ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਭਵਨ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਪੁੱਜੇ। ਪੀਏਯੂ ਦੇ ਵਾਈਸ ਚਾਂਸਲਰ ਨੂੰ ਹਟਾਉਣ ਨੂੰ ਲੈ ਕੇ
ਚੰਡੀਗੜ੍ਹ : ਹਾਲ ਹੀ ‘ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਕਈ ਮੁੱਦਿਆਂ ‘ਤੇ ਆਹਮੋ-ਸਾਹਮਣੇ ਹੋ ਗਏ ਸਨ। ਦੋਵਾਂ ਧਿਰਾਂ ਵੱਲੋਂ ਦੂਸ਼ਣਬਾਜ਼ੀ ਦਾ ਦੌਰ ਚੱਲਿਆ। ਅਜਿਹੇ ਕਈ ਮੌਕੇ ਆਏ ਜਦੋਂ ਦੋਵਾਂ ਨੂੰ ਇਕ ਮੰਚ ‘ਤੇ ਦੇਖਿਆ ਗਿਆ ਪਰ ਦੋਵਾਂ ਦੀ ਕੈਮਿਸਟਰੀ ਵਿਗੜਦੀ ਨਜ਼ਰ ਆਈ ਪਰ ਬੀਤੇ ਦਿਨ ਰਾਜ ਭਵਨ ‘ਚ ਕਰਵਾਏ ਇਕ ਧਾਰਮਿਕ ਸਮਾਰੋਹ ‘ਚ ਰਾਜਪਾਲ ਤੇ ਸੀਐੱਮ ਇਕੱਠੇ ਲੰਗਰ ਛਕਦੇ ਨਜ਼ਰ ਆਏ।
ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਵਿਵਾਦ ਪੀਏਯੂ ਦੇ ਵੀਸੀ ਨੂੰ ਹਟਾਉਣ ਤਕ ਪਹੁੰਚ ਗਿਆ ਸੀ। ਤਮਾਮ ਮੁੱਦਿਆਂ ਨੂੰ ਲੈ ਕੇ ਸੀਐਮਓ ਤੇ ਰਾਜ ਭਵਨ ਵਿਚਾਲੇ ਟਕਰਾਅ ਹੋ ਗਿਆ। ਚੰਡੀਗੜ੍ਹ ਏਅਰਪੋਰਟ ਦੇ ਨਾਮਕਰਨ ਵਾਲੇ ਦਿਨ ਵੀ ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ ਪਰ ਸਟੇਜ ‘ਤੇ ਦੋਵਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਸੀ ਪਰ ਬੀਤੇ ਦਿਨ ਦੋਵਾਂ ਵਿਚਾਲੇ ਦੂਰੀ ਘੱਟ ਹੁੰਦੀ ਨਜ਼ਰ ਆ ਰਹੀ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਭਵਨ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਪੁੱਜੇ। ਪੀਏਯੂ ਦੇ ਵਾਈਸ ਚਾਂਸਲਰ ਨੂੰ ਹਟਾਉਣ ਨੂੰ ਲੈ ਕੇ ਮੁੱਖ ਮੰਤਰੀ ਤੇ ਰਾਜਪਾਲ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਦੋਵੇਂ ਵਿਅਕਤੀ ਆਹਮੋ-ਸਾਹਮਣੇ ਹੋਏ।
ਗੁਰਬਾਣੀ ਦੀ ਤੁਕ ‘ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤ’ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਜੀ ਨੇ ਹਵਾ ਦੀ ਤੁਲਨਾ ਗੁਰੂ ਨਾਲ, ਪਾਣੀ ਦੀ ਤੁਲਨਾ ਪਿਤਾ ਨਾਲ ਤੇ ਧਰਤੀ ਦੀ ਮਾਤਾ ਨਾਲ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਗੁਰੂ ਜੀ ਨੇ ਉਸ ਸਮੇਂ ਵਾਤਾਵਰਨ ਨੂੰ ਬਚਾਉਣ ਲਈ ਲੋਕਾਂ ਨੂੰ ਉਪਦੇਸ਼ ਦਿੱਤਾ ਸੀ, ਜਦੋਂ ਕਿਤੇ ਵੀ ਪ੍ਰਦੂਸ਼ਣ ਨਹੀਂ ਸੀ, ਜੋ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਨੂੰ ਦਰਸਾਉਂਦਾ ਹੈ।
ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਲਈ ਪੰਜਾਬ ਦੇ ਰਾਜਪਾਲ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਰਾਜਪਾਲ ਤੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਜੀ ਧਾਰਮਿਕ ਤੇ ਸਮਾਜਿਕ ਸਮਾਗਮਾਂ ਨੂੰ ਮਨਾਉਣ ਵਿੱਚ ਹਮੇਸ਼ਾ ਮੋਹਰੀ ਰਹੇ ਹਨ।
ਇਸ ਮੌਕੇ ਹਾਜ਼ਰੀਨ ਨੂੰ ਵਧਾਈ ਦਿੰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਚੱਲਣ ‘ਤੇ ਜ਼ੋਰ ਦਿੱਤਾ | ਉਨ੍ਹਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਸੰਖੇਪ ‘ਚ ਚਾਣਨਾ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤੇ ਜੀਵਨ ਦੇ ਮੁੱਢਲੇ ਸਾਲਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਰੱਬੀ ਬਖਸ਼ਿਸ਼ ਸੀ।