ਸਾਹੀਵਾਲ ਕੈਟਲ ਬਰੀਡਰਜ਼ ਸੋਸਾਇਟੀ ਸਥਾਪਿਤ ਕਰਨ ਦੀ ਪ੍ਰਵਾਨਗੀ
ਚੰਡੀਗੜ੍ਹ, 11 ਜੁਲਾਈ (ਪੀ. ਟੀ)- ਪੰਜਾਬ ਭਰ ਵਿੱਚ ਡੇਅਰੀ ਫਾਰਮਿੰਗ ਨੂੰ ਬੜ੍ਹਾਵਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪਸ਼ੂ ਪਾਲਣ ਵਿਭਾਗ ਨੂੰ ਰਾਜ ਵਿੱਚ ਵੱਧ ਦੁੱਧ ਦੇਣ ਵਾਲੀਆਂ ਸਾਹੀਵਾਲ ਨਸਲ ਦੀਆਂ ਮੱਝਾਂ ਨੂੰ ਵੱਡੀ ਪੱਧਰ ’ਤੇ ਰਾਜ ਦੇ ਪਸ਼ੂਧਨ ਵਿੱਚ ਸ਼ਾਮਲ ਕਰਨ ਵਾਸਤੇ ਵਿਆਪਕ ਯੋਜਨਾ ਬਨਾਉਣ ਲਈ ਆਖਿਆ ਹੈ।ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਸਵੇਰੇ ਪਾਕਿਸਤਾਨ ਦੇ ਸਾਹੀਵਾਲ ਕੈਟਲ ਬਰੀਡਰ ਸ੍ਰੀ ਮੁਹੰਮਦ ਅਫਤਾਬ ਖਾਨ ਵੱਟੂ ਨਾਲ ਇੱਕ ਮੀਟਿੰਗ ਦੌਰਾਨ ਲਿਆ ਜੋ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਨਸਲਾਂ ਦੀ ਸੰਭਾਲ ਲਈ ਅਯੋਜਿਤ ਕਰਵਾਏ ਗਏ ਇੱਕ ਸੈਮੀਨਾਰ ਵਿੱਚ ਹਿੱਸਾ ਲੈਣ ਆਏ ਸਨ। ਉਨ੍ਹਾਂ ਨੂੰ ਇਸ ਸੈਮੀਨਾਰ ਵਿੱਚ ਹਿੱਸਾ ਲੈਣ ਦਾ ਸੱਦਾ
ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤਾ ਗਿਆ ਸੀ।ਸਾਹੀਵਾਲ ਗਾਵਾਂ ਵਿੱਚ ਵੱਡੀ ਦਿਲਚਸਪੀ ਦਿਖਾਉਂਦੇ ਹੋਏ ਸ. ਬਾਦਲ ਨੇ ਪੰਜਾਬ ਵਿੱਚ ਸਾਹੀਵਾਲ ਬਰੀਡਰਜ਼ ਸੋਸਾਇਟੀ ਸਥਾਪਿਤ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਰਾਜ ਵਿੱਚ ਵਪਾਰਕ ਪੱਖ ਤੋਂ ਸਾਹੀਵਾਲ ਨਸਲਾਂ ਦੇ ਪਸ਼ੂਆਂ ਨੂੰ ਰੱਖਣ ਅਤੇ ਇਨ੍ਹਾਂ ਨੂੰ ਬੜ੍ਹਾਵਾ ਦੇਣ ਲਈ ਲੋਕਾਂ ਨੂੰ ਜਾਗਰੂਕ ਕਰੇਗੀ। ਮੁੱਖ ਮੰਤਰੀ ਦੇ ਕਹਿਣ ’ਤੇ ਪਾਕਿਸਤਾਨ ਪੰਜਾਬ ਵਿੱਚ ਸਾਹੀਵਾਲ ਕੈਟਲ ਬਰੀਡਰਜ਼ ਸੋਸਾਇਟੀ ਦੇ ਪ੍ਰਧਾਨ ਸ੍ਰੀ ਵਟੂ ਨੇ ਏਥੇ ਦੇ ਪੰਜਾਬ ਵਿੱਚ ਵੀ ਸਾਹੀਵਾਲ ਨਸਲ ਦੇ ਪਸ਼ੂਆਂ ਨੂੰ ਬੜ੍ਹਾਵਾ ਦੇਣ ਲਈ ਪੂਰੀ ਮਦਦ ਅਤੇ ਸਹਿਯੋਗ ਲਈ ਸਹਿਮਤੀ ਪ੍ਰਗਟਾਈ ਕਿਉਂਕਿ ਇਹ ਨਸਲ ਏਥੇ ਦੇ ਮੌਸਮ ਲਈ ਢੁਕਵੀਂ ਵੀ ਹੈ ਅਤੇ ਇਹ ਬਿਮਾਰੀਆਂ ਨਾਲ ਨਿਪਟਣ ਦੇ ਲਈ ਵੀ ਪੂਰੀ ਸਮਰੱਥ ਵੀ ਹੈ। ਮੁੱਖ ਮੰਤਰੀ ਨੇ ਪਸ਼ੂ ਪਾਲਣ ਵਿਭਾਗ ਨੂੰ ਸਾਹੀਵਾਲ ਨਸਲ ਦੇ ਪਸ਼ੂਆਂ ਦਾ ਸੀਮਨ ਦਰਾਮਦ ਕਰਨ ਲਈ ਬ੍ਰਾਜੀਲ ਦੀ ਸਰਕਾਰ ਨਾਲ ਸਮਝੌਤਾ ਕਰਨ ਲਈ ਵੀ ਆਖਿਆ ਤਾਂ ਜੋ ਪੰਜਾਬ ਦੇ ਡੇਅਰੀ ਫਾਰਮਰਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਜੋ ਕਿ ਵੱਡੀ ਪੱਧਰ ’ਤੇ ਇਸ ਨਸਲ ਦੇ ਪਸ਼ੂ ਰੱਖਣ ਲਈ ਉਤਸੁਕ ਹਨ। ਇਸ ਮੌਕੇ ਵੇਚੂਰ ਟਰਸਟ ਕੇਰਲਾ ਦੇ ਡਾ. ਕੇ ਸੀ ਜਯਾਲ ਨੇ ਕੇਰਲ ਦੀ ‘ਕਸਾਰਗੋਡ’ ਗਾਵਾਂ ਦੀ ਨਸਲ ਅਤੇ ਇਨ੍ਹਾਂ ਦੇ ਦੁੱਧ ਦੀ ਮੈਡੀਸੀਨਲ ਕਦਰ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਦਿਵਿਆ ਜਯੋਤੀ ਜਾਗਰਤੀ ਸੰਸਥਾਨ (ਨੂਰਮਹਿਲ) ਦੇ ਸਵਾਮੀ ਚਿਨਮਯਾਨੰਦ ਅਤੇ ਨਾਮਧਾਰੀ ਸੰਗਤ ਸ੍ਰੀ ਭੈਣੀ ਸਾਹਿਬ ਦੇ ਨੁਮਾਇੰਦੇ ਸ੍ਰੀ ਬਲਦੇਵ ਸਿੰਘ ਨੇ ਵੀ ਸਾਹੀਵਾਲ ਪਸ਼ੂਆਂ ਬਾਰੇ ਆਪਣੇ ਤਜਰਬਿਆਂ ਨੂੰ ਸਾਂਝੇ ਕੀਤਾ।
ਸ. ਬਾਦਲ ਨੇ ਇਸ ਨਸਲ ਦੇ ਸਬੰਧ ਵਿੱਚ ਭਾਰੀ ਦਿਲਚਸਪੀ ਵਿਖਾਈ ਅਤੇ ਰਾਜ ਵਿੱਚ ਇਸ ਨਸਲ ਨੂੰ ਲਿਆਉਣ ਬਾਰੇ ‘ਡੇਅਰੀ ਸੈਕਟਰ ਵਿੱਚ ਇਨਕਲਾਬੀ ਕਦਮ’ ਦੱਸਿਆ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਰੀਸਰਚ ਸੈਂਟਰ ਫਾਰ ਕੰਜਰਬਵੇਸ਼ਨ ਆਫ ਸਾਹੀਵਾਲ ਕੈਟਲ ਦੇ ਡਾਇਰੈਕਟਰ ਡਾ. ਜਾਵੇਦ ਇਕਬਾਲ, ਜੈਨੇਟਿਕਸ ਐਂਡ ਬਰੀਡਿੰਗ ਆਫ ਲਾਈਵਸਟੋਕ ਕੋਮਸੇਟਸ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨੋਲੋਜੀ ਸਾਹੀਵਾਲ ਪਾਕਿਸਤਾਨ, ਵਿੱਤ ਕਮਿਸ਼ਨਰ ਪਸ਼ੂ ਪਾਲਣ ਸ੍ਰੀ ਜੀ ਵਿਜਰਾ¦ਿਗਮ, ਸਲਾਹਕਾਰ ਪਸ਼ੂ ਪਾਲਣ ਵਿਭਾਗ ਪ੍ਰੋਫੈਸਰ ਪੀ ਕੇ ਉੱਪਲ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਕੇ ਜੇ ਐਸ ਚੀਮਾਂ, ਡਾਇਰੈਕਟਰ ਕਸਾਰਗੋਡ ਡਵਾਰਫ ਕੰਜਰਵੇਸ਼ਨ ਸੋਸਾਇਟੀ ਅਤੇ ਮੁਖੀ ਐਨ ਬੀ ਏ ਜੀ ਆਰ ਕੇਰਲਾ ਡਾ. ਡੀ ਕੇ ਸਦਨਾ ਵੀ ਸ਼ਾਮਲ ਸਨ।



