ਹੁਸ਼ਿਆਰਪੁਰ, 21 ਜੂਨ (ਰਾਣਾ)- ਬੀਤੀ ਰਾਤ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਆਏ ਭਾਰੀ ਤੁਫ਼ਾਨ ਅਤੇ ਬਰਸਾਤ ਨੇ ਅਨੇਕਾਂ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਇਹ ਤੁਫ਼ਾਨ ਰਾਤ ਦੇ ਕਰੀਬ 2 ਵਜੇ ਆਇਆ, ਜਦੋਂ ਕਿ ਸਾਰੇ ਸ਼ਹਿਰ ਵਾਸੀ ਗੂੜ੍ਹੀ ਨੀਂਦੇ ਸੌਂ ਰਹੇ ਸਨ। ਤੁਫ਼ਾਨ ਦੀ ਗੂੰਜ ਸੁਣਦਿਆਂ ਜਿਵੇਂ ਹੀ ਲੋਕਾਂ ਨੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਨੂੰ ਤਬਾਹੀ ਦਾ ਮੰਜਰ ਦਿਖਾਈ ਦਿੱਤਾ। ਇਸ ਤੁਫ਼ਾਨ ਕਾਰਨ ਲੰਮੇਂ ਸਮੇਂ ਖੜ੍ਹੇ ਭਾਰੀ ਦਰੱਖਤ ਵੀ ਤਹਿਸ-ਨਹਿਸ ਹੋ ਗਏ, ਜਿਸ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਖੰਬੇ ਟੁੱਟਣ ਨਾਲ ਸ਼ਹਿਰ ‘ਚ ਬਿਜਲੀ ਦੀ ਵਿਵਸਥਾ ਚੂਰ-ਚੂਰ ਹੋ ਗਈ। ਸੜਕਾਂ ‘ਤੇ ਡਿੱਗੇ ਭਾਰੀ ਦਰੱਖਤਾਂ ਨੇ ਆਵਾਜਾਈ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ ਅਤੇ ਸਵੇਰ ਨੂੰ ਲੋਕਾਂ ਨੂੰ ਕੰਮਾਂ-ਕਾਰਾਂ ‘ਤੇ ਜਾਣ ਲਈ ਵੀ ਦੂਸਰੇ ਰਸਤਿਆਂ ਦੀ ਚੋਣ ਕਰਨੀ ਪਈ। ਤੁਫ਼ਾਨ ਕਾਰਨ ਕਈ ਘਰਾਂ ਦੀ ਟੀਨਾਂ ਤੱਕ ਉੱਡ ਗਈਆਂ ਅਤੇ ਨਵ-ਉਸਾਰੀ ਜਾ ਰਹੀ ਇਮਾਰਤ ਦੀਆਂ ਕੰਧਾਂ ਅਤੇ ਬਨੇਰੇ ਵੀ ਢਹਿ-ਢੇਰੀ ਹੋ ਗਏ।