May 22, 2026 4:49 am

ਕਿਸਾਨ ਜਥੇਬੰਦੀ ਦਾ ਐਲਾਨ ; 15 ਦਸੰਬਰ ਤੋਂ 15 ਜਨਵਰੀ ਤਕ ਟੋਲ ਮੁਕਤ ਕਰਾਂਗੇ ਪੰਜਾਬ ਦੀਆਂ ਸੜਕਾਂ

ਅੰਮ੍ਰਿਤਸਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫਤਰਾਂ ’ਤੇ ਚੱਲ ਰਹੇ ਲੰਬੇ ਸਮੇਂ ਦੇ ਮੋਰਚਿਆਂ ਦੇ ਨੌਂਵੇਂ ਦਿਨ ਡੀਸੀ ਦਫ਼ਤਰ ਵਿਖੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿਚ ਆਉਣ ਵਾਲੇ ਸਮੇਂ ਵਿਚ ਸਰਕਾਰ ਵਿਰੁੱਧ ਐਕਸ਼ਨ ਪ੍ਰੋਗਰਾਮ ਨੂੰ ਲੈ ਕੇ ਫ਼ੈਸਲੇ ਲਏ ਗਏ ਹਨ। ਮੁੱਖ ਤੌਰ ’ਤੇ 15 ਦਸੰਬਰ ਤੋਂ ਲੈ ਕੇ 15 ਜਨਵਰੀ ਤਕ ਜਨਤਾ ਲਈ ਸੜਕਾਂ ਟੋਲ ਫਰੀ ਕਰਨ ਦਾ ਫ਼ੈਸਲਾ ਲਿਆ ਹੈ। ਜਥੇਬੰਦੀ ਯਕੀਨੀ ਬਣਾਏਗੀ ਕਿ ਇਸ ਅਰਸੇ ਦੌਰਾਨ ਟੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਕੰਪਨੀਆਂ ਕੋਲੋਂ ਦਿਵਾਈਆਂ ਜਾਣ। 12 ਦਸੰਬਰ ਨੂੰ ਪੰਜਾਬ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ। ਲੰਘੇ 9 ਦਿਨਾਂ ਤੋਂ ਜਥੇਬੰਦੀਆਂ ਲਗਾਤਾਰ ਡੀਸੀ ਦਫ਼ਤਰਾਂ ’ਤੇ ਧਰਨੇ ਲਾ ਕੇ ਜਨਤਾ ਦੀਆਂ ਮੰਗਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਅੱਗੇ ਰੱਖ ਰਹੀ ਹੈ ਪਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ। ਅੱਜ (5 ਦਸੰਬਰ ਨੂੰ) ਕੇਂਦਰ ਦੇ ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦਿੱਤੇ ਜਾਣਗੇ। 7 ਦਸੰਬਰ ਨੂੰ ਡੀਸੀ ਦਫਤਰਾਂ ਦੇ ਗੇਟਾਂ ’ਤੇ 4 ਘੰਟੇ ਦੇ ਧਰਨੇ ਲਾਏ ਜਾਣਗੇ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਸਰਕਾਰ ਚਾਹੇ ਪੰਜਾਬ ਦੀ ਹੋਵੇ ਜਾਂ ਕੇਂਦਰ ਸਰਕਾਰ ਹੋਵੇ, ਉਹ ਕਾਰਪੋਰੇਟ ਵਪਾਰੀ ਘਰਾਨਿਆਂ ਲਈ ਸਾਰੀਆਂ ਨੀਤੀਆਂ ਤਿਆਰ ਕਰ ਰਹੀ ਹੈ। ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਵਰ ਦਲੀਪ ਸੈਦੋਲੇਹਲ, ਸਵਿੰਦਰ ਸਿੰਘ ਰੂਪੋਵਾਲੀ, ਲਖਬੀਰ ਸਿੰਘ, ਮੇਜਰ ਸਿੰਘ ਅਬਦਾਲ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਕਾਜੀਕੋਟ, ਕੰਵਲਜੀਤ ਸਿੰਘ ਵਣਚੜ੍ਹੀ, ਦਿਲਬਾਗ਼ ਸਿੰਘ ਖਾਪੜਖੇੜੀ, ਮੰਗਵਿੰਦਰ ਸਿੰਘ ਮਢਿਆਲਾ, ਮੁਖ਼ਤਾਰ ਸਿੰਘ ਭੰਗਵਾ ਨੇ ਮੋਰਚੇ ਨੂੰ ਸੰਬੋਧਨ ਕੀਤਾ। ਸਟੇਜ ਸੰਚਾਲਨ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਨੇ ਕੀਤਾ।

Send this to a friend