ਜਮਾਂਖੋਰੀ ਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼
ਨਵੀਂ ਦਿੱਲੀ, 26 ਜੂਨ (ਪੰਜਾਬ ਟਾਇਮਜ਼ ਬਿਊਰੋ)-ਕਮਜ਼ੋਰ ਮੌਨਸੂਨ ਅਤੇ ਅਨਾਜ ਦੀਆਂ ਵਧ ਰਹੀਆਂ ਕੀਮਤਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੰਗਾਮੀ ਯੋਜਨਾਵਾਂ ਲਾਗੂ ਕਰਨ ਲਈ ਕੇਂਦਰ-ਰਾਜਾਂ ‘ਚ ਨੇੜਲੇ ਤਾਲਮੇਲ ‘ਤੇ ਜ਼ੋਰ ਦਿੱਤਾ ਅਤੇ ਰਾਜਾਂ ਨੂੰ ਕਿਹਾ ਕਿ ਉਹ ਜਮ੍ਹਾਂਖੋਰਾਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਨਾਲ ਨਜਿੱਠਣ ਲਈ ਫਾਸਟ ਟਰੈਕ ਅਦਾਲਤਾਂ ਕਾਇਮ ਕਰਨ। ਮੌਨਸੂਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਮਹਿੰਗਾਈ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਸਹੀ ਮਾਤਰਾ ਵਿਚ ਪਾਣੀ, ਬਿਜਲੀ ਅਤੇ ਬੀਜਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਘੱਟ ਮੀਂਹ ਪੈਣ ਕਾਰਨ ਉਤਪਾਦਨ ਪ੍ਰਭਾਵਤ ਨਾ
ਹੋਵੇ। ਮੀਟਿੰਗ ਵਿਚ ਦੱਸਿਆ ਗਿਆ ਕਿ ਮੌਨਸੂਨ ਕਮਜ਼ੋਰ ਹੈ ਪਰ ਅਗਲੇ ਦੋ ਮਹੀਨਿਆਂ ‘ਚ ਖੂਬ ਬਾਰਸ਼ ਹੋਵੇਗੀ ਅਤੇ ਮਹਿੰਗਾਈ ਰੋਕਣ ਲਈ ਚੁੱਕੇ ਕਦਮਾਂ ਨੇ ਹਾਂ ਪੱਖੀ ਅਸਰ ਦਿਖਾਇਆ ਹੈ। ਮੀਟਿੰਗ ਵਿਚ ਇਹ ਜਾਣਕਾਰੀ ਦਿੱਤੀ ਗਈ ਕਿ ਖੇਤੀ ਮੰਤਰਾਲੇ ਨੇ 500 ਤੋਂ ਵੀ ਵੱਧ ਜ਼ਿਲ੍ਹਿਆਂ ਲਈ ਹੰਗਾਮੀ ਯੋਜਨਾ ਤਿਆਰ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਦੋ ਘੰਟਿਆਂ ਦੀ ਮੀਟਿੰਗ ਪਿੱਛੋਂ ਇਕ ਬਿਆਨ ਵਿਚ ਕਿਹਾ ਕਿ ਸ੍ਰੀ ਮੋਦੀ ਨੇ ਰਾਜਾਂ ਨਾਲੋਂ ਜਿਲ੍ਹਿਆਂ ਵਿਚ ਮੌਨਸੂਨ ਲਈ ਉੱਨਤ ਕਾਰਜ ਯੋਜਨਾ ਲਾਗੂ ਕਰਨ ਦੇ ਯਤਨਾਂ ਵਿਚ ਦੋਵਾਂ ਕੇਂਦਰ ਅਤੇ ਰਾਜਾਂ ਨੂੰ ਤਾਲਮੇਲ ਕਰਨ ‘ਤੇ ਜ਼ੋਰ ਦਿੱਤਾ ਹੈ। ਮਹਿੰਗਾਈ ਰੋਕਣ ਲਈ ਚੁੱਕੇ ਕਦਮਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਜਮ੍ਹਾਂਖੋਰਾਂ ਅਤੇ ਕਾਲਾਬਾਜ਼ਾਰੀ ਕਰਨਵਾਲਿਆਂ ਖਿਲਾਫ ਤੇਜ਼ੀ ਨਾਲ ਕਦਮਾਂ ਚੁੱਕਣੇ ਚਾਹੀਦੇ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਦੇਖਿਆ ਗਿਆ ਕਿ ਵਧੇਰੇ ਮਾਤਰਾ ਵਿਚ ਚੌਲਾਂ ਦੇ ਬਾਜ਼ਾਰ ਵਿਚ ਪੁੱਜਣ ਨਾਲ ਹਾਂਪੱਖੀ ਅਸਰ ਹੋ ਰਿਹਾ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ ਵਿਚ ਪਿਆਜ਼ ਦੇ ਸਟਾਕ ਦੀ ਕੋਈ ਕਮੀ ਨਹੀਂ। ਮੀਟਿੰਗ ਵਿਚ ਗ੍ਰਹਿ, ਵਿਤ, ਖੇਤੀ, ਅਨਾਜ ਤੇ ਖਪਤਕਾਰ ਮਾਮਲੇ ਅਤੇ ਪਾਣੀ ਵਸੀਲਿਆਂ ਦੇ ਮੰਤਰੀਆਂ ਤੋਂ ਇਲਾਵਾ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਅਤੇ ਪ੍ਰਧਾਨ ਮੰਤਰੀ ਦੇ ਵਧੀਕ ਸਕੱਤਰ ਸ਼ਾਮਿਲ ਹੋਏ। ਮੀਟਿੰਗ ‘ਚ ਮੌਸਮ ਵਿਗਿਆਨ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਦੇਸ਼ ਵਿਚ 17 ਜੂਨ ਤਕ ਸਿਰਫ 45 ਫ਼ੀਸਦੀ ਬਾਰਸ਼ ਹੋਈ ਹੈ। ਮੌਸਮ ਵਿਭਾਗ ਨੇ ਲੰਬੇ ਸਮੇਂ ਦੌਰਾਨ ਮੌਨਸੂਨ ਔਸਤ ਨਾਲੋਂ ਘੱਟ 93 ਫ਼ੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਸਬਜੀਆਂ, ਫਲ ਅਤੇ ਦੂਸਰੇ ਖਾਣ ਵਾਲੇ ਪਦਾਰਥਾਂ ਵਰਗੀਆਂ ਅਨਾਜ ਦੀਆਂ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਮਈ ਵਿਚ ਥੋਕ ਬਾਜ਼ਾਰ ਵਿਚ ਮਹਿੰਗਾਈ ਦਾ ਸੂਚਕ ਅੰਕ ਪੰਜ ਮਹੀਨਿਆਂ ‘ਚ ਸਭ ਤੋਂ ਉੱਪਰ 6.01 ਫ਼ੀਸਦੀ ‘ਤੇ ਪਹੁੰਚ ਗਿਆ ਸੀ। ਕੌਮੀ ਰਾਜਧਾਨੀ ਵਿਚ ਆਲੂਆਂ ਅਤੇ ਪਿਆਜ਼ ਦੀ ਕੀਮਤ 25-30 ਰੁਪਏ ‘ਤੇ ਪਹੁੰਚ ਗਈ ਹੈ।