ਇਰਾਕ ਵਿੱਚ ਫਸੇ ਪੰਜਾਬੀਆਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ
ਪ੍ਰਭਾਵਿਤ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨ ਤੇ ਉਨ੍ਹਾਂ ਨੂੰ ਪੂਰੀ ਮਦਦ ਦੇਣ ਲਈ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ
ਰਾਜ ਸਰਕਾਰ ਵੱਲੋਂ ਸਮੁੱਚੇ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ
ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਨੂੰ ਇਰਾਕ ਵਿੱਚ ਅਗਵਾ ਪੰਜਾਬੀਆਂ ਨੂੰ ਜਲਦੀ ਰਿਹਾਅ ਕਰਵਾਉਣ ਦੀ ਅਪੀਲ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ ਜਲੰਧਰ/ਚੰਡੀਗੜ੍ਹ, 21 ਜੂਨ-ਇਰਾਕ ਵਿੱਚ ਫਸੇ ਪੰਜਾਬੀਆਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦੇਂਦੇ ਹੋਏ ਪੰਜਾਬ ਸਰਕਾਰ ਨੇ ਇਸ ਸੰਕਟ ਦੀ ਘੜੀ ਇਰਾਕ ਵਿੱਚ ਫਸੇ ਆਪਣੇ ਰਿਸ਼ਤੇਦਾਰਾਂ ਦਾ ਸੁੱਖ ਸਾਂਦ ਪੁੱਛਣ ਲਈ ਟੈਲੀਫੋਨ ’ਤੇ ਆਉਣ ਵਾਲੇ ਖਰਚੇ ਦਾ ਮੁੜ ਭੁਗਤਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਰਾਕ ਵਿੱਚ ਫਸੇ ਪੰਜਾਬੀਆਂ ਦੇ ਪੀੜਾ ਹੰਡਾ ਰਹੇ ਪਰਿਵਾਰਾਂ ਵੱਲੋਂ ਇਸ ਵੇਲੇ ਆਪਣੇ ਪਿਆਰਿਆਂ ਦਾ ਹਾਲਚਾਲ ਪੁੱਛਣ ਲਈ ਵਾਰ ਵਾਰ ਅੰਤਰਰਾਸ਼ਟਰੀ ਟੈਲੀਫੋਨ ਕਾਲ ਕੀਤੀਆਂ ਜਾ ਰਹੀਆਂ ਹਨ ਜੋ ਕਿ ਇੱਕ ਬਹੁਤ ਮਹਿੰਗਾ ਕਾਰਜ ਹੈ ਇਸ ਕਰਕੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਦਾ ਸਾਰਾ ਖਰਚਾ
ਸਰਕਾਰ ਵੱਲੋਂ ਚੁੱਕੇ ਜਾਣ ਦਾ ਫੈਸਲਾ ਕੀਤਾ ਹੈ। ਇਸ ਖਰਚੇ ਦਾ ਸਰਕਾਰ ਵੱਲੋਂ ਮੁੜ ਭੁਗਤਾਨ ਕੀਤਾ ਜਾਵਗਾ। ਸ. ਬਾਦਲ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੀ ਕਿ ਇਸ ਕਾਰਜ ਲਈ ਪ੍ਰਭਾਵਿਤ ਪਰਿਵਾਰਾਂ ਵੱਲੋਂ ਖਰਚ ਕੀਤੀ ਜਾਣ ਵਾਲੀ ਪਾਈ ਪਾਈ ਦਾ ਵੈਦ ਦਾਅਵਾ ਪੇਸ਼ ਕੀਤੇ ਜਾਣ ’ਤੇ ਤਰੁੰਤ ਮੁੜ ਭੁਗਤਾਨ ਕੀਤਾ ਜਾਵੇ। ਮ੍ਯੁੱਖ ਮੰਤਰੀ ਨੇ ਇਹ ਵੀ ਫੈਸਲਾ ਕੀਤਾ ਕਿ ਇਰਾਕ ਵਿੱਚ ਫਸੇ ਸਾਰੇ ਪੰਜਾਬੀਆਂ ਨੂੰ ਵਾਪਿਸ ਲਿਆਉਣ ਲਈ ਸਾਰਾ ਖਰਚਾ ਰਾਜ ਸਰਕਾਰ ਸਹਿਣ ਕਰੇਗੀ। ਉਨ੍ਹਾਂ ਨੇ ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਇਰਾਕ ਤੋਂ ਪੰਜਾਬੀਆਂ ਦੀ ਜਲਦੀ ਤੋਂ ਜਲਦੀ ਸੁਰੱਖਿਅਤ ਵਤਨ ਵਾਪਸੀ ਯਕੀਨੀ ਬਨਾਉਣ ਲਈ ਕਿਹਾ ਹੈ। ਸ. ਬਾਦਲ ਇਸ ਸਬੰਧ ਵਿੱਚ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਯਾਤਰਾ ਦੇ ਵੈਦ ਦਸਤਾਵੇਜ ਅਤੇ ਇਮੀਗ੍ਰੇਸ਼ਨ ਦੇ ਪੇਪਰ ਹੋਣ ਦੀ ਗੱਲ ਇੱਕ ਪਸੇ ਛੱਡ ਕੇ ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਵਾਪਿਸ ਆਪਣੇ ਦੇਸ਼ ਲਿਆਉਣ ਲਈ ਕਿਹਾ ਹੈ।ਇਸ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲ ਕਦਮੀਆਂ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਕੋਸ਼ਿਸ਼ਾਂ ਕੀਮਤੀ ਜਾਨਾਂ ਨੂੰ ਬਚਾਉਣਗੀਆਂ।
ਇਸੇ ਦੌਰਾਨ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸਹਿਯੋਗ ਅਤੇ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ। ਸ. ਬਾਦਲ ਨੇ ਕਿਹਾ ਇਰਾਕ ਦੀ ਸਿਵਲ ਜੰਗ ਵਿੱਚ ਘਿਰੇ ਪੰਜਾਬੀਆਂ ਨੂੰ ਕੱਢਣ ਦੇ ਸਬੰਧ ਵਿੱਚ ਸਰਕਾਰ ਦੀ ਸਮੁੱਚੀ ਮਸ਼ੀਨਰੀ ਸਾਰੇ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।