ਚੰਡੀਗੜ੍ਹ, 2 ਜੁਲਾਈ (ਪੀ.ਟੀ.)-ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਮਾਮਲੇ ਤੇ ਅੱਜ ਅਕਾਲ ਤਖ਼ਤ ਵਿਖੇ ਬੁਲਾਏ ਗਏ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਝੀਂਡਾ ਸਮੇਤ 5 ਹੋਰ ਆਗੂ ਉਥੇ ਪੇਸ਼ ਨਹੀਂ ਹੋਏ ਤੇ ਇਨ੍ਹਾਂ ਨੇ ਜਥੇਦਾਰ ਤੋਂ ਪੇਸ਼ ਹੋਣ ਲਈ ਕੁਝ ਹੋਰ ਦਿਨ ਦਾ ਸਮਾਂ ਮੰਗਿਆ ਹੈ। ਦੂਜੇ ਪਾਸੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹੁਣ ਇਸ ਮਾਮਲੇ ਤੇ ਇਕ 10 ਮੈਂਬਰੀ ਕਮੇਟੀ ਦਾ ਗਠਨ ਕਰਕੇ ਝੀਂਡਾ ਹੁਰਾਂ ਨੂੰ ਇਸ ਕਮੇਟੀ ਦੇ ਆਗੂਆਂ ਨੂੰ ਮਿਲਣ ਲਈ ਕਿਹਾ ਹੈ। ਇਸ ਦੇ ਨਾਲ ਹੀ ਜਥੇਦਾਰ ਵਲੋਂ ਹਰਿਆਣਾ ਦੇ ਲੋਕਾਂ ਨੂੰ ਵੱਖਰੀ ਕਮੇਟੀ ਦਾ ਸਮਰਥਨ ਨਾ ਕਰਨ ਬਾਰੇ ਕਿਹਾ ਗਿਆ ਹੈ॥ ਬੀਤੇ ਦਿਨ ਜਥੇਦਾਰ ਨੇ ਜਗਦੀਸ਼ ਝੀਂਡਾ, ਦੀਦਾਰ ਨਲਵੀ, ਅਪਾਰ ਸਿੰਘ, ਹਰਮਨਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਤਲੋਕੇਵਾਲਾ ਨੂੰ ਅਕਾਲ ਤਖ਼ਤ ਬੁਲਾਇਆ ਸੀ ਪਰ ਇਹ 5 ਆਗੂ ਹੀ ਅੱਜ ਉਥੇ ਨਹੀਂ ਗਏ ਤੇ ਇਨ੍ਹਾਂ ਕਿਹਾ ਕਿ ਰੁਝੇਵਿਆਂ ਕਾਰਨ ਉਨ੍ਹਾਂ ਨੂੰ 4 ਹੋਰ ਦਿਨ ਦਾ ਸਮਾਂ ਦਿਤਾ ਜਾਏ।
ਇਨ੍ਹਾਂ ਦੇ ਅਕਾਲ ਤਖ਼ਤ ਤੇ ਨਾ ਜਾਣ ਕਾਰਨ ਜਥੇਦਾਰ ਅਕਾਲ ਤਖਤ ਦੇ ਹੁਕਮਾਂ ਨੂੰ ਵੀ ਖੋਰਾ ਲੱਗਾ ਹੈ। ਹੁਣ ਤਕ ਜਿਸ ਵੀ ਆਗੂ ਨੂੰ ਉਥੇ ਬੁਲਾਇਆ ਜਾਂਦਾ ਸੀ, ਉਥੇ ਸਬੰਧਤ ਵਿਅਕਤੀ ਪਹੁੰਚ ਜਾਂਦਾ ਸੀ। ਇਸ ਦੇ ਬਾਵਜੂਦ ਜਥੇਦਾਰ ਨੇ ਸਖਤੀ ਵਰਤਣ ਦੀ ਥਾਂ ਹੁਣ ਮਾਮਲੇ ਨਾਲ ਨਜਿਠਣ ਲਈ ਇਕ 10 ਮੈਂਬਰੀ ਕਮੇਟੀ ਦਾ ਗਠਨ ਕਰ ਦਿਤਾ ਹੈ। ਹਰਿਆਣਾ ਦੇ ਇਨ੍ਹਾਂ ਆਗੂਆਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਕਮੇਟੀ ਨਾਲ ਕੁਰੂਕਸ਼ੇਤਰ ਵਿਖੇ ਮਿਲਕੇ ਗੱਲਬਾਤ ਕਰਨ। ਜਥੇਦਾਰ ਨੇ ਕਿਹਾ ਹੈ ਕਿ ਹਰਿਆਣਾ ਦੇ ਸਿੱਖ ਆਗੂ ਇਸ ਕਮੇਟੀ ਨੂੰ ਵੀਰਵਾਰ ਨੂੰ 11 ਵਜੇ ਕੁਰੂਕਸ਼ੇਤਰ ਵਿਖੇ ਮਿਲ ਸਕਦੇ ਨੇ।
ਜਥੇਦਾਰ ਨੇ ਇਸ ਦੇ ਨਾਲ ਹੀ ਹਰਿਆਣਾ ਦੇ ਸਿੱਖਾਂ ਨੂੰ ਕਿਹਾ ਹੈ ਕਿ ਉਹ ਵੱਖਰੀ ਕਮੇਟੀ ਦਾ ਸਮਰਥਨ ਨਾ ਕਰਨ।
ਅੱਜ ਦੇ ਘਟਨਾਕ੍ਰਮ ਤੋਂ ਜਾਪਦਾ ਹੈ ਕਿ ਹਰਿਆਣਾ ਦੇ ਇਹ ਆਗੂ ਵੱਖਰੀ ਕਮੇਟੀ ਦੇ ਮਾਮਲੇ ਤੇ ਜਥੇਦਾਰ ਅਕਾਲ ਤਖ਼ਤ ਦੇ ਹੁਕਮ ਵੀ ਨਾਂ ਮੰਨਣ ਕਿਉਂਕਿ ਘੱਟੋ ਘੱਟ ਅੱਜ ਦੀ ਇਸ ਕਾਰਵਾਈ ਤੋਂ ਤਾਂ ਅਜਿਹਾ ਹੀ ਜਾਪਦਾ ਹੈ ਪਰ ਇਸ ਦੇ ਬਾਵਜੂਦ ਜਥੇਦਾਰ ਵਲੋਂ ਸਖਤੀ ਦੀ ਥਾਂ ਨਰਮਾਈ ਦਾ ਰੁਖ ਹੀ ਅਖਤਿਆਰ ਕੀਤਾ ਗਿਆ ਹੈ।
ਇਸ ਮਸਲੇ ਤੇ ਪਿਛਲੇ ਕੁਝ ਦਿਨਾਂ ਦੇ ਘਟਨਾਵਾਂ ਤੋਂ ਜਾਪ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖ਼ਤ ਮਾਮਲੇ ਤੇ ਕੁਝ ਵੀ ਐਕਸ਼ਨ ਲੈਣ ਤੋਂ ਦੁਚਿੱਤੀ ਚ ਹਨ। ਜਿਥੇ ਸ਼੍ਰੋਮਣੀ ਕਮੇਟੀ ਕਾਨੂੰਨੀ ਰਸਤੇ ਬਾਰੇ ਮੂਡ ਬਣਾਈ ਬੈਠੀ ਹੈ, ਉਥੇ ਜਥੇਦਾਰ ਅਕਾਲ ਤਖਤ ਵੀ ਮਸਲੇ ਤੇ ਕੁਝ ਸਪਸ਼ਟ ਐਕਸ਼ਨ ਲੈਣ ਤੋਂ ਗੁਰੇਜ਼ ਕਰ ਰਹੇ ਹਨ। ਇਨ੍ਹਾਂ ਘਟਨਾਵਾਂ ਤੋਂ ਜਾਪ ਰਿਹਾ ਹੈ ਕਿ ਛੇਤੀ ਹੀ ਹਰਿਆਣਾ ਦੀ ਵੱਖਰੀ ਕਮੇਟੀ ਦਾ ਗਠਨ ਹੋ ਜਾਵੇਗਾ।