Skip to content
Independent perspectives. Global stories.
BREAKING

ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਮਿਲੀ ਤਰੱਕੀ, ਸਿਹਤ ਵਿਭਾਗ ਦੇ ਡਾਇਰੈਕਟਰ ਬਣੇ

Share this story

ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਹੁਦਾ ਸੰਭਾਲਿਆ

ਚੰਡੀਗੜ, 8 ਅਕਤੂਬਰ : ਜ਼ਿਲਾ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਤਰੱਕੀ ਹਾਸਲ ਕਰਨ ਮਗਰੋਂ ਸਿਹਤ ਅਤੇ ਪਰਵਾਰ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਬਣ ਗਏ ਹਨ। ਉਨਾਂ ਦੀ ਨਵੀਂ ਨਿਯੁਕਤੀ ਸਬੰਧੀ ਹੁਕਮ ਅੱਜ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ.ਐਸ. ਅਧਿਕਾਰੀ ਸ੍ਰੀ ਹੁਸਨ ਲਾਲ ਵਲੋਂ ਜਾਰੀ ਕੀਤੇ ਗਏ। ਉਨਾਂ ਨੇ ਚੰਡੀਗੜ ਵਿਚ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅੱਜ ਦੁਪਹਿਰ ਅਪਣਾ ਅਹੁਦਾ ਸੰਭਾਲ ਲਿਆ। ਕੁੱਝ ਸਾਲ ਪਹਿਲਾਂ ਬਲੱਡ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਸਿਹਤਯਾਬ ਹੋਣ ਵਾਲੇ ਡਾ. ਮਨਜੀਤ ਸਿੰਘ ਈਮਾਨਦਾਰ ਅਤੇ ਮਿਹਨਤੀ ਅਫ਼ਸਰ ਵਜੋਂ ਜਾਣੇ ਜਾਂਦੇ ਹਨ। ਉਹ ਸਿਹਤ ਵਿਭਾਗ ਵਿਚ ਸਾਲ 1985 ਵਿਚ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਏ ਸਨ। ਉਨਾਂ ਦੀ ਪਹਿਲੀ ਨਿਯੁਕਤੀ ਸਬਸਾਇਡਰੀ ਹੈਲਥ ਸੈਂਟਰ ਚਲਹੇੜੀ ਖ਼ੁਰਦ ਜ਼ਿਲਾ ਪਟਿਆਲਾ ਵਿਖੇ ਹੋਈ ਸੀ। ਇਸ ਤੋਂ ਬਾਅਦ ਉਹ ਡਕਾਲਾ, ਸਮਾਣਾ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਵੱਖ ਵੱਖ ਸਮੇਂ ਦੌਰਾਨ ਰਹੇ। ਸਾਲ 2010 ਵਿਚ ਉਹ ਸੀਨੀਅਰ ਮੈਡੀਕਲ ਅਫ਼ਸਰ ਬਣੇ ਅਤੇ ਤਿ੍ਰਪੜੀ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਨਿਯੁਕਤ ਹੋਏ। ਇਸ ਤੋਂ ਬਾਅਦ 2017 ਵਿਚ ਉਹ ਸਿਵਲ ਸਰਜਨ ਬਣੇ ਅਤੇ ਪਹਿਲੀ ਨਿਯੁਕਤੀ ਮੋਗਾ ਵਿਖੇ ਹੋਈ। ਫਿਰ ਕੁਝ ਸਮਾਂ ਸੰਗਰੂਰ ਵਿਖੇ ਰਹਿਣ ਤੋਂ ਬਾਅਦ ਉਹ 21 ਜੂਨ 2019 ਨੂੰ ਮੋਹਾਲੀ ਦੇ ਸਿਵਲ ਸਰਜਨ ਬਣੇ। ਜ਼ਿਕਰਯੋਗ ਹੈ ਕਿ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਬਤੌਰ ਅੱਖਾਂ ਦੇ ਸਰਜਨ ਉਨਾਂ ਨੇ ਸੈਂਕੜੇ ਕੈਂਪ ਲਾਏ ਅਤੇ ਹਜ਼ਾਰਾਂ ਲੋਕਾਂ ਦੀ ਸੇਵਾ ਕੀਤੀ।ਇਹ ਵਿਲੱਖਣ ਪ੍ਰਾਪਤੀ ਵੀ ਉਨਾਂ ਦੇ ਨਾਮ ਹੈ ਕਿ ਉਹ ਮੋਹਾਲੀ ਦੇ ਪਹਿਲੇ ਸਿਵਲ ਸਰਜਨ ਸਨ ਜਿਨਾਂ ਨੇ ਦੀਵਾਲੀ ਤੋਂ ਦੋ ਦਿਨ ਪਹਿਲਾਂ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਉਹ ਦੀਵਾਲੀ ਦੇ ਤੋਹਫ਼ੇ ਪ੍ਰਵਾਨ ਨਹੀਂ ਕਰਨਗੇ। ਉਨਾਂ ਨੇ ਅਪਣੇ ਦਫ਼ਤਰ ਦੇ ਬਾਹਰ ਤਖ਼ਤੀ ਲਾ ਦਿਤੀ ਸੀ ਜਿਸ ‘ਤੇ ਲਿਖਿਆ ਸੀ, ‘ਦੀਵਾਲੀ ਦੀਆਂ ਖ਼ੁਸ਼ੀਆਂ ਵੰਡੋ, ਤੋਹਫ਼ੇ ਨਹੀਂ।