ਆਈ.ਐਸ.ਆਈ.ਐਸ. ਅੱਤਵਾਦੀਆਂ ’ਤੇ ਸ਼ੱਕ
ਨਵੀਂ ਦਿੱਲੀ, 18 ਜੂਨ (ਪੀ. ਟੀ.)-ਇਰਾਕ ’ਚ 40 ਭਾਰਤੀ ਪੰਜਾਬੀ ਕਾਮਿਆਂ ਨੂੰ ਅਗਵਾ ਕਰ ਲਿਆ ਗਿਆ ਹੈ। ਬੇਸ਼ੱਕ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਨਾ ਤਾਂ ਇਸ ਦੀ ਜ਼ਿੰਮੇਵਾਰੀ ਲਈ ਹੈ ਅਤੇ ਨਾ ਹੀ ਕੋਈ ਮੰਗ ਰੱਖੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਦੱਸਿਆ ਕਿ 40 ਅਗਵਾ ਪੰਜਾਬੀਆਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਭਾਰਤ, ਇਰਾਕੀ ਅਧਿਕਾਰੀਆਂ ਦੇ ਸੰਪਰਕ ‘ਚ ਹੈ। ਭਾਰਤ ਸਰਕਾਰ ਨੇ ਕੁਝ ਹੈਲਪਲਾਈਨ ਨੰਬਰ ਉਪਲਬਧ ਕਰਵਾਏ ਹਨ। ਇਕ ਅੰਗਰੇਜ਼ੀ ਰੋਜ਼ਾਨਾ ਦੀ ਰਿਪੋਰਟ ਦੇ ਮੁਤਾਬਿਕ ਇਰਾਕ ਦੇ ਮੋਸੂਲ ਸ਼ਹਿਰ ‘ਚ ਇਕ ਪ੍ਰਾਜੈਕਟ ਦੇ ਲਈ ਕੰਮ ਕਰ ਰਹੇ 40 ਪੰਜਾਬੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਇਹ ਸਾਰੇ ਲੋਕ ਇਥੇ ਉਸਾਰੀ ਦੇ ਕੰਮ ‘ਚ ਲੱਗੇ ਹੋਏ ਸਨ। ਇਨ੍ਹਾਂ ਨੂੰ ਅਗਵਾ ਕਰਨ
ਦੇ ਪਿੱਛੇ ਇਸਲਾਮਿਕ ਸਟੇਟ ਇਨ ਇਰਾਕ ਐਂਡ ਅਲ-ਸ਼ਾਮ (ਆਈ. ਐੱਸ. ਆਈ. ਐੱਸ.) ਦੇ ਅੱਤਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਰਿਪੋਰਟ ਦੇ ਅਨੁਸਾਰ ਇਰਾਕ ਦੇ ਮੋਸੂਲ ਸ਼ਹਿਰ ਤੋਂ ਜਦੋਂ ਇਨ੍ਹਾਂ ਪੰਜਾਬੀਆਂ ਨੂੰ ਕੱਢਿਆ ਜਾ ਰਿਹਾ ਸੀ ਉਦੋਂ ਹੀ ਇਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਰਾਕ ‘ਚ ਗ੍ਰਹਿ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ। ਸੁੰਨੀ ਜਹਾਦੀਆਂ ਨੇ ਸ਼ੀਆ ਸਮਰਪਿਤ ਇਰਾਕੀ ਸਰਕਾਰ ਦੇ ਖ਼ਿਲਾਫ਼ ਜੰਗ ਛੇੜ ਰੱਖੀ ਹੈ।