ਪਟਨਾ, 24 ਜੂਨ (ਪੀ.ਟੀ)-ਬਿਹਾਰ ਦੇ ਚਰਚਿਤ ਆਸ਼ਿਆਨਾ ਨਗਰ ਫਰਜ਼ੀ ਮੁਕਾਬਲਾ ਮਾਮਲੇ ‘ਚ ਪਟਨਾ ਦੀ ਫਾਸਟ ਟ੍ਰੈਕ ਕੋਰਟ ਨੇ ਸ਼ਾਸਤਰੀ ਨਗਰ ਥਾਣੇ ਦੇ ਮੌਜੂਦਾ ਥਾਣੇਦਾਰ ਸ਼ਮਸੇ ਆਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਨਾਲ ਹੀ ਸਿਪਾਹੀ ਅਰੁਣ ਸਿੰਘ ਸਮੇਤ 7 ਹੋਰ ਲੋਕਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਮਹੀਨੇ ਦੀ 5 ਤਰੀਕ ਨੂੰ ਅਦਾਲਤ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ‘ਚ ਅਦਾਲਤ ਨੇ ਅੱਠ ਲੋਕਾਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਪਾਇਆ ਸੀ। ਸ਼ਾਸਤਰੀ ਨਗਰ ਦੇ ਮੌਜੂਦਾ ਥਾਣਾ ਮੁਖੀ ਸ਼ਮਸੇ ਆਲਮ ਤੇ ਸਿਪਾਹੀ ਅਰੁਣ ਕੁਮਾਰ ਸਿੰਘ ਵਿਦਿਆਰਥੀਆਂ ਦੀ ਹੱਤਿਆ ਕਰਨ ਜਦਕਿ ਹੋਰ ਛੇਆਂ ਨੂੰ ਹੱਤਿਆ ਦਾ ਯਤਨ ਕਰਨ ‘ਚ ਦੋਸ਼ੀ ਪਾਇਆ ਗਿਆ ਸੀ।
ਵਰਣਨਯੋਗ ਹੈ ਕਿ 28 ਦਸੰਬਰ, 2012 ਨੂੰ ਆਸ਼ਿਆਨਾ ਇਲਾਕੇ ਦੇ ਸੰਮੇਲਨ ਮਾਰਕੀਟ ‘ਚ ਹੋਏ ਇਸ ਫਰਜ਼ੀ ਮੁਕਾਬਲੇ ‘ਚ ਪੁਲਿਸ ਨੇ ਪ੍ਰਸ਼ਾਂਤ, ਹਿਮਾਂਸ਼ੂ ਤੇ ਵਿਕਾਸ ਨਾਂਅ ਦੇ 3 ਵਿਦਿਆਰਥੀਆਂ ਨੂੰ ਅਪਰਾਧੀ ਦੱਸ ਕੇ ਗੋਲੀ ਮਾਰੀ ਸੀ।