‘ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੀ 15 ਅਗੱਸਤ ਨੂੰ ਮੋਹਾਲੀ ਵਿਖੇ ਹੋਏ ਸੂਬਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਡਾ. ਮਨਜੀਤ ਸਿੰਘ ਦੁਆਰਾ ‘ਕੋਵਿਡ-19‘ ਵਿਰੁਧ ਜੰਗ ਵਿਚ ਨਿਭਾਈਆਂ ਜਾ ਰਹੀਆਂ ਲਾਮਿਸਾਲ ਤੇ ਸਮਰਪਿਤ ਸੇਵਾਵਾਂ ਲਈ ਉਨਾਂ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਬੀਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਉਹ ਇਸ ਮਹਾਂਮਾਰੀ ਵਿਰੁਧ ਚਲਾਏ ਜਾ ਰਹੇ ‘ਮਿਸ਼ਨ ਫ਼ਤਿਹ‘ ਵਿਚ ਮੋਹਰੀ ਅਤੇ ਡਟਵਾਂ ਰੋਲ ਅਦਾ ਕਰ ਰਹੇ ਹਨ ਜੋ ਹੋਰਨਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਹੈ। ਇਥੇ ਵੀ ਇਹ ਵੀ ਦੱਸਣਯੋਗ ਹੈ ਕਿ ਡਾ. ਮਨਜੀਤ ਸਿੰਘ ਨੇ ਮੋਹਾਲੀ ਸ਼ਹਿਰ ਦੀ ਗਲੀ-ਗਲੀ ਵਿਚ ਘੁੰਮਦਿਆਂ ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਖ਼ਾਸਕਰ ਡੇਂਗੂ ਬੁਖ਼ਾਰ ਬਾਰੇ ਜਾਗਰੂਕ ਕੀਤਾ। ਉਨਾਂ ਦੇ ਸਿਰਤੋੜ ਯਤਨਾਂ ਦਾ ਨਤੀਜਾ ਸੀ ਕਿ ਪਿਛਲੇ ਸੀਜ਼ਨ ਦੌਰਾਨ ਜ਼ਿਲੇ ਵਿਚ ਡੇਂਗੂ ਦੇ ਮਾਮਲੇ 70 ਫ਼ੀਸਦੀ ਤਕ ਘਟੇ ਸਨ। ਸਿਵਲ ਸਰਜਨ ਨੇ ‘ਕੋਰੋਨਾ ਵਾਇਰਸ‘ ਮਹਾਂਮਾਰੀ ਵਿਰੁਧ ਜੰਗ ਵਿਚ ਜਿਥੇ ਅਪਣੀਆਂ ਟੀਮਾਂ ਦੀ ਖ਼ੁਦ ਮੈਦਾਨ ਵਿਚ ਡੱਟ ਕੇ ਅਗਵਾਨੀ ਕੀਤੀ, ਉਥੇ ਉਹ ਆਪ ਵੀ ਮਰੀਜ਼ਾਂ ਦੇ ਘਰਾਂ ਤਕ ਗਏ। ਉਨਾਂ ਨੇ ਜ਼ਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।ਡਾ. ਮਨਜੀਤ ਸਿੰਘ ਨੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਸਟਾਫ਼, ਸਿਹਤ ਕਾਮਿਆਂ, ਆਸ਼ਾ ਵਰਕਰਾਂ ਅਤੇ ਹੋਰ ਸਮੁੱਚੇ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਬਤੌਰ ਸਿਵਲ ਸਰਜਨ ਕਾਰਜਕਾਲ ਦੌਰਾਨ ਉਨਾਂ ਨੂੰ ਜ਼ਿਲਾ ਸਿਹਤ ਵਿਭਾਗ ਦੇ ਸਮੁੱਚੇ ਸਟਾਫ਼ ਦਾ ਚੰਗਾ ਸਹਿਯੋਗ ਅਤੇ ਸਾਥ ਮਿਲਿਆ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ‘ਕੋਰੋਨਾ ਵਾਇਰਸ‘ ਮਹਾਂਮਾਰੀ ਦੌਰਾਨ ਸਮੁੱਚਾ ਸਟਾਫ਼ ਲਗਭਗ 8 ਮਹੀਨਿਆਂ ਤੋਂ ਦਿਨ-ਰਾਤ ਲੋਕਾਂ ਦੀ ਸੇਵਾ ਕਰਨ ਵਿਚ ਜੁਟਿਆ ਹੋਇਆ ਹੈ। ਉਨਾਂ ਇਸ ਬੀਮਾਰੀ ਵਿਰੁਧ ਫ਼ਰੰਟ ‘ਤੇ ਕੰਮ ਕਰ ਰਹੇ ਡਾਕਟਰਾਂ, ਲੈਬ ਤਕਨੀਸ਼ਨਾਂ, ਨਰਸਾਂ, ਸਿਹਤ ਕਾਮਿਆਂ ਅਤੇ ਹੋਰ ਸਮੁੱਚੇ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਉਹ ਅਪਣੀ ਜਾਨ ਜੋਖਮ ਵਿਚ ਪਾ ਕੇ, ਅਪਣੇ ਪਰਵਾਰ ਦੀ ਪਰਵਾਹ ਕੀਤੇ ਬਿਨਾਂ, ਅਪਣੀਆਂ ਸੇਵਾਵਾਂ ਦੇ ਰਹੇ ਹਨ ਜੋ ਬੇਹੱਦ ਕਾਬਲੇ-ਤਾਰੀਫ਼ ਹੈ।

WRITTEN BY