ਅੰਮ੍ਰਿਤਸਰ ਜੁਲਾਈ (ਪੀ. ਟੀ)- ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਅਕਾਲੀਆ ਵੱਲੋ ਹਰਿਆਣਾ ਦੇ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਦਖਲ ਅੰਦਾਜੀ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਜਦੋਂ ਉਹਨਾਂ ਨੂੰ ਹਰਿਆਣਾ ਸਰਕਾਰ ਲੰਮੀ ਜਦੋ ਜਹਿਦ ਤੋ ਬਾਅਦ ਵੱਖਰੀ ਕਮੇਟੀ ਦੇਣ ਜਾ ਰਹੀ ਹੈ ਤਾਂ ਉਸ ਦਾ ਵਿਰੋਧ ਕਰਨਾ ਸਾਬਤ ਕਰਦਾ ਹੈ ਕਿ ਬਾਦਲਕੇ ਪੰਥ ਹਿਤੈਸ਼ੀ ਨਹੀ ਸਗੋ ਸੁਆਰਥੀ ਤੇ ਪੰਥ ਵਿਰੋਧੀ ਹਨ। ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਉਹਨਾਂ ਦੀ ਮੰਗ ਵੱਖਰੀ ਗੁਰੂਦੁਆਰਾ ਕਮੇਟੀ ਦਾ ਵਿਰੋਧ ਕਰਕੇ ਬਾਦਲਕੇ ਜਿਥੇ ਸਿੱਖਾਂ ਨੂੰ ਵੰਡ ਰਹੇ ਹਨ ਉਥੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਜਿਸ ਕੇਂਦਰ ਸਰਕਾਰ ਨੂੰ ਪਿਛਲੇ ਕਈ ਦਹਾਕਿਆ ਤੋ
ਇਹ ਕਹਿ ਕੇ ਅਕਾਲੀ ਭੰਡਦੇ ਆ ਰਹੇ ਹਨ ਕਿ ਕੇਂਦਰ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਦਖਲਅੰਦਾਜੀ ਕਰ ਰਹੀ ਹੈ ਅਤੇ ਹੁਣ ਬਾਦਲ ਕੇ ਖੁਦ ਕੇਂਦਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆ ਦਖਲ ਅੰਦਾਜੀ ਕਰਨ ਦੀਆ ਬਾਰ ਬਾਰ ਅਪੀਲਾਂ ਕਰ ਰਹੇ ਹਨ ਤਾਂ ਕਿ ਹਰਿਆਣਾ ਦੇ ਸਿੱਖਾਂ ਨੂੰ ਉਹਨਾਂ ਦੇ ਹੱਕ ਅਨੁਸਾਰ ਵੱਖਰੀ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਾ ਮਿਲ ਸਕੇ। ਉਹਨਾਂ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਚਾਹੀਦਾ ਹੈ ਕਿ ਪੰਜਾਬੀ ਸੂਬਾ ਬਨਣ ਵੇਲੇ ਜਿਹੜੀਆ ਸ਼ਰਤਾਂ ਦੋਹਾਂ ਸੂਬਿਆ ਦੀ ਹੋਂਦ ਲਈ ਰੀਆਰਗੇਨਾਈਜੇਸ਼ਨ ਐਕਟ ਤਹਿਤ ਦਰਜ ਕੀਤੀਆ ਗਈਆ ਸਨ ਉਹਨਾਂ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜਿੰਨਾ ਚਿਰ ਤੱਕ ਹਰਿਆਣਾ ਸਰਕਾਰ ਵੱਖਰੀ ਗੁਰੂਦੁਆਰਾ ਕਮੇਟੀ ਬਣਾ ਨਹੀ ਲੈਦੀ ਸਿਰਫ ਉਨਾ ਚਿਰ ਹੀ ਤੱਕ ਸ਼੍ਰੋਮਣੀ ਕਮੇਟੀ ਹਰਿਆਣੇ ਦੇ ਗੁਰਧਾਮਾਂ ਤੇ ਆਪਣਾ ਕਬਜ਼ਾ ਰੱਖ ਸਕੇਗੀ। ਉਹਨਾਂ ਕਿਹਾ ਕਿ ਹਰਿਆਣੇ ਦੇ ਸਿੱਖ ਪਿਛਲੇ ਚਾਲੀ ਸਾਲਾਂ ਤੋ ਸ਼੍ਰੋਮਣੀ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ ਹਨ ਪਰ ਜਦੋ ਤੋ ਬਾਦਲ ਦਲ ਨੇ ਸੁਮੱਚੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਤੇ ਆਪਣਾ ਕਬਜ਼ਾ ਜਮਾਇਆ ਹੈ ਉਸ ਦਿਨ ਤੋ ਹਰਿਆਣਾ ਦੇ ਸਿੱਖਾਂ ਨੂੰ ਅੱਖੋ ਪਰੋਖੇ ਕੀਤਾ ਜਾਣ ਲੱਗ ਪਿਆ ਤੇ ਉਹਨਾਂ ਨੂੰ ਮਜਬੂਰਨ ਵੱਖਰੀ ਕਮੇਟੀ ਦਾ ਰਾਗ ਅਲਾਪਣਾ ਪਿਆ।



