ਨਵੀਂ ਦਿੱਲੀ, 24 ਜੂਨ (ਪੀ.ਟੀ.)-ਸਰਕਾਰ ਵਲੋਂ ਖੰਡ ਸਨਅਤ ਨੂੰ ਸੰਕਟ ਵਿਚੋਂ ਕੱਢਣ ਲਈ ਦਰਾਮਦ ਡਿਊਟੀ ਵਧਾਉਣ ਸਮੇਤ ਕੀਤੇ ਕੁਝ ਉਪਾਵਾਂ ਪਿੱਛੋਂ ਕੌਮੀ ਰਾਜਧਾਨੀ ਦੇ ਥੋਕ ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ ਦੋ ਰੁਪਏ ਪ੍ਰਤੀ ਕਿਲੋ ਵਧ ਕੇ 33.40 ਰੁਪਏ ਹੋ ਗਈਆਂ ਹਨ। ਥੋਕ ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ ਵਧਣ ਕਾਰਨ ਪ੍ਰਚੂਨ ਵਿਚ ਵੀ ਖੰਡ ਦੋ ਰੁਪਏ ਪ੍ਰਤੀ ਕਿਲੋ ਮਹਿੰਗੀ ਹੋ ਗਈ ਹੈ। ਪ੍ਰਚੂਨ ਵਿਚ ਖੰਡ ਦੀ ਕੀਮਤ ਅੱਜ 39-40 ਰੁਪਏ ਹੋ ਗਈ ਹੈ। ਵਪਾਰੀਆਂ ਦਾ ਕਹਿਣਾ ਕਿ ਆਉਣ ਵਾਲੇ ਦਿਨਾ ਵਿਚ ਖੰਡ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ ਕਿਉਂਕਿ ਮਿਲ ਮਾਲਕ ਚੰਗਾ ਭਾਅ ਮਿਲਣ ਦੀ ਆਸ ਕਾਰਨ ਸਟਾਕ ‘ਚੋਂ ਖੰਡ ਜਾਰੀ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਕੱਲ੍ਹ ਵਿਕਣ ਲਈ ਆਈਆਂ 100-100 ਕਿਲੋਗ੍ਰਾਮ ਦੀਆਂ 13000 ਖੰਡ ਦੀਆਂ ਬੋਰੀਆਂ
ਦੇ ਮੁਕਾਬਲੇ ਅੱਜ ਕੇਵਲ 5000 ਖੰਡ ਦੀ ਬੋਰੀ ਮੰਡੀ ਵਿਚ ਪੁੱਜੀ ਜਿਹੜੀ ਕਿ ਕੱਲ੍ਹ ਨਾਲੋਂ 60 ਫ਼ੀਸਦੀ ਘੱਟ ਹੈ। ਵਪਾਰੀਆਂ ਦਾ ਕਹਿਣਾ ਕਿ ਕੀਮਤਾਂ ਵੱਧ ਰਹੀਆਂ ਹਨ ਕਿਉਂਕਿ ਗਰਮੀਆਂ ਵਿਚ ਆਈਸ ਕਰੀਮ ਅਤੇ ਠੰਢਿਆਂ ਦੀ ਮੰਗ ਵੱਧਣ ਕਾਰਨ ਖੰਡ ਦੀ ਮੰਗ ਵੱਧ ਗਈ ਹੈ। ਖੰਡ ਮਿੱਲਾਂ ਨੂੰ ਨਕਦੀ ਦੀ ਕਿੱਲਤ ‘ਚੋਂ ਕੱਢਣ, ਤਾਂ ਜੋ ਉਹ ਗੰਨਾ ਉਤਪਾਦਕਾਂ ਨੂੰ 11000 ਕਰੋੜ ਰੁਪਏ ਦਾ ਭੁਗਤਾਨ ਕਰ ਸਕਣ ਲਈ ਸਰਕਾਰ ਨੇ ਖੰਡ ‘ਤੇ ਦਰਾਮਦ ਡਿਊਟੀ 15 ਫ਼ੀਸਦੀ ਤੋਂ ਵਧਾ ਕੇ 40 ਫ਼ੀਸਦੀ ਕਰ ਦਿੱਤੀ ਸੀ ਜਦਕਿ 3300 ਰੁਪਏ ਪ੍ਰਤੀ ਟਨ ਬਰਾਮਦ ਸਬਸਿਡੀ ਇਸ ਸਾਲ ਸਤੰਬਰ ਤਕ ਵਧਾ ਦਿੱਤੀ ਸੀ। ਇਸ ਤੋਂ ਇਲਾਵਾ ਸਰਕਾਰ ਨੇ ਮਿੱਲ ਮਾਲਕਾਂ ਨੂੰ 4400 ਕਰੋੜ ਰੁਪਏ ਵਿਆਜ਼ ਮੁਕਤ ਕਰਜ਼ਾ ਦੇਣ ਦਾ ਫ਼ੈਸਲਾ ਕੀਤਾ ਸੀ। ਸਰਕਾਰ ਦੇ ਫ਼ੈਸਲਿਆਂ ਪਿੱਛੋਂ ਥੋਕ ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ 60 ਪੈਸੇ ਪ੍ਰਤੀ ਕਿਲੋ ਵਧ ਗਈਆਂ ਸਨ। ਭਾਰਤ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਖੰਡ ਪੈਦਾ ਕਰਨ ਵਾਲਾ ਦੇਸ਼ ਹੈ ਪਰ ਖਪਤਕਾਰ ਵਿਸ਼ਵ ਵਿਚ ਸਭ ਤੋਂ ਵੱਡਾ ਹੈ।