Skip to content
Independent perspectives. Global stories.
BREAKING

ਮਰਹੂਮ ਜਸਪਾਲ ਭੱਟੀ ਦੀ ਪਾਵਰ ਕੱਟ ਵਾਲਾ ‘ਕਰੰਟ’ : ਜ਼ਫ਼ਰ ਖਾਨ

Share this story

ਸੁਨੀਲ ਕਟਾਰੀਆ
ਸੰਪਰਕ : 98768 53253

image ‘‘ਜਫ਼ਰ ਖਾਨ’’  ਨਾਂ ਪਹਿਲੀ ਵਾਰ ਪੰਜਾਬੀ ਫ਼ਿਲਮਾਂ ਤੇ ਮਨੋਰੰਜਨ ਖ਼ੇਤਰ ’ਚ ਅਕਤੂਬਰ 2012 ’ਚ ਆਈ ਫ਼ਿਲਮਸਾਜ਼ ਤੇ ਅਦਾਕਾਰ ਮਰਹੂਮ ਜਸਪਾਲ ਭੱਟੀ ਜੀ ਹੋਰਾਂ ਦੀ ਡਾਇਰੈਕਟ ਕੀਤੀ ਫ਼ਿਲਮ ‘‘ਪਾਵਰ ਕੱਟ’’ ਰਾਹੀਂ ਦਰਸ਼ਕਾਂ ਨੇ ਸੁਣਿਆ ਸੀ। ਮਰਹੂਮ ਜਸਪਾਲ ਭੱਟੀ ਸਾਹਬ ਨੇ ਆਪਣੀ ਜ਼ਿੰਦਗੀ ’ਚ ਕਈ ਨੌਜਵਾਨ ਤੇ ਹੁਨਰਮੰਦ ਫ਼ਨਕਾਰਾਂ ਨੂੰ ਆਪਣੇ ਫ਼ਨ ਨੂੰ ਪੇਸ਼ ਕਰਨ ਦਾ ਮੌਕਾ ਦਿੱਤਾ ਤੇ ਉਹਨਾਂ ਦੇ ਆਖ਼ਰੀ ਸ਼ਗੀਰਦਾਂ ਚੋਂ ਇੱਕ ਨਾਂ ਜਫ਼ਰ ਖਾਨ ਵੀ ਹੈ। ਭੱਟੀ ਸਾਹਬ ਨੇ ਕਲਾ ਦੇ ਆਪਣੇ ਸਫ਼ਰ ਦੇ ਦੌਰਾਨ ਕਲਾ ਦੀ ਦੁਨੀਆ ਨੂੰ ਕਈ ਬਿਹਤਰੀਨ ਫ਼ਨਕਾਰ ਦਿੱਤੇ। ਇਹਨਾਂ ਵਿੱਚੋਂ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ’ਚ ਕੰਮ ਕਰ ਚੁੱਕੇ ਸੁਨੀਲ ਗਰੋਵਰ ਦਾ ਨਾਂ ਵੀ ਸ਼ਾਮਿਲ ਹੈ, ਜਿੰਨ੍ਹਾਂ ਨੂੰ ਅਸੀ ‘ਕਾਮੇਡੀ ਨਾਈਟਸ ਵਿਦ ਕਪਿਲ’ ਦੀ ਗੁੱਥੀ ਦੇ ਨਾਂ ਨਾਲ ਵੀ ਜਾਣਦੇ ਹਾਂ। ਭੱਟੀ ਸਾਹਬ ਵੱਲੋਂ ਨਿਰਦੇਸ਼ਿਤ ਕੀਤੀ ਗਈ ਆਖਰੀ ਫ਼ਿਲਮ ‘‘ਪਾਵਰ ਕੱਟ’’ ਰਾਹੀਂ ਕਲਾ ਖ਼ੇਤਰ ਨੂੰ ਜਫ਼ਰ ਖਾਨ ਨਾਂ ਦਾ ਇੱਕ ਬਿਹਤਰੀਨ ਅਦਾਕਾਰ ਮਿਲਿਆ। ਫ਼ਿਲਮ ਦੇ ਵਿੱਚ ਜਫ਼ਰ ਦੇ ਕਿਰਦਾਰ ਦਾ ਨਾਂ ‘ਕਰੰਟ’ ਸੀ ਤੇ ਸੁਰੀਲੀ ਗੌਤਮ ਤੇ ਜਸਰਾਜ ਭੱਟੀ ਉਸਦੇ ਸਹਿ ਕਲਾਕਾਰ ਸਨ। ਕਰੰਟ ਦੇ ਕਿਰਦਾਰ ਦੀ ਦਮਦਾਰ ਅਦਾਕਾਰੀ ਨੇ ਉਸਨੂੰ ਅਦਾਕਾਰੀ ਖ਼ੇਤਰ ਦੇ ਵੱਡੇ ਨਾਵਾਂ ’ਚ ਸ਼ਾਮਿਲ ਕਰ ਦਿੱਤਾ ਹੈ। ਉਸਦੀ ਅਦਾਕਾਰੀ ਤੇ ਹਾਵ ਭਾਵ ਦੇ ਨਾਲ-ਨਾਲ ਡਾਇਲੌਗ ਡਿਲੀਵਰੀ ਕਰਕੇ ਦਰਸ਼ਕਾਂ ਦੇ ਨਾਲ-ਨਾਲ ਕਲਾ ਖ਼ੇਤਰ ਦੇ ਮਾਹਿਰਾਂ ਨੇ ਵੀ ਉਸਨੂੰ ਸ਼ਾਬਾਸ਼ੀ ਦਿੱਤੀ ਸੀ। ਉਹ ਭੀੜ ਦਾ ਹਿੱਸਾ ਨਾਂ ਬਣਦਾ ਹੋਇਆ ਵੀ ਕਈ ਕਲਾਕਾਰਾਂ ਤੋਂ ਵੱਖਰਾ ਹੈ। ਉਸਨੂੰ ਰਾਤੋ ਰਾਤ ਸਟਾਰ ਬਣਨ ਦਾ ਕੋਈ ਲਾਲਚ ਤੇ ਜਲਦੀ ਨਹੀਂ ਹੈ। ਉਸਦੀ ਅਦਾਕਾਰੀ ਚੋਂ ਕਈ ਸੰਭਾਵਨਾਵਾਂ ਨਜ਼ਰੀ ਪੈਂਦੀਆਂ ਹਨ ਤੇ ਆਸ ਇਹ ਵੀ ਹੈ ਕਿ ਉਹ ਆਉਣ ਵਾਲੇ ਸਮੇਂ ’ਚ ਕਲਾ ਤੇ ਸਿਨੇਮਾ ਦੀ ਦੁਨੀਆ ’ਚ ਕਈ ਨਵੇਂ ਰੁਝਾਨ ਪੈਦਾ ਕਰੇਗਾ, ਬਸ਼ਰਤੇ ਉਸਨੂੰ ਵੱਖਰੇ ਕਿਸਮ ਦੇ ਰੋਲ ਨਿਭਾਉਣ ਦਾ ਮੌਕਾ ਮਿਲੇ। ਮਰਹੂਮ ਜਸਪਾਲ ਭੱਟੀ, ਸਵੀਤਾ ਭੱਟੀ, ਜਸਵਿੰਦਰ ਭੱਲਾ, ਹਰਪਾਲ ਸਿੰਘ ਵਰਗੇ ਬਿਹਤਰੀਨ ਫ਼ਨਕਾਰਾਂ ਨਾਲ ਕੰਮ ਕਰਕੇ ਜਫ਼ਰ ਨੇ ਕਈ ਆਪਣੀ ਕਲਾ ਨੂੰ ਹੋਰ ਤਰਾਸ਼ਿਆ ਹੈ। 