ਤਰਨਤਾਰਨ ਦੇ ਕਾਰੋਬਾਰੀ ਕੋਲੋਂ 20 ਲੱਖ ਦੀ ਰੰਗਦਾਰੀ ਮੰਗਣ ਵਾਲੇ ਬੇਨਕਾਬ, ਦੋ ਵਿਅਕਤੀ ਗ੍ਰਿਫ਼ਤਾਰ

ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿਚ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਦੇਸ਼ ਵਿਦੇਸ਼ ’ਚ ਬੈਠੇ ਗੈਂਗਸਟਰਾਂ ਵੱਲੋਂ ਫ਼ਿਰੌਤੀ ਦੇਣ ਦੀਆਂ ਧਮਕੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਇਲਾਕੇ ਵਿਚ ਫ਼ਿਰੌਤੀ ਲਈ ਧ

ਤਰਨਤਾਰਨ : ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿਚ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਦੇਸ਼ ਵਿਦੇਸ਼ ’ਚ ਬੈਠੇ ਗੈਂਗਸਟਰਾਂ ਵੱਲੋਂ ਫ਼ਿਰੌਤੀ ਦੇਣ ਦੀਆਂ ਧਮਕੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਇਲਾਕੇ ਵਿਚ ਫ਼ਿਰੌਤੀ ਲਈ ਧਮਕੀ ਦੇਣ ਦੀ ਖ਼ਬਰ ਸਾਹਮਣੇ ਆ ਜਾਂਦੀ ਹੈ ਜਿਸ ਕਰਕੇ ਕਾਰੋਬਾਰੀਆਂ ਵਿਚ ਸਹਿਮ ਦੇ ਮਾਹੌਲ ਪਾਇਆ ਜਾ ਰਿਹਾ। ਤਰਨਤਾਰਨ ਜ਼ਿਲ੍ਹੇ ਵਿਚ ਵੀ ਲੱਖਾਂ ਰੁਪਏ ਦੀ ਫ਼ਿਰੌਤੀ ਦੇਣ ਦੇ ਅਜਿਹੇ ਦੋ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿੰਨਾਂ ਵਿਚੋਂ ਇਕ ਦੇ ਤਾਰ ਪਾਕਿਸਤਾਨ ਨਾਲ ਵੀ ਜੁੜੇ ਹੋਏ ਹਨ। ਹਾਲਾਂਕਿ ਤਰਨਤਾਰਨ ਸ਼ਹਿਰ ਨਾਲ ਸਬੰਧਤ ਇਕ ਵਪਾਰੀ ਕੋਲੋਂ 20 ਲੱਖ ਦੀ ਰੰਗਦਾਰੀ ਮੰਗਣ ਵਾਲੇ ਚਾਰ ਲੋਕਾਂ ਨੂੰ ਪੁਲਿਸ ਨੇ ਬੇਨਕਾਬ ਕਰਦਿਆਂ ਦੋ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਤਰਨਤਾਰਨ ਦੇ ਦੀਪ ਐਵੀਨਿਊ ਨਿਵਾਸੀ ਚਿਰੰਤਨ ਗੁਪਤਾ ਉਰਫ ਹਨੀ ਨੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 26 ਨਵੰਬਰ ਵਾਲੇ ਦਿਨ ਉਸ ਨੂੰ ਫ਼ੋਨ ਆਇਆ ਅਤੇ ਅਣਪਛਾਤੇ ਵਿਅਕਤੀਆਂ ਨੇ ਉਸ ਕੋਲੋਂ 20 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ। ਚਿਰੰਤਨ ਗੁਪਤਾ ਨੇ ਇਹ ਵੀ ਦੱਸਿਆ ਕਿ ਧਮਕੀ ਦੇਣ ਵਾਲੇ ਲਗਾਤਾਰ ਫ਼ੋਨ ਕਰਕੇ ਉਸ ਨੂੰ ਫ਼ਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿਚ ਜਾਨ ਤੋਂ ਮਾਰ ਦੇਣ ਦੀਆਂ ਗੱਲਾਂ ਕਹਿ ਕੇ ਧਮਕਾ ਰਹੇ ਹਨ। ਮਾਮਲਾ ਜਦੋਂ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਤਾਂ ਤੁਰੰਤ ਹਰਕਤ ਵਿਚ ਆਉਦਿਆਂ ਧਮਕੀ ਵਾਲਾ ਫੋਨ ਕਰਨ ਵਾਲਿਆਂ ਦਾ ਸੁਰਾਗ ਲਗਾਉਣ ਲਈ ਯਤਨ ਸ਼ੁਰੂ ਹੋ ਗਏ।

ਐੱਸਪੀ ਇਨਵਸੈਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈਵਾਲੀ ਟੀਮ ਨੇ ਜਿਸ ਨੰਬਰ ਤੋਂ ਧਮਕੀਆਂ ਆ ਰਹੀਆਂ ਸਨ ਉਸਦੀ ਜਾਂਚ ਟੈਕਨੀਕਲ ਤਰੀਕੇ ਨਾਲ ਕਰਵਾਈ ਤਾਂ ਪਤਾ ਲੱਗਾ ਕਿ ਇਹ ਧਮਕੀ ਦਿਲਬਾਗ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਤੁੜ ਵੱਲੋਂ ਆਪਣੇ ਸਾਲੇ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮੱਛੀ ਮੰਡੀ ਹਰੀਕੇ ਅਤੇ ਉਸਦੇ ਸਾਥੀਆਂ ਬਲਵਿੰਦਰ ਸਿੰਘ ਬਿੱਲਾ ਪੁੱਤਰ ਬਲਵੀਰ ਸਿੰਘ ਵਾਸੀ ਬੇਰੀ ਮੁਹੱਲਾ ਹਰੀਕੇ ਅਤੇ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗੰਡੀਵਿੰਡ ਧੱਤਲ ਨਾਲ ਮਿਲ ਕੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਦਿਲਬਾਗ ਸਿੰਘ ਅਤੇ ਸਾਹਿਬ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਜਦੋਂਕਿ ਹਰਦੀਪ ਸਿੰਘ ਅਤੇ ਬਲਵਿੰਦਰ ਸਿੰਘ ਬਿੱਲਾ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸ੍ਰੀ ਗੋਇੰਦਵਾਲ ਸਾਹਿਬ ਨਿਵਾਸੀ ਵਿਅਕਤੀ ਕੋਲੋਂ ਮੰਗੀ 40 ਲੱਖ ਦੀ ਫਿਰੌਤੀ

ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਨਿਵਾਸੀ ਵਿਅਕਤੀ ਨੂੰ ਵੀ 40 ਲੱਖ ਦੀ ਫਿਰੋਤੀ ਦੇਣ ਸਬੰਧੀ ਧਮਕੀ ਭਰਿਆ ਫੋਨ ਆਇਆ ਹੈ। ਇਸ ਫੋਨ ਦੇ ਤਾਰ ਪਾਕਿਸਤਾਨ ਨਾਲ ਜੁੜਦੇ ਦਿਖਾਈ ਦੇ ਰਹੇ ਹਨ। ਜਿਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਪਾਕਿਸਤਾਨ ਨਿਵਾਸੀ ਇਕ ਵਿਅਕਤੀ ਸਮੇਤ ਦੋ ਲੋਕਾਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ।

ਸ੍ਰੀ ਗੋਇੰਦਵਾਲ ਸਾਹਿਬ ਨਿਵਾਸੀ ਮਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 21 ਨਵੰਬਰ ਨੂੰ ਉਸ ਦੇ ਮੋਬਾਈਲ ’ਤੇ ਫ਼ੋਨ ਆਇਆ ਅਤੇ ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਪਾਕਿਸਤਾਨ ਵਾਸੀ ਬਿਲਾਲ ਸੰਧੂ ਦੱਸਦਿਆਂ 40 ਲੱਖ ਰੁਪਏ ਦੀ ਫ਼ਿਰੌਤੀ ਦੇਣ ਦੀ ਗੱਲ ਕਹੀ, ਪਰ ਉਸ ਨੇ ਅੱਗੋਂ ਫ਼ੋਨ ਬੰਦ ਕਰ ਦਿੱਤਾ। ਪਰ 28 ਨਵੰਬਰ ਨੂੰ ਉਸ ਨੂੰ ਦੁਬਾਰਾ ਅਰਸ਼ ਡੱਲਾ ਨਾਂ ਦੇ ਵਿਅਕਤੀ ਦਾ ਫ਼ੋਨ ਆਇਆ ਜਿਸ ਨੇ ਉਸ ਨੂੰ ਧਮਕੀ ਦਿੱਤੀ ਕਿ ਜਾਂ ਤਾਂ ਉਸਦੇ ਬੰਦਿਆਂ ਨੂੰ ਫ਼ਿਰੌਤੀ ਦੇ ਪੈਸੇ ਦੇ ਦੇਵੇ ਨਹੀਂ ਤਾਂ ਆਪਣੀ ਜਾਨ ਗੁਆਉਣ ਲਈ ਤਿਆਰ ਰਹੇ। ਫ਼ੋਨ ਕਰਨ ਵਾਲਿਆਂ ਵੱਲੋਂ ਉਸ ਨੂੰ ਲਗਾਤਾਰ ਪੈਸਿਆਂ ਦੀ ਮੰਗ ਕਰਦਿਆਂ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਚ ਬਿਲਾਲ ਸੰਧੂ ਨਿਵਾਸੀ ਪਾਕਿਸਤਾਨ ਅਤੇ ਅਰਸ਼ ਡੱਲਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਇਸੇ ਤਰ੍ਹਾਂ ਉੱਧਰ ਐੱਸਪੀ ਪੜਤਾਲ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਰੰਗਦਾਰੀ ਲਈ ਫੋਨ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ।

Send this to a friend