ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਫ਼ੂਡ ਪ੍ਰੋਸੈਸਿੰਗ ਸਨਅਤਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਹਦਾਇਤ
ਪ੍ਰਨੀਤ ਬਰਾੜ, ਕਾਰਜਕਾਰੀ ਸੰਪਾਦਕ=ਜਲੰਧਰ/ਚੰਡੀਗੜ੍ਹ, 12 ਜੁਲਾਈ -ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅੱਜ ਰਾਜ ਖ਼ੁਰਾਕ ਪ੍ਰੋਸੈਸਿੰਗ ਵਿਕਾਸ ਕੌਂਸਲ (ਐਸ. ਐਫ਼. ਪੀ. ਡੀ. ਸੀ.) ਦੀ ਛਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸੂਬੇ ਵਿੱਚ ਫ਼ੂਡ ਪ੍ਰੋਸੈਸਿੰਗ ਨੂੰ ਉਤਸ਼ਾਹਤ ਕਰਨ ਲਈ ਖੇਤੀ ਉਪਜਾਂ ਦੀ ਉਚ ਗਣਵੱਤਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਕਿੱਤੇ ਨਾਲ ਜੁੜੇ ਵੱਖ-ਵੱਖ ਉਦਮੀਆਂ ਨਾਲ ਮੀਟਿੰਗਾਂ ਦਾ ਨਿਰੰਤਰ ਸਿਲਸਿਲਾ ਸ਼ੁਰੂ ਕੀਤਾ ਜਾਵੇ। ਪੰਜਾਬ ਭਵਨ ’ਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਦੁੱਧ, ਕਣਕ, ਬਾਸਮਤੀ ਅਤੇ ਮੱਛੀ ਪਾਲਣ ਆਦਿ ਦੇ ਖੇਤਰਾਂ ’ਚ ਕੰਮ ਕਰ ਰਹੇ ਉਦਮੀਆਂ ਦੀਆਂ ਸਮੱਸਿਆਵਾਂ ਦੇ ਹੱਲ
ਲਈ ਉਨ੍ਹਾਂ ਨਾਲ ਵੱਖੋ-ਵੱਖ ਮੀਟਿੰਗਾਂ ਕਰਨ ਨਾਲ ਹੀ ਇਸ ਖੇਤਰ ’ਚ ਤਰੱਕੀ ਸੰਭਵ ਹੈ।ਫ਼ੂਡ ਪ੍ਰੋਸੈਸਿੰਗ ਲਈ ਉਚ ਗਣਵੱਤਾ ਵਾਲੇ ਉਤਪਾਦਾਂ ’ਤੇ ਜ਼ੋਰ ਦਿੰਦਿਆਂ ਸ. ਕੈਰੋਂ ਨੇ ਨਿਰਦੇਸ਼ ਦਿੱਤੇ ਕਿ ਵਿਸ਼ਵ ਪੱਧਰੀ ਉਚ ਮਾਪਦੰਡਾਂ ’ਤੇ ਖਰੇ ਉਤਰਨ ਲਈ ਜਿਣਸਾਂ ਦੇ ਵਧੀਆ ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਜਾਵੇ। ਸ. ਕੈਰੋਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚੌਲਾਂ ਦੀਆਂ ਨਵੀਆਂ ਕਿਸਮਾਂ ਤਿਆਰ ਕਰਨ ਸਮੇਂ ਅਨਾਜ ਦੀ ਮੋਟਾਈ ਅਤੇ ਗੁਣਵੱਤਾ ਸਬੰਧੀ ਕੌਮਾਂਤਰੀ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਣ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਸੂਬੇ ’ਚੋਂ ਪ੍ਰੋਸੈਸਿੰਗ ਪਿੱਛੋਂ ਖੇਤੀ ਉਪਜਾਂ ਦੀ ਬਰਾਮਦਗੀ ’ਚ ਕੋਈ ਔਕੜ ਨਾ ਆਵੇ। ਖੋਜ ਵਿਗਿਆਨੀਆਂ, ਫ਼ੂੁਡ ਪ੍ਰੋਸੈਸਿੰਗ ਮਾਹਰਾਂ, ਬਾਸਮਤੀ, ਕਣਕ ਅਤੇ ਦੁੱਧ ਆਦਿ ਨਾਲ ਸਬੰਧਤ ਪ੍ਰੋਸੈਸਿੰਗ ਸਨਅਤਾਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਵਿੱਤੀ ਸੰਸਥਾਵਾਂ ਦੇ ਖੇਤਰੀ ਮੁਖੀਆਂ ਨੂੰ ਸੰਬੋਧਨ ਹੁੰਦਿਆਂ ਸ. ਕੈਰੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਵਰ੍ਹਿਆਂ ਦੌਰਾਨ ਫ਼ੂਡ ਪ੍ਰੋਸੈਸਿੰਗ ਦੇ ਖੇਤਰ ’ਚ 55 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਵਾਲੇ 33 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਫ਼ੂਡ ਪ੍ਰੋਸੈਸਿੰਗ ਦੇ ਸਕੱਤਰ ਸ੍ਰੀ ਐਸ.ਆਰ. ਲੱਧੜ ਅਤੇ ਐਨ.ਐਮ.ਐਫ਼.ਪੀ. ਦੇ ਕਨਵੀਨਰ-ਕਮ-ਸਟੇਟ ਮਿਸ਼ਨ ਡਾਇਰੈਕਟਰ ਸ੍ਰੀ ਅਮਿਤ ਤਲਵਾੜ ਨੇ ਵਿਭਾਗ ਦੀਆਂ ਗਤੀਵਿਧੀਆਂ ’ਤੇ ਪ੍ਰਾਜੈਕਟਰ ਰਾਹੀਂ ਚਾਨਣਾ ਪਾਇਆ ਅਤੇ ਸੂਬੇ ’ਚ ਐਨ.ਐਮ.ਐਫ਼.ਪੀ. ਦੀ ਪ੍ਰਗਤੀ ਸਣੇ ਪੰਜਾਬ ’ਚ ਫ਼ੂਡ ਪ੍ਰੋਸੈਸਿੰਗ ਲਈ ਲਾਹੇਵੰਦ ਖੇਤਰਾਂ ਅਤੇ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ।ਆਪਣੇ ਸੰਬੋਧਨ ਦੌਰਾਨ ਵਿਸ਼ਵ ਬੈਂਕ ਦੇ ਸਲਾਹਕਾਰ ਡਾ. ਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਮੁਢਲੇ ਪ੍ਰੋਸੈਸਿੰਗ ਕੇਂਦਰਾਂ ਜਾਂ ਕੁਲੈਕਸ਼ਨ ਸੈਂਟਰਾਂ ਦੀ ਸਥਾਪਤੀ ਦੀ ਸਕੀਮ ਲਾਹੇਵੰਦ ਸਿੱਧ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ. ਢਿੱਲੋਂ ਨੇ ਫ਼ੂਡ ਪ੍ਰੋਸੈਸਿੰਗ ਖੇਤਰ ਦੇ ਉਦਮੀਆਂ ਦੇ ਸਮਾਜਕ ਸਰੋਕਾਰਾਂ ਦਾ ਉਚੇਚਾ ਜ਼ਿਕਰ ਕੀਤਾ। ਮੀਟਿੰਗ ਦੌਰਾਨ ਸਮੂਹ ਕੌਂਸਲ ਮੈਂਬਰ ਇਸ ਗੱਲ ’ਤੇ ਸਹਿਮਤ ਹੋਏ ਕਿ ਕੇਂਦਰੀ ਸਕੀਮਾਂ ਅਧੀਨ ਫ਼ੰਡਾਂ ਦੀ ਵੰਡ ਖੇਤੀ ਉਪਜ ਅਤੇ ਫਾਲਤੂ ਸਟਾਕ ਨਾਲ ਜੋੜੀ ਜਾਵੇ ਨਾਕਿ ਇਸ ਨੂੰ ਖ਼ਿੱਤੇ ਜਾਂ ਆਬਾਦੀ ਮੁਤਾਬਕ ਵੰਡਿਆ ਜਾਵੇ। ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਸਕੱਤਰ ਸ੍ਰੀ ਵਿਕਰਮ ਗਰਗ, ਨੈਸਲੇ ਇੰਡੀਆ ਦੇ ਸੀਨੀਅਰ ਮੈਨੇਜਰ ਸ. ਜਸਪਾਲ ਸਿੰਘ ਸਿੱਧੂ, ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਸ੍ਰੀ ਬੀ.ਕੇ. ਸੂਦ, ਡੇਅਰੀ ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ, ਐਸ.ਬੀ.ਆਈ. ਦੇ ਏ.ਜੀ.ਐਮ. ਸ੍ਰੀ ਸੁਰੇਸ਼ ਗੋਇਲ ਅਤੇ ਪ੍ਰਾਜੈਕਟ ਮੈਨੇਜਰ ਸ੍ਰੀ ਸਰਵੇਸ਼ ਕੁਮਾਰ ਸਣੇ ਵਿਗਿਆਨੀ, ਫ਼ੂੁਡ ਪ੍ਰੋਸੈਸਿੰਗ ਮਾਹਰ ਅਤੇ ਬਾਸਮਤੀ, ਕਣਕ ਤੇ ਦੁੱਧ ਆਦਿ ਨਾਲ ਸਬੰਧਤ ਪ੍ਰੋਸੈਸਿੰਗ ਸਨਅਤਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।



