ਨੂਰਪੁਰ ਬੇਦੀ/ਅਨੰਦਪੁਰ ਸਾਹਿਬ, 13 ਜੁਲਾਈ (ਬਲਵਿੰਦਰ ਸਿੰਘ)- ਇਥੋਂ ਗੜ੍ਹਸ਼ੰਕਰ ਨੂੰ ਜਾਣ ਵਾਲੇ ਮੇਨ ਮਾਰਗ ’ਤੇ ਇਥੋਂ 8 ਕਿਲੋਮੀਟਰ ਦੂਰ ਸਤਲੁਜ ਦਰਿਆ ’ਤੇ ਪੈਂਦੇ ਸੰਤ ਮਹਿੰਦਰ ਸਿੰਘ ਹਰਖੋਵਾਲ ਪੁਲ ਨਜ਼ਦੀਕ ਪਿੰਡ ਸੈਦਪੁਰ ਕੋਲ ਲੱਗੇ ਸਟੋਨ ਕਰੈਸ਼ਰਾਂ ਤੇ ਟਿੱਪਰਾਂ ਦੀ ਢੋਆ-ਢੁਆਈ ਨੂੰ ਲੈ ਕੇ ਹੋਏ ਲੜਾਈ ਝਗੜੇ ਤੋਂ ਬਾਅਦ ਨੌਬਤ ਗੋਲੀਆਂ ਚੱਲਣ ਤੱਕ ਪਹੁੰਚ ਗਈ ਪਰ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਦੱਸੀ ਗਈ ਹੈ। ਦੋ ਕਾਰਾਂ ਤੇ ਗੋਲੀਆਂ ਲੱਗਣ ਤੇ ਉਨ੍ਹਾਂਦੀ ਭੰਨਤੋੜ ਕਰਨ ਦਾ ਪਤਾ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਝਗੜਾ ਲੰਘੀ ਰਾਤ ਕਰੀਬ ਸਾਢੇ ਬਾਰਾਂ ਵਜੇ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਤਕਰੀਬਨ 12 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਕੁਝ
ਵਿਅਕਤੀ ਉਨ੍ਹਾਂ ਦੇ ਟਿੱਪਰ ਚਾਲਕ ਦੀ ਕੁੱਟਮਾਰ ਕਰ ਰਹੇ ਹਨ ਤਾਂ ਜਦੋਂ ਉਨ੍ਹਾਂ ਉਥੇ ਪਹੁੰਚ ਕੇ ਡਰਾਈਵਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਾਡੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਨੌਬਤ ਇਥੋਂ ਤੱਕ ਪਹੁੰਚ ਗਈ ਕਿ ਉਨ੍ਹਾਂ ਦੇ 25-30 ਵਿਅਕਤੀ ਇਕੱਠੇ ਹੋ ਗਏ ਤੇ ਅਸੀਂ ਉਥੋਂ ਨਿਕਲਣ ਵਿੱਚ ਹੀ ਭਲਾਈ ਸਮਝੀ। ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਉਹ ਗੱਡੀ ਆਈ 20 (ਨੰਬਰ ਪੀ ਬੀ 12 ਵੀ, 4815) ਵਿੱਚ ਸਵਾਰ ਹੋ ਕੇ ਉਥੋਂ ਨਿਕਲਣ ਲੱਗੇ ਤਾਂ ਝਗੜਾ ਕਰ ਰਹੇ ਤਿੰਨਾਂ ਵਿਅਕਤੀਆਂ ਨੇ ਜਿਨ੍ਹਾਂ ਕੋਲ ਰਿਵਾਲਵਰ ਸਨ ਸਾਡੇ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਸਾਡੀ ਕਾਰ ਦੀ ਡਿੱਗੀ ’ਤੇ ਲੱਗੀਆਂ ਤੇ ਅਸੀਂ ਬੜੀ ਮੁਸ਼ਕਲ ਨਾਲ ਉਥੋਂ ਭੱਜ ਕੇ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਦੂਸਰੀ ਗੱਡੀ ਡਸਟਰ (ਨੰਬਰ ਸੀ ਜੀ 07 ਐਮ ਬੀ, 4872) ਨੂੰ ਉਕਤ ਵਿਅਕਤੀਆਂ ਨੇ ਪੂਰੀ ਤਰ੍ਹਾਂ ਭੰਨਤੋੜ ਕੇ ਤਬਾਹ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਕਰੈਸ਼ਰ ਵਾਲੇ ਇਸ ਕਰਕੇ ਵਾਰ-ਵਾਰ ਝਗੜਾ ਕਰਦੇ ਹਨ ਕਿਉਂਕਿ ਅਸੀਂ ਹੋਰ ਕਰੈਸ਼੍ਰਾਂ ਤੋਂ ਮਾਲ ਚੁੱਕਦੇ ਹਾਂ। ਇਸ ਸਬੰਧੀ ਜਦੋਂ ਪੁਲਿਸ ਥਾਣਆ ਨੂਰਪੁਰ ਬੇਦੀ ਦੇ ਐਸ ਐਚ ਓ ਭਗਵੰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਅਜੇ ਬਿਜੀ ਹਾਂ ਅੱਧੇ ਘੰਟੇ ਬਾਅਦ ਪਤਾ ਕਰੋ। ਇਸ ਸਬੰਧੀ ਨੁਕਸਾਨੀਆਂ ਗੱਡੀਆਂ ਦੇ ਮਾਲਕ ਮਹੇਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਪੁਲਿਸ ਕੋਲ ਝਗੜੇ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਵੱਲੋਂ ਤਫਤੀਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



