April 15, 2026 6:58 pm

ਅਡਾਨੀ ਗਰੁੱਪ ਨੂੰ ਬੈਂਕਾਂ ਨੇ ਨਿਯਮਾਂ ਮੁਤਾਬਕ ਦਿੱਤਾ ਕਰਜ਼, ਪਹਿਲੀ ਵਾਰੀ ਸਾਹਮਣੇ ਆਇਆ ਆਰਬੀਆਈ, ਕਿਹਾ- ਬੈਂਕਿੰਗ ਵਿਵਸਥਾ ਸਹੀ

ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਇਕ ਹਫ਼ਤੇ ਤੋਂ ਆ ਰਹੀ ਗਿਰਾਵਟ ਨਾਲ ਪੈਦਾ ਹਾਲਾਤ ’ਤੇ ਪਹਿਲੀ ਵਾਰੀ ਆਰਬੀਆਈ ਨੇ ਮੂੰਹ ਖੋਲ੍ਹਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਵਿੱਤੀ ਰੈਗੂਲੇਟਰੀ ਏਜੰਸੀ ਨੇ

ਨਵੀਂ ਦਿੱਲੀ: ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਇਕ ਹਫ਼ਤੇ ਤੋਂ ਆ ਰਹੀ ਗਿਰਾਵਟ ਨਾਲ ਪੈਦਾ ਹਾਲਾਤ ’ਤੇ ਪਹਿਲੀ ਵਾਰੀ ਆਰਬੀਆਈ ਨੇ ਮੂੰਹ ਖੋਲ੍ਹਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਵਿੱਤੀ ਰੈਗੂਲੇਟਰੀ ਏਜੰਸੀ ਨੇ ਅਡਾਨੀ ਗਰੁੱਪ ਦਾ ਨਾਂ ਲਏ ਬਗ਼ੈਰ ਕਿਹਾ ਹੈ ਕਿ ਬੈਂਕਿੰਗ ਸਿਸਟਮ ਦੀ ਸਥਿਤੀ ਮਜ਼ਬੂਤ-ਤਸੱਲੀਬਖਸ਼ ਹੈ ਤੇ ਉਨ੍ਹਾਂ ਨੇ ਆਰਬੀਆਈ ਦੇ ਨਿਯਮਾਂ ਮੁਤਾਬਕ ਹੀ ਵੱਡੇ ਸਨਅਤੀ ਘਰਾਨਿਆਂ ਨੂੰ ਕਰਜ਼ ਦਿੱਤਾ ਹੈ। ਕੇਂਦਰੀ ਬੈਂਕ ਨੇ ਇਹ ਵੀ ਕਿਹਾ ਕਿ ਉਹ ਪੂਰੀ ਤਰ੍ਹਾਂ ਚੌਕਸ ਹੈ ਤੇ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ। ਆਰਬੀਆਈ ਦੇ ਇਸ ਬਿਆਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋ ਸਰਕਾਰੀ ਬੈਂਕਾਂ ਭਾਰਤੀ ਸਟੇਟ ਬੈਂਕ ਤੇ ਬੈਂਕ ਆਫ ਬੜੌਦਾ ਨੇ ਕਿਹਾ ਕਿ ਉਨ੍ਹਾਂ ਨੇ ਨਿਯਮਾਂ ਮੁਤਾਬਕ ਹੀ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਕਰਜ਼ ਦਿੱਤਾ ਹੈ ਤੇ ਗਰੁੱਪ ਵੱਲੋਂ ਹੋਰ ਕਰਜ਼ ਦੀ ਕੋਈ ਤਜਵੀਜ਼ ਨਹੀਂ ਆਈ।

ਸ਼ੁੱਕਰਵਾਰ ਦੇਰ ਸ਼ਾਮ ਆਰਬੀਆਈ ਵੱਲੋਂ ਕਿਹਾ ਗਿਆ ਕਿ ਇਕ ਵੱਡੇ ਕਾਰਪੋਰੇਟ ਘਰਾਨੇ ਨੂੰ ਭਾਰਤੀ ਬੈਂਕਾਂ ਵੱਲੋਂ ਦਿੱਤੇ ਗਏ ਕਰਜ਼ ਨੂੰ ਲੈ ਕੇ ਮੀਡੀਆ ’ਚ ਕਈ ਤਰ੍ਹਾਂ ਦੀਆਂ ਰਿਪੋਰਟਾਂ ਆਈਆਂ ਹਨ। ਇਕ ਰੈਗੂਲੇਟਰੀ ਦੇ ਤੌਰ ’ਤੇ ਆਰਬੀਆਈ ਵਿੱਤੀ ਸਥਿਰਤਾ ਲਈ ਕਾਫ਼ੀ ਤਿੱਖੀ ਨਜ਼ਰ ਰੱਖਦਾ ਹੈ। ਆਰਬੀਆਈ ਕੋਲ ਇਕ ਕੇਂਦਰੀ ਡਾਟਾ ਸਿਸਟਮ ਵੀ ਹੈ, ਜਿੱਥੇ ਪੰਜ ਕਰੋੜ ਰੁਪਏ ਤੋਂ ਜ਼ਿਆਦਾ ਦੇ ਸਾਰੇ ਕਰਜ਼ ਦੇਣ ਦੀ ਨਿਗਰਾਨੀ ਰੱਖੀ ਜਾਂਦੀ ਹੈ। ਹਾਲੇ ਆਰਬੀਆਈ ਦਾ ਮੰਨਣਾ ਇਹ ਹੈ ਕਿ ਬੈਂਕਿੰਗ ਵਿਵਸਥਾ ਮਜ਼ਬੂਤ ਤੇ ਸਥਿਰ ਹੈ। ਪੂੰਜੀ ਉਚਿਤ ਪੱਧਰ, ਜਾਇਦਾਦਾਂ ਦੀ ਗੁਣਵੱਤਾ, ਲਿਕਵਿਡਿਟੀ, ਪ੍ਰੋਵਿਜ਼ਨਿੰਗ ਆਦਿ ਦੀ ਸਥਿਤੀ ਸਹੀ ਹੈ। ਵੱਡੇ ਯੂਨਿਟਾਂ ਨੂੰ ਕਰਜ਼ ਦੇਣ ਸਬੰਧੀ ਆਰਬੀਆਈ ਦੇ ਨਿਯਮਾਂ ਦੀ ਵੀ ਬੈਂਕ ਪਾਲਣਾ ਕਰ ਰਹੇ ਹਨ।

ਅਡਾਨੀ ਗਰੁੱਪ ਨੂੰ ਲੈ ਕੇ ਹਿੰਡਨਬਰਗ ਨਾਂ ਦੀ ਇਕ ਮਸ਼ਹੂਰ ਏਜੰਸੀ ਨੇ 26 ਜਨਵਰੀ ਨੂੰ ਰਿਪੋਰਟ ਦਿੱਤੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਗਰੁੱਪ ਨੇ ਜਾਣਬੁੱਝ ਕੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਵਧਾਇਆ ਤੇ ਨਕਲੀ ਤੌਰ ’ਤੇ ਜ਼ਿਆਦਾ ਮੁੱਲਾਂਕਣ ਕੀਤਾ ਗਿਆ ਹੈ। ਇਸ ਤੋਂ ਬਾਅਦ ਭਾਰਤ ’ਚ ਅਡਾਨੀ ਗਰੁੱਪ ਦੀ ਸੂਚੀਬੱਧ ਸਾਰੀਆਂ ਦਸ ਕੰਪਨੀਆਂ ਦੇ ਸ਼ੇਅਰ ਭਾਅ ਮੁੱਧੇ ਮੂੁੰਹ ਡਿੱਗ ਚੁੱਕੇ ਹਨ। ਦਬਾਅ ’ਚ ਕੰਪਨੀ ਨੂੰ ਆਪਣੇ ਐੱਫਪੀਓ ਵੀ ਰੱਦ ਕਰਨਾ ਪਿਆ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮੁੱਲਾਂਕਣ ਪਿਛਲੇ ਦਸ ਦਿਨਾਂ ’ਚ 100 ਅਰਬ ਡਾਲਰ ਤੱਕ ਡਿੱਗ ਚੁੱਕਾ ਹੈ।