2011 ’ਚ ਆਸਟ੍ਰੇਲਿਆ ਦੇ ਸ਼ਹਿਰ ਸਿਡਨੀ ਤੋਂ ਆਪਣੀ ਬਿਜ਼ਨਸ ਮੈਨੇਜਮੈਂਟ ਦੀ ਪੜਾਈ ਪੂਰੀ ਕਰਕੇ ਉਸਨੇ ਜਸਪਾਲ ਭੱਟੀ ਹੋਰਾਂ ਦੇ ਐਕਟਿੰਗ ਸਕੂਲ ‘‘ਮੈਡ

ਆਰਟਸ’’ ’ ਦਾਖਲਾ ਲਿਆ ਤੇ ਇਸੇ ਦੌਰਾਨ ਭੱਟੀ ਸਾਹਬ ਨੂੰ ਜਫ਼ਰ ’ਚ ਕਲਾਕਾਰ ਨਜ਼ਰ ਆ ਗਿਆ ਸੀ ਤੇ ਆਖ਼ਿਰਕਾਰ ਬਕਾਇਦਾ ਆਡਿਸ਼ਨ ਤੋਂ ਬਾਅਦ ਜ਼ਫ਼ਰ ਨੂੰ ‘ਪਾਵਰ ਕੱਟ’ ਦੇ ‘ਕਰੰਟ’ ਲਈ ਚੁਣ ਲਿਆ ਗਿਆ। ‘ਪਾਵਰ ਕੱਟ’ ਜਫ਼ਰ ਦੀ ਪਹਿਲੀ ਫ਼ਿਲਮ ਸੀ, ਪਰ ਉਹ ਹੁਣ ਆਉਣ ਵਾਲੇ ਸਮੇਂ ’ਚ ਕਈ ਫ਼ਿਲਮਾਂ ’ਚ ਨਜ਼ਰ ਆਵੇਗਾ, ਜਿੰਨ੍ਹਾਂ ਵਿੱਚ ਨਿਰਦੇਸ਼ਕ ਰਵੀ ਬਾਂਸਲ ਦੀ ‘ਦਿਲ ਸਾਡਾ ਮੋੜ ਦੇ’ ਤੇ ਨਿਰਦੇਸ਼ਕ ਸੁਰਿੰਦਰ ਵਾਲੀਆ ਦੀ ‘ਲੰਡਨ ਦੀ ਹੀਰ’ ਸ਼ਾਮਿਲ ਹੈ। ਦੋਹਾਂ ਫ਼ਿਲਮਾਂ ’ਚ ਜ਼ਫ਼ਰ ਅਹਿਮ ਭੁਮਿਕਾ ’ਚ ਨਜ਼ਰ ਆਵੇਗਾ। ਇਹੀ ਨਹੀਂ ‘ਸਾਡਾ ਹੱਕ’ ਦੇ ਨਿਰਦੇਸ਼ਕ ਮਨਦੀਪ ਬੇਨੀਪਾਲ ਦੀ ਅਗਲੀ ਫ਼ਿਲਮ ‘ਯੋਧਾ’ ’ਚ ਵੀ ਜ਼ਫ਼ਰ ਇੱਕ ਬਿਹਤਰੀਨ ਕਿਰਦਾਰ ’ਚ ਨਜ਼ਰ ਆਵੇਗਾ ਤੇ ਇਸ ਫ਼ਿਲਮ ਰਾਹੀਂ  ਉਸਦੀ ਕਲਾ ਦੇ ਹੋਰ ਰੰਗ ਦੇਖਣ ਨੂੰ ਮਿਲਣਗੇ।
ਮੁਹਾਲੀ ਜਿਲੇ ਦੇ ਪਿੰਡ ਖਾਨਪੁਰ ਦੇ ਰਹਿਣ ਵਾਲੇ ਜ਼ਫ਼ਰ ਦੀ ਬਾਹਰਵੀਂ ਤਕ ਦੀ ਪੜਾਈ ਖਰੜ ’ਚ ਹੀ ਹੋਈ ਅਤੇ ਇਸ ਤੋਂ ਬਾਅਦ ਗਰੈਜੁਏਸ਼ਨ ਦੇ ਲਈ ਚੰਡੀਗੜ੍ਹ ਦੇ ਐਸ ਡੀ ਕਾਲਜ ਦਾ ਰੁਖ ਕੀਤਾ ਗਿਆ ਤੇ ਫ਼ਿਰ ਬਿਜ਼ਨਸ ਮੈਨੇਜਮੈਂਟ ’ਚ ਪੋਸਟ ਗਰੈਜੁਏਸ਼ਨ ਲਈ ਆਸਟ੍ਰੇਲਿਆ ਵੱਲ ਕੂਚ ਕੀਤਾ ਗਿਆ ਤੇ ਆਖਿਰਕਾਰ 2011 ’ਚ ਜ਼ਫ਼ਰ ਨੂੰ ਕਿਸਮਤ ਲੈ ਆਈ ਜਸਪਾਲ ਭੱਟੀ ਹੋਰਾਂ ਦੇ ਐਕਟਿੰਗ ਸਕੂਲ ‘ਮੈਡ ਆਰਟਸ’। ਜ਼ਫ਼ਰ ਇੱਕ ਤਹਜ਼ੀਬ ਤੇ ਸਲੀਕੇ ਵਾਲੇ ਪਰਿਵਾਰ ਦਾ ਮਹਿਤਾਬ ਹੈ ਅਤੇ ਉਸਦੇ ਪਿਤਾ ਮੁਹੰਮਦ ਇਕਬਾਲ ਇੱਕ ਬਿਜ਼ਨਸਮੈਨ ਹਨ ਅਤੇ ਮਾਤਾ ਸਰਬਰੀ ਇੱਕ ਸਿਆਸਤਦਾਨ ਹਨ। ਹਾਲਾਂਕਿ ਚੰਗੇ ਕਾਰੋਬਾਰੀ ਘਰਾਨੇ ਦਾ ਸਾਹਿਬਜ਼ਾਦਾ ਹੋਣ ਦੇ ਬਾਵਜੂਦ ਉਸਦਾ ਦਿਲ  ਕਲਾ ਦੀ ਦੁਨੀਆ ’ਚ ਹੀ ਰਹਿਣ ਨੂੰ ਕਰਦਾ ਹੈ। ਕਲਾ ਲਈ ਉਸਦਾ ਜਨੂੰਨ ਕਾਇਮ ਹੈ ਅਤੇ ਇਸਦੇ ਲਈ ਉਹ ਲਗਾਤਾਰ ਮਿਹਨਤ ਵੀ ਕਰਦਾ ਰਹਿੰਦਾ ਹੈ। ਸ਼ਰੀਰ ਦੇ ਬਣਤਰ ਨੂੰ ਕਸਰਤ ਜੇ ਜਿਮ ਤੋਂ ਅਲਾਵਾ ਦੁਨੀਆ ਦੀ ਵੱਖ-ਵੱਖ ਸਿਨੇਮਾ ਕਲਾ ਨੂੰ ਦੇਖਣ ਦਾ ਸ਼ੌਕਿਨ ਜ਼ਫ਼ਰ ਹੋਰਾਂ ਨੌਜਵਾਨ ਫ਼ਨਕਾਰਾਂ ਵਾਂਗ ਬਾਲੀਵੁੱਡ ’ਚ ਜਾ ਕੇ ਆਪਣੀ ਵੱਖਰੀ ਪਹਿਚਾਣ ਬਨਾਉਣਾ ਚਾਹੁੰਦਾ ਹੈ। ਪੰਜਾਬੀ ਫ਼ਿਲਮਾਂ ਤੇ ਮਨੋਰੰਜਨ ਦੀ ਦੁਨੀਆ ਨੂੰ ਵੀ ਉਸ ’ਚ ਕਈ ਸੰਭਾਵਨਾਵਾਂ ਨਜ਼ਰੀ ਪੈਂਦੀਆਂ ਹਨ ਤੇ ਉਮੀਦ ਹੈ ਕਿ ਉਹ ਕਲਾ ਦੀ ਦੁਨੀਆ ’ਚ ਪੰਜਾਬੀ ਤੇ ਪੰਜਾਬੀਅਤ ਦਾ ਨਾਂ ਹੋਰ ਬੁਲੰਦ ਕਰੇਗਾ.……ਆਮੀਨ !!! ‘

WRITTEN BY