ਆ ਗਏ ਅੱਛੇ ਦਿਨ
ਸ਼੍ਰੀ ਅਨੰਦਪੁਰ ਸਾਹਿਬ, 1 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼)- ਕੇਂਦਰ ਵਿਚ ਭਾਜਪਾ ਦੀ ਨਵੀਂ ਬਣੀ ਸਰਕਾਰ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਊਮੀਦਾਂ ਸਨ ਕਿ ਮੋਦੀ ਸਰਕਾਰ ਬਣਨ ਨਾਲ ਹਰ ਇਕ ਚੀਜ਼ ਦੇ ਭਾਅ ਘਟਣਗੇ ਅਤੇ ਮਹਿੰਗਾਈ ਨੂੰ ਕੁਝ ਠੱਲ• ਪਏਗੀ ਪਰ ਹੋਇਆ ਇਸਦੇ ਉਲਟ ਸਰਕਾਰ ਬਣਨ ਤੋਂ ਬਾਅਦ ਮਹਿੰਗਾਈ ਰੂਪੀ ਨਾਗ ਨੇ ਇਕ ਵਾਰ ਫਿਰ ਤੋਂ ਲੋਕਾਂ ਨੂੰ ਡੰਗਣ ਲਈ ਆਪਣਾ ਫੰਨ ਚੁੱਕ ਲਿਆ ਹੈ। ਖਾਣ ਪੀਣ ਦੀਆਂ ਵਸਤਾਂ ਦੇ ਰੇਟਾਂ ਵਿਚ ਐਨਾ ਵਾਧਾ ਹੋ ਚੁੱਕਿਆ ਹੈ ਕਿ ਇਕ ਵਕਤ ਦੀ ਰੋਟੀ ਵੀ ਗਰੀਬਾਂ ਦੀ ਥਾਲੀ ਤੋਂ ਦੂਰ ਹੁੰਦੀ ਜਾ ਰਹੀ ਹੈ। ਸਬਜੀਆਂ ਦੇ ਭਾਅ, ਕਰਿਆਨੇ ਦੇ ਭਾਅ ਇਸ ਤੋਂ ਇਲਾਵਾ ਖਾਣ ਪੀਣ ਦੀਆਂ ਅਤੇ ਰੋਜ਼ਾਨਾ ਦੀ ਵਰਤੋਂ ‘ਚ ਆਉਣ ਵਾਲੀਆਂ ਚੀਜਾਂ ਦੇ ਰੇਤ ਅਸਮਾਨ ਤੇ ਚੜ ਗਏ ਹਨ ਜਿਸ ਨੇ
ਇਕ ਵਾਰ ਫਿਰ ਲੋਕਾਂ ਨੂੰ ਹੰਝੂ ਵਹਾਉਣ ਲਈ ਮਜ਼ਬੂਰ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਮਾਨਸੂਨ ‘ਚ ਹੋ ਰਹੀ ਦੇਰੀ ਦੇ ਕਾਰਨ ਸਬਜੀਆਂ ਆਦਿ ਦੇ ਭਾਅ ‘ਚ ਅਜੇ ਹੋਰ ਵੀ ਤੇਜੀ ਆਉਣ ਦੀ ਸੰਭਾਵਨਾ ਹੈ। ਸ਼ਹਿਰਵਾਸੀ ਹਰਜੀਤ ਸਿੰਘ ਜੀਤਾ, ਗੁਰਪ੍ਰੀਤ ਸਿੰਘ ਗੋਲਡੀ, ਅਮਰਦੀਪ ਸਿੰਘ ਸੰਧੂ, ਸਰਬਜੀਤ ਸਿੰਘ, ਪ੍ਰੀਤਮ ਸਿੰਘ, ਪਰਮਜੀਤ ਕੋਰ, ਹਰਮੀਤ ਕੋਰ, ਗਗਨਦੀਪ ਕੋਰ, ਹਰਪ੍ਰੀਤ ਕੋਰ, ਮਨਜੋਤ ਕੋਰ ਆਦਿ ਦਾ ਕਹਿਣਾ ਹੈ ਕਿ ਜੇਕਰ ਇਸੇ ਤਰਾਂ ਨਾਲ ਮਹਿੰਗਾਈ ਵੱਧਦੀ ਰਹੀ ਤਾਂ ਲੋਕਾਂ ਨੂੰ ਇਕ ਸਮੇਂ ਦੀ ਰੋਟੀ ਖਾਕੇ ਹੀ ਗੁਜ਼ਾਰਾ ਕਰਨਾ ਪਵੇਗਾ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਲੱਕਤੋੜ ਮਹਿੰਗਾਈ ਨੇ ਤਾਂ ਘਰਾਂ ਦੇ ਸਾਰੇ ਬਜਟ ਹੀ ਵਿਗਾੜ ਕੇ ਰੱਖ ਦਿੱਤੇ ਹਨ।