ਲਖਨਊ, 20 ਜੂਨ (ਪੀ. ਟੀ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਵਿਧਾਨ ਸਭਾ ’ਚ ਵਿੱਤ ਸਾਲ 2014-15 ਦਾ ਟੈਕਸ ਰਹਿਤ ਬਜਟ ਪੇਸ਼ ਕੀਤਾ। ਅਖਿਲੇਸ਼ ਦੇ ਬਜਟ ’ਚ ਇਸ ਵਾਰ ਰਾਜ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਤਿੰਨ ਬਹੁ ਚਰਚਿਤ ਯੋਜਨਾਵਾਂ ਲਈ ਧਨ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ। ਮੁੱਖ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ’ਚ ਸਰਕਾਰ ਨੇ ਲੈਪਟਾਪ ਯੋਜਨਾ, ਬੇਰੁਜ਼ਗਾਰੀ ਭੱਤਾ ਯੋਜਨਾ ਤੇ ਕੰਨਿਆ ਵਿਦਿਆ ਧਨ ਲਈ ਧਨ ਇਕੱਠਾ ਨਹੀਂ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ ਸਰਕਾਰ ਨੇ ਹੁਣ ਤਿੰਨਾਂ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਦੁਪਹਿਰ 12.20 ਵਜੇ ’ਤੇ ਸਦਨ ਅੰਦਰ 2,74,704.59 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਉੱਤਰ ਪ੍ਰਦੇਸ਼ ਦਾ ਇਹ ਬਜਟ ਪਿਛਲੇ ਅੱਠ ਸਾਲਾਂ ’ਚ ਸਭ ਤੋਂ ਵੱਡਾ ਬਜਟ ਹੈ। ਬਜਟ ਦਾ ਆਕਾਰ ਪਿਛਲੇ ਸਾਲ ਦੀ ਤੁਲਨਾ ’ਚ 22 ਫੀਸਦੀ ਵੱਡਾ ਹੈ
। ਇਸ ਤੋਂ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ਜਿਸ ਤਰ੍ਹਾਂ ਹੀ 12.20 ਵਜੇ ਸ਼ੁਰੂ ਹੋਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਮੁੱਖ ਮੰਤਰੀ ਦੇ ਬਜਟ ਭਾਸ਼ਣ ਦਾ ਵਿਰੋਧ ਕਰਦੇ ਹੋਏ ਸਦਨ ਤੋਂ ਵਾਕਆਊਟ ਕਰ ਗਏ।