ਅਡਾਨੀ ਵਿਵਾਦ ਨਾਲ ਨਿਵੇਸ਼ਕਾਂ ਦੇ ਭਰੋਸੇ ’ਤੇ ਨਹੀਂ ਪਵੇਗਾ ਅਸਰ: ਵਿੱਤ ਮੰਤਰੀ

ਅਡਾਨੀ-ਹਿੰਡਨਬਰਗ ਵਿਵਾਦ ਨੂੰ ਲੈ ਕੇ ਪਹਿਲੀ ਵਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਪ੍ਰਤੀਕ੍ਰਿਆ ਦਿੱਤੀ। ਕਿਹਾ, ਭਾਰਤ ਦਾ ਵਿੱਤੀ ਸੈਕਟਰ ਬਹੁਤ ਹੀ ਚੰਗੇ ਤਰੀਕੇ ਨਾਲ ਰੈਗੂਲੇਟਰੀ ਵੱਲੋਂ ਕੰਟਰੋਲ ਹੁੰਦਾ ਹੈ ਤੇ ਇਸ ਵਿਵਾਦ ਨਾਲ ਨਿਵੇਸ਼ਕਾਂ ਦੇ ਭਰੋਸੇ ’ਤੇ ਕੋਈ ਅਸਰ ਨਹੀਂ ਪਵੇਗਾ। ਕਿਸੇ ਇਕ ਵਿਵਾਦ ਨਾਲ ਕੋਈ ਅਸਰ ਨਹੀਂ ਪੈਂਦਾ, ਭਾਵੇਂ ਵਿਸ਼ਵ ਪੱਧਰ ’ਤੇ ਇਸਦੀ ਕਿੰਨੀ ਹੀ ਚਰਚਾ ਹੋਵੇ। ਅਡਾਨੀ ਗਰੁੱਪ ਨੂੰ ਬੈਂਕਾਂ ਵਲੋਂ ਨਿਰਧਾਰਤ ਹੱਦ ’ਚ ਲੋਨ ਦਿੱਤੇ ਗਏ ਹਨ ਤੇ ਗਰੁੱਪ ਦੇ ਕੁੱਲ ਮੁੱਲ ’ਚ ਗਿਰਾਵਟ ਦੇ ਬਾਵਜੂਦ ਵਿੱਤੀ ਅਦਾਰਿਆਂ ਦੇ ਸਟਾਕ ਫ਼ਾਇਦੇ ’ਚ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਵਿੱਤੀ ਸੰਸਥਾਵਾਂ ਨੇ ਅਡਾਨੀ ਗਰੁੱਪ ਨੂੰ ਦਿੱਤੇ ਲੋਨ ਬਾਰੇ ਬਿਆਨ ਦਿੱਤੇ ਹਨ ਕਿ ਅਡਾਨੀ ਦੇ ਸ਼ੇਅਰ ਟੁੱਟਣ ਨਾਲ ਉਨ੍ਹਾਂ ’ਤੇ ਕੋਈ ਅਸਰ ਨਹੀਂ ਪਵੇਗਾ। ਐੱਸਬੀਆਈ ਤੇ ਐੱਲਆਈਸੀ ਦੇ ਮੁਖੀਆਵਾਂ ਨੇ ਖ਼ੁਦ ਸਾਹਮਣੇ ਆ ਕੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੇ ਹੱਦ ਤੋਂ ਜ਼ਿਆਦਾ ਲੋਨ ਨਹੀਂ ਦਿੱਤਾ ਤੇ ਉਹ ਹਾਲੇ ਵੀ ਲਾਭ ’ਚ ਹਨ।

