ਨਵੀਂ ਦਿੱਲੀ, (ਪੀ. ਟੀ)- ਦੇਸ਼ ਵਿਚ ਘੱਟ ਮਾਨਸੂਨ ਦੇ ਕਾਰਨ ਮੀਂਹ ਘੱਟ ਪੈਣ ਅਤੇ ਬਿਜਲੀ ਸਪਲਾਈ ਦੀ ਕਮੀ ਤੋਂ ਪਹਿਲਾਂ ਹੀ ਗਰਮੀ ਨਾਲ ਪ੍ਰੇਸ਼ਾਨ ਚੱਲ ਰਹੇ ਲੋਕਾਂ ਲਈ ਇਕ ਬੁਰੀ ਖਬਰ ਹੈ। ਕੋਲਾ ਸਪਲਾਈ ਦੇ ਸੰਕਟ ਨਾਲ ਜੂਝ ਰਹੀ ਬਿਜਲੀ ਪਲਾਂਟਾਂ ਵਿਚ ਭੰਡਾਰ ਘੱਟ ਹੋਣ ਦੇ ਕਾਰਨ ਦੇਸ਼ ਦੇ ਅੱਧੇ ਹਿੱਸੇ ਵਿਚ ਬਲੈਕ ਆਊਟ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ।ਦੇਸ਼ ਦੇ ਕਰੀਬ 50 ਫੀਸਦੀ ਤਾਪ ਬਿਜਲੀ ਘਰ ਕੋਲੇ ਦੇ ਸੰਕਟ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਇਨ੍ਹਾਂ ਦੇ ਕੋਲ 7 ਦਿਨ ਤੋਂ ਘੱਟ ਦਾ ਵੀ ਕੋਲਾ ਭੰਡਾਰ ਹੈ। ਇਨ੍ਹਾਂ ਵਿਚ ਜਨਤਕ ਖੇਤਰ ਦੀ ਐੱਨ. ਟੀ. ਪੀ. ਸੀ. ਦੇ ਬਿਜਲੀ ਘਰ ਵੀ ਸ਼ਾਮਲ ਹਨ। ਕੇਂਦਰੀ ਬਿਜਲੀ ਅਥਾਰਟੀ (ਸੀ. ਈ. ਏ.) ਦੇ 15 ਜੁਲਾਈ ਤਕ ਦੇ ਅੰਕੜਿਆਂ ਅਨੁਸਾਰ ਕੁਲ 100 ਕੋਲਾ ਆਧਾਰਿਤ ਬਿਜਲੀ ਘਰਾਂ ਵਿਚੋਂ 46 ਦੇ ਕੋਲ 7 ਦਿਨ ਤੋਂ ਘੱਟ ਦਾ ਕੋਲਾ ਭੰਡਾਰ ਹੈ।ਓਧਰ ਐੱਨ. ਟੀ. ਪੀ. ਸੀ. ਦੇ 23 ਵਿਚੋਂ 8 ਬਿਜਲੀ ਘਰਾਂ ਝੱਜਰ, ਰੀਹੰਦ,
ਸਿਗਰੌਲੀ, ਕੋਰਬਾ, ਸਿਪਤ, ਵਿੰਦਿਆਚਲ, ਸਿਮਹਾਦਰੀ, ਰਾਮਾਗੁੰਡਮ ਦੇ ਕੋਲ ਸਿਰਫ 2 ਦਿਨ ਦਾ ਕੋਲਾ ਭੰਡਾਰ ਹੈ। ਅੰਕੜਿਆਂ ਅਨੁਸਾਰ ਕੋਲ ਇੰਡੀਆ ਤੋਂ ਸਪਲਾਈ ਘੱਟ ਰਹਿਣ ਦੇ ਕਾਰਨ ਇਹ ਬਿਜਲੀ ਘਰ ਪ੍ਰਭਾਵਿਤ ਹੋਏ ਹਨ।ਜਨਤਕ ਖੇਤਰ ਦੀ ਕੰਪਨੀ ਅਤੇ ਉਸਦੀਆਂ ਸਹਾਇਕ ਕੰਪਨੀਆਂ ਸਾਲਾਨਾ ਕਰਾਰ ਦੀ ਮਾਤਰਾ ਦੀ ਤੁਲਨਾ ਵਿਚ ਘੱਟ ਬਿਜਲੀ ਦੀ ਸਪਲਾਈ ਕਰ ਰਹੀਆਂ ਹਨ। ਵੱਧਦੀ ਗਰਮੀ ਦੇ ਵਿਚਾਲੇ ਉੱਤਰੀ ਅਤੇ ਮੱਧ ਭਾਰਤ ਵਿਚ ਬਿਜਲੀ ਦੀ ਭਾਰੀ ਕਟੌਤੀ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



