ਕਾਂਗਰਸ ਨੇ ਦਿੱਲੀ ਵਿੱਚ ਫੂਕਿਆ ਮੋਦੀ ਦਾ ਪੁਤਲਾ
ਨਵੀਂ ਦਿੱਲੀ, 21 ਜੂਨ (ਪੀ. ਟੀ. ਲਾਇਵ)- ਰੇਲ ਯਾਤਰਾ ਅਤੇ ਮਾਲ ਭਾੜੇ ‘ਚ ਵਾਧਾ ਕੀਤੇ ਜਾਣ ‘ਤੇ ਮੋਦੀ ਸਰਕਾਰ ਨੂੰ ਸਾਰੇ ਪਾਸਿਉਂ ਆਲੋਚਨਾ ਝੱਲਣੀ ਪੈ ਰਹੀ ਹੈ। ਕੌਮੀ ਜ਼ਮਹੂਰੀ ਗਠਜੋੜ ਦੀਆਂ ਭਾਈਵਾਲ ਅਤੇ ਵਿਰੋਧੀ ਰਾਜਨੀਤਕ ਪਾਰਟੀਆਂ ਰੇਲ ਕਿਰਾਏ ‘ਚ ਕੀਤੇ ਗਏ ਵਾਧੇ ਨੂੰ ਲੈ ਕੇ ਸਰਕਾਰ ਨੂੰ ਸਖਤ ਹੱਥੀਂ ਲੈ ਰਹੀਆਂ ਹਨ ਅਤੇ ਇਹ ਫ਼ੈਸਲਾ ਵਾਪਸ ਲੈਣ ਲਈ ਦਬਾਅ ਬਣਾ ਰਹੀਆਂ ਹਨ। ਕਾਂਗਰਸ ਨੇ ਫੂਕਿਆ ਮੋਦੀ ਦਾ ਪੁਤਲਾਦਿੱਲੀ ਦੇ ਜਨਕਪੁਰੀ ਇਲਾਕੇ ‘ਚ ਕਾਂਗਰਸੀ ਕਾਰਕੁਨਾਂ ਨੇ ਰੇਲ ਭਾੜੇ ‘ਚ ਵਾਧੇ, ਬਿਜਲੀ ਦੀਆਂ ਦਰਾਂ ‘ਚ ਇਜ਼ਾਫਾ ਅਤੇ ਪਾਣੀ ਦੀਆਂ ਮਹਿੰਗਈਆਂ ਦਰਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪੁਲਿਸ ਨੇ
ਕਾਂਗਰਸੀ ਆਗੂਆਂ ਦਾ ਪ੍ਰਦਰਸ਼ਨ ਰੋਕਣ ਲਈ ਉਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਜ਼ਿਕਰਯੋਗ ਹੈ ਕਿ ਕਾਂਗਰਸ ਪਿਛਲੇ 10 ਦਿਨਾਂ ਤੋਂ ਦਿੱਲੀ ‘ਚ ਬਿਜਲੀ ਅਤੇ ਪਾਣੀ ਦੀ ਖਰਾਬ ਸਪਲਾਈ ਦੀ ਵਜ੍ਹਾ ਕਰ ਕੇ ਪ੍ਰਦਰਸ਼ਨ ਕਰਦੀ ਰਹੀ ਹੈ। ਦਿੱਲੀ ਕਾਂਗਰਸ ਦੇ ਆਗੂ ਅਰਵਿੰਦਰ ਸਿੰਘ ਲਵਲੀ ਦਾ ਕਹਿਣਾ ਹੈ ਕਿ ਇਹ ਉਹੋ ਭਾਜਪਾ ਹੈ ਜੋ ਕਿ ਨਵਾਜ਼ ਸ਼ਰੀਫ਼ ਨੂੰ ਭਾਰਤ ਸੱਦਣ ‘ਤੇ ਕਾਂਗਰਸ ਦੀ ਬੁਰਾਈ ਕਰਦੀ ਰਹੀ ਹੈ। ਭਾਜਪਾ ਸਰਕਾਰ ਮਹਿੰਗਾਈ, ਬਿਜਲੀ, ਰੇਲ ਭਾੜੇ ‘ਤੇ ਯੂ- ਟਰਨ ਲੈ ਰਹੀ ਹੈ।
ਸਪਾ ਨੇ ਰੇਲ ਗੱਡੀਆਂ ਰੋਕੀਆਂ
