ਰਾਸ਼ਟਰਪਤੀ ਤੋਂ ਮਨਜ਼ੂਰੀ ਦੀ ਲੋੜ ਨਹੀਂ : ਹੁੱਡਾ
ਚੰਡੀਗੜ੍ਹ, 14 ਜੁਲਾਈ -ਪੰਜਾਬ ਵਿੱਚ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਵਿਰੋਧ ਦੇ ਬਾਵਜੂਦ ਹਰਿਆਣਾ ਦੇ ਰਾਜਪਾਲ ਸ੍ਰੀ ਜਗਨਨਾਥ ਪਹਾੜੀਆ ਨੇ 11 ਜੁਲਾਈ ਨੂੰ ਹਰਿਆਣਾ ਰਾਜ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂਅ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ।ਇਸ ਕਾਨੂੰਨ ਦੇ ਬਣ ਜਾਣ ਨਾਲ ਕਾਨੂੰਨੀ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੁਕੜੇ-ਟੁਕੜੇ ਹੋ ਗਈ ਹੈ ਅਤੇ ਹੁਣ ਹਰਿਆਣਾ ਦੇ ਗੁਰਦੁਆਰਿਆਂ ਉਪਰ ਉਸ ਦਾ ਕੰਟਰੋਲ ਖੁੱਸ ਸਕਦਾ ਹੈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ‘ਪ੍ਰੈਸ ਨੂੰ ਮਿਲੋ‘ ਪ੍ਰੋਗਰਾਮ ਵਿਚ ਹਿੱਸਾ ਲੈਣ ਸਮੇਂ ਆਖਿਆ ਹੈ
ਕਿ ਇਸ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਕੇਂਦਰ ਕੋਲ ਭੇਜਣ ਦੀ ਕੋਈ ਲੋੜ ਨਹੀਂ।
ਇੱਥੇ ਇਹ ਗੱਲ ਵੀ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਕਿ ਅੱਜ ਲਗਭਗ ਸਾਢੇ 12 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ’ਚ ਐਸ.ਜੀ.ਪੀ.ਸੀ. ਦੇ ਮੈਂਬਰ ਸਾਹਿਬਾਨ ਦੇ ਇਕ ਪ੍ਰਤੀਨਿਧ ਮੰਡਲ ਹਰਿਆਣਾ ਦੇ ਰਾਜਪਾਲ ਜਗਨਨਾਥ ਪਹਾੜੀਆ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੂੰ ਇਸ ਸਬੰਧ ’ਚ ਇੱਕ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਸੀ ਕਿ ਉਹ ਵੱਖਰੀ ਕਮੇਟੀ ਦੇ ਬਿੱਲ ਨੂੰ ਪ੍ਰਵਾਨ ਨਾ ਕਰਨ, ਕਿਉਂਕਿ ਇਹ ਬਿੱਲ ਗੈਰ ਸੰਵਿਧਾਨਿਕ ਤਰੀਕੇ ਰਾਹੀਂ ਜਲਦਬਾਜ਼ੀ ‘ਚ ਪਾਸ ਕੀਤਾ ਗਿਆ। ਜਥੇਦਾਰ ਅਵਤਾਰ ਸਿੰਘ ਦੇ ਅਨੁਸਾਰ ਰਾਜਪਾਲ ਸ੍ਰੀ ਪਹਾੜੀਆ ਨੇ ਪ੍ਰਤੀਨਿਧੀ ਮੰਡਲ ਨਾਲ ਬੜੇ ਹਮਦਰਦੀ ਪੂਰਵਕ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਹਰਿਆਣਾ ਸਰਕਾਰ ਵੱਲੋਂ ਇਸ ਬਿੱਲ ਨੂੰ ਕਾਨੂੰਨੀ ਸ਼ਕਲ ਦੇਣ ਲਈ ਦਿਖਾਈ ਗਈ ਫੁਰਤੀ ਦੀ ਇਕ ਹੋਰ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਠੀਕ 2 ਵਜੇ ਰਾਜ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਸਪੀਕਰ ਕੁਲਦੀਪ ਸ਼ਰਮਾ ਦੀ ਹਦਾਇਤ ‘ਤੇ ਵਿਧਾਨ ਸਭਾ ਦੇ ਸੈਕਟਰੀ ਸੁਮੀਤ ਕੁਮਾਰ ਨੇ ਸਦਨ ਨੂੰ ਸੂਚਨਾ ਦਿੱਤੀ ਕਿ ਰਾਜਪਾਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿੱਲ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਪ੍ਰਜਾਤੰਤਰ ਵਿਚ ਹਰੇਕ ਵਿਅਕਤੀ ਨੂੰ ਪਾਰਟੀ ਬਣਾਉਣ ਦਾ ਅਧਿਕਾਰ ਹੈ ਅਤੇ ਜਦੋਂ ਤੱਕ ਹਰਿਆਣਾ ਵਿਚ ਵਿਧਾਨ ਸਭਾ ਚੋਣ ਖਤਮ ਨਹੀਂ ਹੋ ਜਾਂਦੀਆਂ, ਉਦੋਂ ਤੱਕ ਰੋਜ਼ਾਨਾ ਪਾਰਟੀਆਂ ਬਣਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਮੇਰਾ ਕਿਸੇ ਨਾਲ ਵੀ ਮਤਭੇਦ ਨਹੀਂ ਹੈ ਅਤੇ ਨਾ ਹੀ ਕੋਈ ਮੇਰੇ ਨਾਲ ਝਗੜਾ ਕਰਕੇ ਪਾਰਟੀ ਛੱਡ ਕੇ ਗਿਆ ਹੈ। ਸ੍ਰੀ ਹੁੱਡਾ ਅੱਜ ਇੱਥੇ ਚੰਡੀਗੜ੍ਹ ਸਥਿਤ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਪ੍ਰੈਸ ਨਾਲ ਮਿਲਣੀ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਸ੍ਰੀ ਹੁੱਡਾ ਨੇ ਕਿਹਾ ਕਿ ਜੇਕਰ ਕਿਸੇ ਨੇ ਪਾਰਟੀ ਬਣਾਈ ਹੈ ਤਾਂ ਮੇਰੇ ਤੋਂ ਪੁੱਛ ਕੇ ਨਹੀਂ ਬਣਾਈ ਅਤੇ ਨਾ ਹੀ ਮੈਂ ਕਿਹਾ ਤੇ ਨਾ ਹੀ ਮੈਂ ਰੋਕਿਆ। ਰਾਜ ਸਭਾ ਮੈਂਬਰ ਬੀਰੇਂਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਏ ਜਾਣ ਅਤੇ ਮੁੱਖ ਮੰਤਰੀ ਦੀ ਅਗਵਾਈ ਵਿਚ ਚੋਣ ਨਾ ਲੜਨ ਦੇ ਪ੍ਰਸ਼ਨ ਦੇ ਜਵਾਬ ਵਿਚ ਸ੍ਰੀ ਹੁੱਡਾ ਨੇ ਕਿਹਾ ਕਿ ਪ੍ਰਜਾਤੰਤਰ ਵਿਚ ਹਰੇਕ ਵਿਅਕਤੀ ਨੂੰ ਪਾਰਟੀ ਬਣਾਉਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਵਿਧਾਨ ਸਭਾ ਦਾ ਕਿਸੇ ਵੀ ਵਿਅਕਤੀ ਨੂੰ ਟਿਕਟ ਵੀ ਨਹੀਂ ਦਿੱਤਾ ਗਿਆ ਅਤੇ ਟਿਕਟ ਦੇਣ ਦਾ ਫੈਸਲਾ ਵੀ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਬੀਰੇਂਦਰ ਸਿੰਘ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਤਾਂ ਉਨ੍ਹਾਂ ਦੀ ਅਗਵਾਈ ਵਿਚ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸਾਲ 1999 ਵਿਚ ਉਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ ਉਦੋਂ ਵਿਧਾਨ ਸਭਾ ਦੀ ਚੋਣ ਲੜਾਇਆ ਗਿਆ ਅਤੇ ਜਦੋਂ ਸਾਲ 2000 ਵਿਚ ਰਾਜ ਵਿਚ ਵਿਧਾਨ ਸਭਾ ਚੋਣ ਆਇਆ ਤਾਂ ਵੀ ਉਨ੍ਹਾਂ ਦੀ ਅਗਵਾਈ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿੰਦੇ ਹੋਏ ਚੋਣ ਲੜਿਆ ਗਿਆ।
