਈ ਵਾਰ ਫੋਨ ਕੀਤੇ ਗਏ? ਮੈਂ ਡੀਜੀਪੀ ਪੰਜਾਬ ਤੋਂ ਮਾਮਲੇ ਬਾਰੇ ਜਾਣਕਾਰੀ ਮੰਗੀ ਹੈ ਤੇ ਹਾਊਸ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕੋਈ ਵੀ ਬਦਲਾਖੋਰੀ ਦੀ ਕਾਰਵਾਈ ਨਹੀਂ ਕੀਤੀ ਜਾਵੇਗੀ। ਸੁਖਬੀਰ ਨੇ ਕਿਹਾ ਕਿ ਪਿਛਲੇ 7 ਸਾਲਾਂ ਤੋਂ ਸਾਡੀ ਸਰਕਾਰ ਹੈ ਜੇ ਬਦਲਾਖੋਰੀ ਦੀ ਕਾਰਵਾਈ ਕਰਨੀ ਹੁੰਦੀ ਤਾਂ ਹੁਣ ਨੂੰ ਕਾਫੀ ਕੁਝ ਕੀਤਾ ਜਾ ਸਕਦਾ ਸੀ। ਸੁਖਬੀਰ ਨੇ ਪੰਜਾਬ ਪੁਲਿਸ ਦੀ ਪਿਠ ਥਾਪੜਦਿਆਂ ਕਿਹਾ ਕਿ ਸਭ ਤੋਂ ਵੱਡੀ ਲੜਾਈ ਨਸ਼ਿਆਂ ਖਿਲਾਫ ਪੰਜਾਬ ਪੁਲਿਸ ਲੜ ਰਹੀ ਹੈ। ਜਿਸ ਦੋਸ਼ੀ ਬਾਰੇ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਹਰਿਆਣਾ ਚੋਂ ਫੜਿਆ ਗਿਆ। ਇਸ ਦੌਰਾਨ ਰਾਜਾ ਵੜਿੰਗ ਨੇ ਆਪਣੀ ਸਫਾਈ ਚ ਖੜੇ ਹੁੰਦਿਆਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੇਰੇ ਤੇ ਇਹ ਦੋਸ਼ ਕਿਸ ਤਰ੍ਹਾਂ ਲਾਏ ਗਏ ਹਨ। ਕਿਹਾ ਗਿਆ ਹੈ ਕਿ ਦੋਸ਼ੀ ਦੀ ਮੈਂ ਪੁਸ਼ਤਪਨਾਹੀ ਕਰਦਾ ਹਾਂ ਤੇ ਉਸ ਵਲੋਂ ਮੈਨੁੰ ਚੋਣ ਫੰਡ ਵੀ ਦਿਤਾ ਗਿਆ ਸੀ। ਅੱਜ ਸਭ ਮੈਨੂੰ ਇੰਝ ਦੇਖ ਰਹੇ ਸਨ ਕਿ ਜਿਵੇਂ ਮੈਂ ਮੁਜਰਮ ਹੋਵਾਂ? ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਮਾਮਲੇ ਦੀ ਸੀਬੀਆਈ ਜਾਂ ਸਿਟਿੰਗ ਜੱਜ ਤੋਂ ਜਾਂਚ ਕਰਵਾ ਲਿਓ ਤੇ ਜੇਕਰ ਮੈਂ ਦੋਸ਼ੀ ਪਾਇਆ ਗਿਆ ਤਾਂ ਮੈਂ ਸਿਆਸਤ ਹੀ ਨਹੀਂ ਛੱਡਾਂਗਾ ਬਲਕਿ ਦੁਨੀਆ ਛੱਡ ਜਾਵਾਂਗਾ। ਪਰ ਜਾਂਚ ਸੱਤਾਧਾਰੀਆਂ ਦੀ ਵੀ ਹੋਵੇ। ਇਸ ਦੌਰਾਨ ਬਿਕਰਮ ਮਜੀਠੀਆ ਨੇ ਆਪਣੀ ਸੀਟ ਤੇ ਖਲੋਂਦਿਆਂ ਕਿਹਾ ਕਿ ਵੜਿੰਗ ਸਾਹਿਬ ਅਜੇ ਤਾਂ 2 ਦਿਨ ਹੀ ਹੋਏ ਹਨ ਤੇ ਮੇਰੇ ਤਾਂ ਤੁਹਾਡੇ ਵਲੋਂ 6 ਮਹੀਨਿਆਂ ਤੋਂ ਅਜਿਹੇ ਹੀ ਦੋਸ਼ ਲਾਏ ਜਾ ਰਹੇ ਹਨ। ਮੇਰੀ ਕੀ ਹਾਲਤ ਹੋਵੇਗੀ ਕੋਈ ਅੰਦਾਜਾ ਹੈ ਤੁਹਾਨੂੰ। ਇਸ ਦੌਰਾਨ ਮੇਰੀ ਰਾਤਾਂ ਦੀ ਨੀਂਦ ਵੀ ਉੜ ਗਈ ਤੇ ਮੇਰੇ ਪਰਿਵਾਰ ਦਾ ਜੋ ਹਾਲ ਹੋਇਆ ਉਹ ਮੈਂ ਹੀ ਜਾਣਦਾ ਹਾਂ। ਮਜੀਠੀਆ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਨ੍ਹਾਂ ਦੋਸ਼ਾਂ ਕਾਰਨ ਮੇਰੀ ਮਾਂ ਦੀ ਸਿਹਤ ਐਨੀ ਗੰਭੀਰ ਹੋ ਗਈ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੈ। ਮਜੀਠੀਆ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦੇ ਹਨ ਜਿਨਾਂ ਨੇ ਇਸ ਮਾਮਲੇ ਤੇ ਸਿਆਸਤ ਨਹੀਂ ਕੀਤੀ ਤੇ ਬਿਆਨ ਵੀ ਦਿਤਾ ਹੈ ਕਿ ਜਦੋਂ ਤਕ ਦੋਸ਼ ਸਾਬਤ ਨਾ ਹੋ ਜਾਣ ਕੁਝ ਨਹੀਂ ਕਿਹਾ ਜਾ ਸਕਦਾ। ਮਜੀਠੀਆ ਨੇ ਜਾਖੜ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੋ ਮੇਰੇ ਨਾਲ ਪਿਛਲੇ 2 ਮਹੀਨਿਆਂ ਤੋਂ ਕੀਤਾ ਜਾ ਰਿਹਾ ਹੈ ਉਹ ਹੋਰ ਕੁਝ ਨਹੀਂ ਸਿਸਟਮ ਨਾਲ ਕੀਤਾ ਜਾ ਰਿਹਾ ਮਜਾਕ ਹੀ ਹੈ। ਤੁਸੀ ਸੀਬੀਆਈ ਦੀ ਜਾਂ ਸਿਟਿੰਗ ਜੱਜ ਦੀ ਜਾਂਚ ਦੀ ਮੰਗ ਕਰ ਰਹੇ ਹੋ। ਕੀ ਤੁਹਾਡੇ ਪ੍ਰਧਾਨ ਪ੍ਰਤਾਪ ਬਾਜਵਾ ਤੇ ਹੋਰ ਵੀ ਕਈ ਲੋਕ ਹਾਈਕੋਰਟ ਚ ਨਹੀਂ ਗਏ ਸਨ। ਹਾਈਕੋਰਟ ਦੀ ਚੀਫ ਜਸਟਿਸ ਤੋਂ ਵੱਡੀ ਅਥਾਰਟੀ ਤਾਂ ਕੋਈ ਨਹੀਂ ਹੋਵੇਗੀ? ਉਨ੍ਹਾਂ ਨੇ ਤੁਹਾਡੀ ਅਪੀਲ ਨੂੰ ਰੱਦ ਕਰਦਿਆਂ ਸਾਫ ਕਿਹਾ ਸੀ ਕਿ ਅਦਾਲਤ ਨੂੰ ਸਿਆਸਤ ਦਾ ਅਖਾੜਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਚ ਕਾਂਗਰਸ ਦੀ ਸਰਕਾਰ ਸੀ ਤੇ 5-5 ਕੇਂਦਰੀ ਏਜੰਸੀਆਂ ਵਲੋਂ ਮੇਰੇ ਖਿਲਾਫ ਜਾਂਚ ਕੀਤੀ ਗਈ ਤੇ ਕਿਤੇ ਵੀ ਮੇਰਾ ਨਾਂਅ ਸਾਹਮਣੇ ਨਹੀਂ ਆਇਆ? ਫੇਰ ਕਿਸ ਗੱਲ ਦੇ ਦੋਸ਼ ਲਾ ਰਹੇ ਹੋ? ਕੀ ਇਹ ਦੋਸ਼ ਸਿਆਸਤ ਤੋਂ ਪ੍ਰੇਰਤ ਨਹੀਂ ਸਨ?