ਉੱਤਰ ਪ੍ਰਦੇਸ਼ ਦੇ ਵਾਰਾਨਸੀ ਅਤੇ ਇਲਾਹਬਾਦ ‘ਚ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਨੇ ਰੇਲ ਕਿਰਾਏ ‘ਚ ਵਾਧੇ ਦੇ ਬਾਅਦ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਰੇਲ ਗੱਡੀਆਂ ਰੋਕ ਕੇ ਆਪਣਾ ਰੋਸ ਪ੍ਰਗਟ ਕੀਤਾ। ਸਪਾ ਆਗੂਆਂ ਨੇ ਰੇਲਵੇ ਪੱਟੜੀਆਂ ‘ਤੇ ਖੜ੍ਹੇ ਹੋ ਕੇ ਝੰਡੇ ਲਹਿਰਾਏ ਅਤੇ ਨਾਅਰੇਬਾਜ਼ੀ ਕੀਤੀ। ਬਾਅਦ ‘ਚ ਪੁਲਿਸ ਨੇ ਆ ਕੇ ਮਾਮਲਾ ਸ਼ਾਂਤ ਕਰਵਾਇਆ। ਰੇਲ ਕਿਰਾਏ ਤੋਂ ਨਾ ਸਿਰਫ਼ ਰਾਜਨੀਤਕ ਪਾਰਟੀਆਂ ਖ਼ਫਾ ਹਨ ਸਗੋਂ ਆਮ ਜਨਤਾ ਵੀ ਮੋਦੀ ਸਰਕਾਰ ਤੋਂ ਕਾਫ਼ੀ ਨਾਰਾਜ਼ ਦਿਸ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਚੰਗੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਅਜਿਹਾ ਕੁਝ ਨਹੀਂ ਦਿਸ ਰਿਹਾ। ਰੇਲ ਕਿਰਾਏ ‘ਚ ਕੀਤੇ ਗਏ ਵਾਧੇ ਨਾਲ ਸਾਡੇ ਬਜਟ ‘ਤੇ ਅਸਰ ਪਵੇਗਾ। ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਰੇਲ ਕਿਰਾਇਆ ਵਧਣ ਦੇ ਨਾਲ ਸਹੂਲਤਾਂ ‘ਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ।
ਭਾਜਪਾ ਦੀ ਸਫਾਈ
ਭਾਜਪਾ ਦੇ ਆਗੂ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰੇਲ ਭਾੜੇ ‘ਚ ਵਾਧੇ ਦੇ ਲਈ ਯੂ. ਪੀ. ਏ. ਦੀਆਂ ਨੀਤੀਆਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਨੇ ਇਹ ਸਵੀਕਾਰ ਕਰਦਿਆਂ ਕਿ ਰੇਲ ਭਾੜੇ ‘ਚ ਵਾਧਾ ਆਮ ਲੋਕਾਂ ‘ਤੇ ਅਸਰ ਪਾਵੇਗਾ ਕਿਹਾ ਕਿ ਕਠਿਨ ਕਦਮ ਸ਼ੁਰੂਆਤ ‘ਚ ਤਕਲੀਫ ਦੇਣ ਵਾਲੇ ਹੋਣਗੇ ਪ੍ਰੰਤੂ ਅੱਗੇ ਜਾ ਕੇ ਇਹ ਲੋਕਾਂ ਲਈ ਲਾਭਦਾਇਕ ਸਾਬਿਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਰੇਲਵੇ ਨੂੰ ਰੋਜ਼ਾਨਾ ਬਹੁਤ ਘਾਟਾ ਪੈ ਰਿਹਾ ਹੈ। ਚੰਗੀ ਸੇਵਾ ਦੇਣ ਦੇ ਲਈ ਸਾਧਨਾਂ ਦੀ ਲੋੜ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਜੱਜ ਕਰਨਾ ਜਲਦਬਾਜ਼ੀ ਹੋਵੇਗੀ।