ਹਰਿਆਣਾ ਵਿਚ ਮੋਦੀ ਲਹਿਰ ਦੇ ਸਬੰਧੀ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਜੇਕਰ ਹਰਿਆਣਾ ਵਿਚ ਵਿਧਾਨ ਸਭਾ ਦੀ ਚੋਣ ਲੜੇਗਾ ਤਾਂ ਸ਼ਾਇਦ ਮੋਦੀ ਲਹਿਰ ਚਲ ਜਾਵੇ, ਪ੍ਰੰਤੂ ਭਾਜਪਾ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਵਿਚ ਇਹ ਨਾਅਰਾ ਦਿੱਤਾ ਕਿ ਉਪਰ ਨਰਿੰਦਰ-ਨੀਚੇ ਭੁਪਿੰਦਰ। ਇਸ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਨਰਿੰਦਰ ਦੀ ਗੱਲ ਤਾਂ ਬਣ ਗਈ ਹੁਣ ਭੁਪਿੰਦਰ ਦੀ ਵਾਰੀ ਹੈ। ਇਕ ਹੋਰ ਪ੍ਰਸ਼ਨ ਜਾਤੀਗਤ ਰਾਜਨੀਤੀ ਦੇ ਸਬੰਧ ਵਿਚ ਉਨ੍ਹਾਂ ਉਤਰ ਦਿੱਤਾ ਕਿ ਉਹ ਜਾਤ-ਪਾਤ ਵਿਚ ਯਕੀਨ ਨਹੀਂ ਰੱਖਦੇ ਕਿਉਂਕਿ ਸੜਕ ਅਤੇ ਸਕੂਲ ਸਾਰੀਆਂ ਜਾਤੀਆਂ ਦੇ ਲਈ ਬਣਾਏ ਜਾਂਦੇ ਹਨ। ਦੇਸ਼ ਵਿਚ ਮਾਨਸੂਨ ਦੀ ਕਮੀ ਦੇ ਚਲਦੇ ਹੋਏ ਰਾਜ ਵਿਚ ਕਿਸਾਨਾਂ ਨੂੰ ਬਿਜਲੀ ਦੇਣ ਦੇ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚਾਰ-ਪੰਜ ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਦੇ ਦੌਰਾਨ ਰਾਜ ਸਰਕਾਰ ਨੇ 10 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦ ਕਰ ਕਿਸਾਨਾਂ ਨੂੰ ਮੁਹੱਈਆ ਕਰਵਾਈ ਸੀ ਅਤੇ ਕਿਸਾਨਾਂ ਦੀ ਇਕ ਏਕੜ ਫਸਲ ਨੂੰ ਸੁਕਣ ਨਹੀਂ ਦਿੱਤਾ ਸੀ। ਹਰਿਆਣਾ ਵਿਚ ਮੁੱਖ ਪਰਿਯੋਜਨਾਵਾਂ ਜਿਵੇਂ ਕੁੰਡਲੀ-ਮਾਨੇਸਰ-ਪਲਵਲ (ਕੇਐਮਸੀ) ਐਕਸਪ੍ਰੇਸ-ਵੇ ਕੇ ਸਬੰਧ ਵਿਚ ਪੁੱਛੇ ਗਏ ਪ੍ਰਸ਼ਨ ਦੇ ਉਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੇਐਮਪੀ ਐਕਸਪ੍ਰੈਸ-ਵੇ ’ਤੇ ਸੁਪਰੀਮ ਕੋਰਟ ਸੁਪਰਵਿਜਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਕਸਪ੍ਰੈਸ-ਵੇ ਦੇ ਲਈ ਜਮੀਨ ਐਕਵਾਇਰ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਰੇਲਵੇ ਤੋਂ ਸਾਰੀ ਕਲੀਅਰੰਸ ਵੀ ਆ ਚੁੱਕੀ ਹੈ। ਉਨ੍ਹਾਂ ਆਸ਼ ਜਤਾਈ ਕਿ ਸ਼ਾਇਦ ਕੇਐਮਪੀ ਐਕਸਪ੍ਰੈਸ-ਵੇ ਦਾ ਫੈਸਲਾ ਛੇਤੀ ਆ ਜਾਵੇਗਾ।
ਰਾਜ ਦੇ ਪਿਛਲੇ 9 ਸਾਲਾਂ ਦੇ ਵਿਕਾਸ ਕੰਮਾਂ ਸਬੰਧੀ ਪੁੱਛੇ ਗਏ ਇਕ ਸੁਆਵ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਵਿਕਾਸ ਦੇ ਲਈ ਜੋ ਨਕਸ਼ਾ ਉਨ੍ਹਾਂ ਦੀ ਸਰਕਾਰ ਨੇ ਬਣਾਇਆ ਹੈ ਅਤੇ ਜੋ ਮਜ਼ਬੂਤ ਨੀਂਹ ਉਨ੍ਹਾਂ ਦੀ ਸਰਕਾਰ ਨੇ ਰੱਖੀ ਹੈ, ਅੱਗੇ ਆਉਣ ਵਾਲੇ ਸਮੇਂ ਵਿਚ ਸਭ ਨੂੰ ਨਾਲ ਲੈ ਕੇ ਇਸ ਵਿਕਾਸ ਨੂੰ ਹੋਰ ਵਧਾਇਆ ਜਾਵੇਗਾ।



