April 17, 2026 4:14 pm

ਐੱਸਜੀਪੀਸੀ ਚੋਣਾਂ ਲਈ ਵੋਟਿੰਗ ਅੱਜ, ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜਗੀਰ ਕੌਰ ਮੈਦਾਨ ’ਚ, 157 ਮੈਂਬਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

ਬੀਬੀ ਜਗੀਰ ਕੌਰ ਦੀ ਬਗ਼ਾਵਤ ਤੋਂ ਬਾਅਦ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਦਾ ਨਾਂ ਲਿਫ਼ਾਫ਼ੇ ’ਚੋਂ ਨਹੀਂ ਨਿਕਲੇਗਾ। ਬੁੱਧਵਾਰ ਨੂੰ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਵੋਟਿੰਗ ਹੋਵੇਗੀ ਤ..

ਅੰਮ੍ਰਿਤਸਰ : ਬੀਬੀ ਜਗੀਰ ਕੌਰ ਦੀ ਬਗ਼ਾਵਤ ਤੋਂ ਬਾਅਦ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਦਾ ਨਾਂ ਲਿਫ਼ਾਫ਼ੇ ’ਚੋਂ ਨਹੀਂ ਨਿਕਲੇਗਾ। ਬੁੱਧਵਾਰ ਨੂੰ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਵੋਟਿੰਗ ਹੋਵੇਗੀ ਤੇ ਪ੍ਰਧਾਨ ਦਾ ਨਾਂ ਬੈਲੇਟ ਪੇਪਰ ਰਾਹੀਂ ਤੈਅ ਹੋਵੇਗਾ। ਪ੍ਰਧਾਨ ਦੇ ਅਹੁਦੇ ਲਈ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਐੱਸਜੀਪੀਸੀ ਦੀ ਤਿੰਨ ਵਾਰ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਚੋਣ ਮੈਦਾਨ ’ਚ ਹਨ। ਐੱਸਜੀਪੀਸੀ ਦੇ 157 ਮੈਂਬਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਵੋਟਿੰਗ ਸਿਰਫ਼ ਪ੍ਰਧਾਨ ਦੇ ਅਹੁਦੇ ਲਈ ਹੋਵੇਗੀ। ਉਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰ ਵੀ ਚੁਣੇ ਜਾਣਗੇ।

ਜ਼ਿਕਰਯੋਗ ਹੈ ਕਿ ਐੱਸਜੀਪੀਸੀ ਚੋਣਾਂ ’ਚ ਲਿਫ਼ਾਫ਼ੇ ਤੋਂ ਪ੍ਰਧਾਨ ਦਾ ਨਾਂ ਨਿਕਲਣ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਜਾਰੀ ਸੀ। ਚੋਣਾਂ ਤੋਂ ਇਕ ਦਿਨ ਪਹਿਲਾਂ ਐੱਸਜੀਪੀਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਐੱਸਜੀਪੀਸੀ ਦਾ ਪ੍ਰਧਾਨ ਚੁਣਨ ਦਾ ਅਧਿਕਾਰ ਦੇ ਦਿੰਦੇ ਸਨ। ਉਸ ਤੋਂ ਬਾਅਦ ਚੋਣ ਵਾਲੇ ਦਿਨ ਉਹ ਪ੍ਰਧਾਨ ਦਾ ਨਾਂ ਇਕ ਲਿਫ਼ਾਫ਼ੇ ’ਚ ਪਾ ਕੇ ਅੱਗੇ ਵਧਾ ਦਿੰਦੇ ਸਨ। ਬੀਬੀ ਦੀ ਬਗ਼ਾਵਤ ਨਾਲ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਇਸ ਵਾਰ ਚੁਣੌਤੀ ਖੜ੍ਹੀ ਹੋਈ ਹੈ, ਕਿਉਂਕਿ ਬਾਦਲ ਪਰਿਵਾਰ ਦੀ ਹੀ ਖ਼ਾਸ ਰਹੀ ਬੀਬੀ ਜਗੀਰ ਕੌਰ ਚੋਣ ਮੈਦਾਨ ’ਚ ਉਤਰ ਆਈ ਹੈ।

2002 ’ਚ ਬਣੇ ਸਨ ਇਹੋ ਜਿਹੇ ਹਾਲਾਤ

ਇਹ ਪਹਿਲੀ ਵਾਰ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹਟ ਕੇ ਐੱਸਜੀਪੀਸੀ ’ਚ ਚੋਣਾਂ ਨਾ ਹੋਈਆਂ ਹੋਣ। ਇਸ ਤੋਂ ਪਹਿਲਾਂ 2002 ਦੀਆਂ ਚੋਣਾਂ ’ਚ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਦੇ ਉਮੀਦਵਾਰ ਸੰਤ ਬੀਰ ਸਿੰਘ ਮਧੋਕੇ ਖ਼ਿਲਾਫ਼ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਰਪਾਲ ਸਿੰਘ ਬੰਡੂਗਰ ਨੂੰ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਸੀ। ਬੰਡੂਗਰ ਇਸ ਚੋਣ ’ਚ 23 ਵੋਟਾਂ ਨਾਲ ਜੇਤੂ ਰਹੇ ਸਨ। ਟੋਹੜਾ ਤੇ ਬਾਦਲ ’ਚ ਟਕਰਾਅ 1994 ਤੋਂ ਹੀ ਸ਼ੁਰੂ ਹੋ ਗਿਆ ਸੀ। 1994 ’ਚ ਬਾਦਲ ਨੇ ਟੋਹੜੇ ਖ਼ਿਲਾਫ਼ ਪ੍ਰੇਮ ਸਿੰਘ ਲਾਲਪੁਰਾ ਨੂੰ ਐੱਜਸੀਪੀਸੀ ਚੋਣ ’ਚ ਉਮੀਦਵਾਰ ਐਲਾਨ ਦਿੱਤਾ ਸੀ। ਉਦੋਂ ਵੀ ਟੋਹੜਾ ਤੇ ਲਾਲਪੁਰਾ ਵਿਚਕਾਰ ਸਿੱਧਾ ਮੁਕਾਬਲਾ ਹੋਇਆ ਸੀ। ਇਸ ’ਚ ਟੋਹੜਾ ਨੂੰ 66 ਤੇ ਲਾਲਪੁਰਾ ਨੂੰ 38 ਵੋਟਾਂ ਮਿਲੀਆਂ ਸਨ।

Send this to a friend