ਮਜੀਠੀਆ ਨੇ ਜਾਖੜ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ 2002 ਚ ਜਗਦੀਸ਼ ਭੋਲੇ ਨੂੰ ਕਿਸ ਨੇ ਛੱਡਿਆ ਸੀ। 10 ਪੇਸ਼ੀਆਂ ਤੇ ਉਹ ਕੁਝ ਨਹੀਂ ਬੋਲਿਆ ਤੇ 11 ਤੇ ਪੱਤਰਕਾਰਾਂ ਨੂੰ ਇਹ ਫੋਨ ਆ ਰਹੇ ਹਨ ਕਿ ਭੋਲਾ ਅੱਜ ਕੋਈ ਵੱਡਾ ਖੁਲਾਸਾ ਕਰੇਗਾ। ਪੱਤਰਕਾਰਾਂ ਨੂੰ ਇਹ ਫੋਨ ਕਿਸ ਨੇ ਕਰਾਏ। ਹਿਰਾਸਤੀ ਮੁਲਜਮ ਕੀ ਕਰਨ ਜਾ ਰਿਹਾ ਹੈ ਇਸ ਬਾਰੇ ਪਹਿਲਾਂ ਜਾਣਕਾਰੀ ਕਿਸ ਤਰ੍ਹਾਂ ਮਿਲ ਗਈ। ਮੈਂ ਸਮੂਹ ਮੈਂਬਰਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਸਿਆਸਤ ਤੋਂ ਪ੍ਰੇਰਤ ਅਜਿਹੇ ਦੋਸ਼ ਨਾ ਲਾਏ ਜਾਣਇਨ੍ਹਾਂ ਦੋਸ਼ਾਂ ਕਾਰਨ ਮੇਰੀ ਮਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਇਸ ਦੌਰਾਨ ਸੱਤਾਧਾਰੀਆਂ ਤੇ ਵਿਰੋਧੀਆਂ ਵਲੋਂ ਇਕ ਦੂਜੇ ਨੂੰ ਮਿਹਣੇ ਮਾਰੇ ਗਏ। ਮਿਹਣਿਆਂ ਚ ਵਿਰੋਧੀ ਧਿਰ ਵਲੋਂ ਜਿਥੇ ਕਿਹਾ ਜਾ ਰਿਹਾ ਸੀ ਕਿ ਬਦਲਾਖੋਰੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਸੱਤਾਧਾਰੀਆਂ ਦਾ ਕਹਿਣਾ ਸੀ ਕਿ ਹੁਣ ਆਪਣੇ ਤੇ ਆਈ ਤਾਂ ਗੱਲ ਬਦਲਾਖੋਰੀ ਦੀ ਹੋ ਗਈ?
ਇਸ ਦੌਰਾਨ ਲਾਲ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਐਸ ਐਸ ਪੀ ਮਾਨਸਾ ਨੇ ਕਿਸ ਤਰ੍ਹਾਂ ਇਕ ਐਮ ਐਲ ਏ ਦੇ ਵਿਰੁਧ ਪ੍ਰੈਸ ਕਾਨਫਰੰਸ ਕਰ ਦਿਤੀ। ਅਸੀਂ ਚੁਣੇ ਹੋਏ ਵਿਧਾਇਕ ਹਾਂ ਤੇ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ। ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਵੜਿੰਗ ਦੀ ਗੱਲ ਨਾਲ ਵੀ ਸਹਿਮਤ ਹਨ ਤੇ ਮਜੀਠੀਆ ਦੀ ਗੱਲ ਨਾਲ ਵੀ। ਚੁਣੇ ਹੋਏ ਐਮ ਐਲ ਏ ਐਮ ਪੀ ਦਾ ਰੁਤਬੇ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਤੇ ਹਾਊਸ ਨੂੰ ਇਹ ਸੁਨਿਸ਼ਚਤ ਕਰਨਾ ਚਾਹੀਦਾ ਹੈ ਕਿ ਕਿਸੇ ਦਾ ਵੀ ਨਾਂਅ ਇਸ ਤਰਾਂ ਨਾ ਉਛਾਲਿਆ ਜਾਵੇ।