ਚਾਹ ਦੇ ਕੱਪ ’ਚ ਉੱਠੇ ਤੂਫਾਨ ਤੋਂ ਜ਼ਿਆਦਾ ਇਹ ਕੁਝ ਨਹੀਂ: ਵਿੱਤ ਸਕੱਤਰ

ਵਿੱਤ ਸਕੱਤਰ ਟੀਵੀ ਸੋਮਨਾਥਨ ਨੇ ਕਿਹਾ ਕਿ ਅਡਾਨੀ ਗਰੁੁੱਪ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਨਾਲ ਸ਼ੇਅਰ ਬਾਜ਼ਾਰ ’ਚ ਮਚੀ ਆਪਾਧਾਪੀ ਮੈਕਰੋ ਇਕੋਨਾਮਿਕ ਨਜ਼ਰੀਏ ਨਾਲ ਚਾਹ ਦੇ ਕੱਪ ’ਚ ਉੱਠੇ ਤੂਫ਼ਾਨ ਤੋਂ ਜ਼ਿਆਦਾ ਕੁਝ ਨਹੀਂ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ’ਤੇ ਲੱਗੇੇ ਧੋਖਾਧੜੀ ਦੇ ਦੋਸ਼ਾਂ ਦਾ ਬੈਂਕਾਂ ਤੇ ਬੀਮਾ ਕੰਪਨੀਆਂ ’ਤੇ ਸੰਭਾਵਿਤ ਅਸਰ ਦੇ ਸਬੰਧ ’ਚ ਵਿੱਤ ਮੰਤਰਾਲੇ ਦੇ ਸਭ ਤੋਂ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਮ੍ਹਾਂਕਰਤਾਵਾਂ ਜਾਂ ਪਾਲਿਸੀਧਾਰਕਾਂ ਜਾਂ ਇਨ੍ਹਾਂ ਕੰਪਨੀਆਂ ਦੇ ਕਿਸੇ ਵੀ ਸ਼ੇਅਰਧਾਰਕ ਲਈ ਵਿੱਤੀ ਸਥਿਰਤਾ ਨੂੰ ਲੈ ਕੇ ਚਿੰਤਾ ਦੀ ਕੋਈ ਗੱਲ ਨਹੀਂ ਹੈ। ਕਿਸੇ ਵੀ ਇਕ ਕੰਪਨੀ ਦਾ ਸ਼ੇਅਰ ਅਜਿਹਾ ਨਹੀਂ ਹੈ ਕਿ ਉਹ ਵਿਸ਼ਾਲ ਆਰਥਿਕ ਪੱਧਰ ’ਤੇ ਕੋਈ ਅਸਰ ਪਾ ਸਕੇ। ਭਾਰਤ ਦੀ ਜਨਤਕ ਵਿੱਤੀ ਪ੍ਰਣਾਲੀ ਕਾਫ਼ੀ ਮਜ਼ਬੂਤ ਹੈ ਤੇ ਸ਼ੇਅਰ ਬਾਜ਼ਾਰ ਦੀ ਉੱਠਾਪਟਕ ਸਰਕਾਰ ਦੀ ਚਿੰਤਾ ਦਾ ਵਿਸ਼ਾ ਨਹੀਂ ਹੈ। ਇਸ ਬਾਰੇ ਜ਼ਰੂਰੀ ਕਦਮ ਚੁੱਕਣ ਲਈ ਸੁਤੰਤਰ ਰੈਗੂਲੇਟਰੀ ਹੈ।

ਇਹ ਵੀ ਜਾਣੋ

-ਕੌਮਾਂਤਰੀ ਰੇਟਿੰਗ ਏਜੰਸੀ ਫਿਚ ਨੇ ਕਿਹਾ ਹੈ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਦੀ ਰੇਟਿੰਗ ਬਾਰੇ ਉਹ ਫਿਲਹਾਲ ਕੋਈ ਬਦਲਾਅ ਨਹੀਂ ਕਰਨ ਜਾ ਰਹੀ।

-ਰੇਟਿੰਗ ਏਜੰਸੀ ਮੂਡੀਜ ਨੇ ਕਿਹਾ ਕਿ ਜਿਸ ਤਰ੍ਹਾਂ ਸਮੂਹ ਦੀਆਂ ਕੰਪਨੀਆਂ ਦੇ ਭਾਅ ਹੇਠਾਂ ਆਏ ਹਨ, ਉਸ ਕਾਰਨ ਭਵਿੱਖ ’ਚ ਫੰਡ ਜੁਟਾਉਣ ਦੀ ਕੰਪਨੀ ਦ ਸਮਰੱਥਾ ’ਤੇ ਅਸਰ ਪੈ ਸਕਦਾ ਹੈ.

ਅਡਾਨੀ ਸਮੂਹ ਨਾਲ ਜੁੜੇ ਵਧੇਰੇ ਸੈਕਟਰ ਦੇ ਸ਼ੇਅਰ ਭਾਅ ’ਚ ਵੀ ਸ਼ੁੱਕਰਵਾਰ ਨੂੰ ਵੀ ਗਿਰਾਵਟ ਜਾਰੀ ਰਹੀ, ਪਰ ਅਡਾਨੀ ਪੋਰਟ ਦੇ ਸ਼ੇਅਰ ਭਾਅ ’ਚ 7.87 ਫ਼ੀਸਦੀ ਦਾ ਵਾਧਾ ਰਿਹਾ।

Send this to a friend