ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਸਰਗਰਮ ਸਿਆਸਤ ਤੋਂ ਦੂਰ ਵਿਦੇਸ਼ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਮੁੜ ਸਰਗਰਮ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਤੇ
ਚੰਡੀਗੜ੍ਹ : ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਸਰਗਰਮ ਸਿਆਸਤ ਤੋਂ ਦੂਰ ਵਿਦੇਸ਼ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਮੁੜ ਸਰਗਰਮ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਤੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਮੰਗਲਵਾਰ ਨੂੰ ਰਾਜਸਥਾਨ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਏ। ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਚੰਨੀ ਕਾਂਗਰਸ ਹਾਈ ਕਮਾਨ ਦੇ ਨੇੜੇ ਹੀ ਦਿਖਾਈ ਦੇ ਰਹੇ ਹਨ। ਹਾਲੇ ਤਕ ਉਹ ਪੰਜਾਬ ਨਹੀਂ ਪਹੁੰਚੇ ਹਨ। ਜਦਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਨਵਰੀ ’ਚ ਪੰਜਾਬ ਪਹੁੰਚ ਰਹੀ ਹੈ।
ਯਾਤਰਾ ਤੋਂ ਠੀਕ ਪਹਿਲਾਂ ਚੰਨੀ ਦੀ ਭਾਰਤ ਵਾਪਸੀ ਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਮਿਲਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ 2022 ਦੀ ਵਿਧਾਨ ਸਭਾ ਚੋਣ ਚੰਨੀ ਦੀ ਅਗਵਾਈ ’ਚ ਲੜੀ ਗਈ ਸੀ। ਰਾਹੁਲ ਗਾਂਧੀ ਨੇ ਚੰਨੀ ਨੂੰ ਮੁੜ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ। ਇਸ ਚੋਣ ’ਚ ਕਰਾਰੀ ਹਾਰ ਤੋਂ ਬਾਅਦ ਚੰਨੀ ਨੌਂ ਮਹੀਨੇ ਤਕ ਵਿਦੇਸ਼ ’ਚ ਹੀ ਰਹੇ। ਚੰਨੀ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ ਨਾਲ ਯਾਤਰਾ ’ਚ ਸ਼ਾਮਲ ਹੋਣਾ ਇਹ ਸੰਕੇਤ ਦੇ ਰਿਹਾ ਹੈ ਕਿ ਉਹ ਹੁਣ ਮੁੜ ਸਰਗਰਮ ਨਜ਼ਰ ਆਉਣਗੇ।