ਜਗਰਾਉਂ, 18 ਮਾਰਚ (ਪਰਮਜੀਤ ਸਿੰਘ ਗਰੇਵਾਲ)- ਕੋਰੋਨਾ ਵਾਇਰਸ ਦੇ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਾਵਧਾਨ ਰਹਿਣ ਲਈ ਐਸ. ਐਸ. ਪੀ. ਵਿਵੇਕÎਸ਼ੀਲ ਸੋਨੀ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਕੋਰੋਨਾ ਵਾਇਰਸ ਫੈਲਣ ਬਾਰੇ ਜਾਗਰੂਕ ਕਰਨ ਅਤੇ ਸਾਵਧਾਨੀ ਵਰਤਣ ਲਈ ਡਾਕਟਰ ਅਮਨ ਸ਼Îਰਮਾ ਮੈਡੀਕਲ ਅਫਸਰ ਵੱਲੋਂ ਲੈਕਚਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਫੈਲਣ ਦੇ ਲੱਛਣ ਅਤੇ ਇਸ ਨੂੰ ਰੋਕਣ ਲਈ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਮੀਟਿੰਗ ਦੌਰਾਨ ਐਸ.ਐਸ.ਪੀ ਵੱਲੋਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀਆਂ ਨਾਲ ਨਜਿੱਠਣ ਲਈ ਅਤੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਏਰੀਏ ‘ਚ ਨਾਕਾਬੰਦੀ ਅਤੇ ਸੀਲਿੰਗ ਕਰਨ ਸਬੰਧੀ ਵਿਸਥਾਰ ਨਾਲ ਸਮਝਾਇਆ ਗਿਆ। ਮੀਟਿੰਗ ‘ਚ ਹਾਜ਼ਰ ਅਫ਼ਸਰਾਂ ਤੇ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ ਅਧੀਨ ਤਾਇਨਾਤ ਹੋਰ ਪੁਲਿਸ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਦੇ ਬਚਾਓ ਲਈ ਸਾਵਧਾਨੀਆਂ ਅਤੇ ਰੋਕਥਾਮਾਂ ਬਾਰੇ ਜਾਗਰੂਕ ਕਰਨ ਤੇ ਹਦਾਇਤ ਕੀਤੀ ਗਈ ਕਿ ਉਹ ਆਪਣੇ ਥਾਣੇ ਦੇ ਏਰੀਏ ‘ਚ ਪੈਦੇ ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ ਬੰਦ ਕਰਵਾਉਣ, ਜੇਕਰ ਉਹ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦੇ ਹਨ ਤਾਂ 188 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਆਮ ਲੋਕਾਂ ਨੂੰ ਸਲਾਹ ਦਿੱਤੀ ਕਿ ਵਿਆਹ ਸ਼ਾਦੀ ਜਾਂ ਹੋਰ ਪਰਿਵਾਰਿਕ ਕਾਰਜਾਂ ‘ਚ ਘੱਟ ਤੋਂ ਘੱਟ ਇਕੱਠ ਕੀਤਾ ਜਾਵੇ, ਜਦੋਂ ਕੋਈ ਵਿਅਕਤੀ ਵਿਦੇਸ਼ ਤੋਂ ਆਉਂਦਾ ਹੈ ਤਾਂ ਉਸ ਨੂੰ ਘੱਟੋਂ-ਘੱਟ 14 ਦਿਨ ਘਰ ‘ਚ ਰਹਿਣ ਦੀ ਸਲਾਹ ਦਿੱਤੀ ਜਾਵੇ। ਮੀਟਿੰਗ ‘ਚ ਪੁਲਿਸ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਜਾਗਰੂਕ ਕਰਨ ਸਮੇਂ ਆਪ ਖੁਦ ਸੁਰੱਖਿਅਤ ਰਹਿਣ। ਮੀਟਿੰਗ ਦੇ ਅਖੀਰ ‘ਚ ਕੋਰੋਨਾ ਵਾਇਰਸ ਦੀਆਂ ਸਾਵਧਾਨੀਆਂ ਅਤੇ ਰੋਕਥਾਮਾਂ ਬਾਰੇ ਜਾਗਰੂਕ ਕਰਨ ਲਈ ਪੋਸਟਰ ਵੰਡੇ ਗਏ ਅਤੇ ਹਦਾਇਤ ਕੀਤੀ ਗਈ ਕਿ ਇਹ ਪੋਸਟਰ ਅੱਗੇ ਲੋਕਾਂ ਵਿੱਚ ਵੰਡੇ ਜਾਣ। ਇਸ ਮੌਕੇ ਐਸ. ਪੀ. (ਹੈਡਕੁਆਟਰ) ਜਸਵਿੰਦਰ ਸਿੰਘ ਤੇ ਡੀ. ਐਸ. ਪੀ. (ਹੈਡਕੁਆਟਰ) ਰਾਜੇਸ਼ ਸ਼ਰਮਾ ਤੋਂ ਇਲਾਵਾ ਪੁਲਿਸ ਮੁਲਾਜ਼ਮ ਹਾਜ਼ਰ ਸਨ।