ਭਾਜਪਾ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ’ਚ : ਆਪ
ਨਵੀਂ ਦਿੱਲੀ, 18 ਜੂਨ (ਪੀ. ਟੀ. ਲਾਇਵ)- ਬੇਸ਼ੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਵਿਧਾਇਕਾਂ ਨੂੰ ਖਰੀਦ ਕੇ ਦਿੱਲੀ ਸਟੇਟ ਵਿੱਚ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਪ੍ਰੰਤੂ ਅੱਜ ਭਾਜਪਾ ਨੇ ਇਸ ਗੱਲ ਦਾ ਸਖਤੀ ਨਾਲ ਖੰਡਨ ਕਰਦਿਆਂ ਦਿੱਲੀ ‘ਚ ਭਾਜਪਾ ਸਰਕਾਰ ਬਣਾਉਣ ਦੀਆਂ ਚਰਚਾਵਾਂ ਨਿਰਅਧਾਰ ਦੱਸਿਆ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ‘ਚ ਸਰਕਾਰ ਬਣਾਉਣ ਦੇ ਕਿਸੇ ਵੀ ਦਾਅਵੇ ਤੋਂ ਇਨਕਾਰ ਕਰ ਦਿੱਤਾ ਹੈ। ਗਡਕਰੀ ਨੇ ਸਪੱਸ਼ਟ ਕੀਤਾ ਕਿ ਪਾਰਟੀ ‘ਚ ਅਜਿਹਾ ਕੋਈ ਵਿਚਾਰ ਵਟਾਂਦਰਾ ਨਹੀਂ ਚਲ ਰਿਹਾ ਅਤੇ ਨਾ ਹੀ ਕੋਈ ਅਜਿਹਾ ਪ੍ਰਸਤਾਵ ਆਇਆ ਹੈ। ਗਡਕਰੀ ਦੇ ਇਸ ਬਿਆਨ ਨਾਲ ਅਜਿਹੇ ਸਾਰੇ ਕਿਆਸਾਂ ‘ਤੇ ਵਿਰਾਮ
ਲੱਗ ਗਿਆ ਹੈ, ਜਿਸ ‘ਚ ਕਿਹਾ ਜਾ ਰਿਹਾ ਸੀ ਕਿ ਭਾਜਪਾ ਗਠਜੋੜ ਕਰਕੇ ਦਿੱਲੀ ‘ਚ ਸਰਕਾਰ ਬਣਾ ਸਕਦੀ ਹੈ। ਗਡਕਰੀ ਦਾ ਇਹ ਬਿਆਨ ਆਪ ਵਿਧਾਇਕ ਰਾਜੇਸ਼ ਗਰਗ ਦੇ ਉਸ ਦਾਅਵੇ ਤੋਂ ਬਾਅਦ ਆਇਆ ਹੈ ਜਿਸ ਵਿਚ ਰਾਜੇਸ਼ ਗਰਗ ਨੇ ਭਾਜਪਾ ‘ਤੇ ਇਲਜ਼ਾਮ ਲਾਇਆ ਸੀ ਕਿ ਪਾਰਟੀ ਨੇ ਉਨ੍ਹਾਂ ਨਾਲ ਸਰਕਾਰ ਬਣਾਉਣ ਲਈ ਸੰਪਰਕ ਕੀਤਾ ਹੈ।