ਦੋ ਰਾਜਪਾਲਾਂ ਵੱਲੋਂ ਸਰਕਾਰੀ ਦਬਾਅ ਦੇ ਬਾਵਜੂਦ ਅਸਤੀਫੇ ਦੇਣ ਤੋਂ ਇਨਕਾਰ
ਨਵੀਂ ਦਿੱਲੀ, 17 ਜੂਨ (ਪੀ. ਟੀ. ਲਾਇਵ)- ਕੇਂਦਰ ਵਿੱਚ ਸਤ੍ਹਾ ਪਰਿਵਰਤਨ ਅਤੇ ਅਮਨ ਕਾਨੂਨ ਦੀ ਮਾੜੀ ਹਾਲਾਤ ਦੇ ਮੱਦੇਨਜ਼ਰ ਉਤਰ ਪਰਦੇਸ਼ ਦੇ ਰਾਜਪਾਲ ਸ੍ਰੀ ਬੀ ਐਲ ਜੋਸ਼ੀ ਨੇ ਆਪਣੇ ਅਹੁਦੇ ਤੋਂ ਅਸਤੀਪਾ ਦੇ ਦਿੱਤਾ ਹੈ। ਕਰਨਾਟਕ ਦੇ ਰਾਜਪਾਲ ਸ੍ਰੀ ਹੰਸ ਰਾਜ ਭਾਰਦਵਾਜ ਅਤੇ ਅਸਮ ਦੇ ਰਾਜਪਾਲ ਸ੍ਰੀ ਜੇ ਬੀ ਪਟਨਾਇਕ ਦੇ ਅਸਤੀਫੇ ਦੀ ਵੀ ਖਬਰ ਹੈ। ਪਰ ਦੋਵਾਂ ਨੇ ਹਾਲੇ ਇਸ ਸਬੰਧੀ ਇਨਕਾਰ ਕੀਤਾ ਹੈ। ਅਸਮ ਦੇ ਰਾਜਪਾਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਉਂਝ ਉਨ੍ਹਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਿਕ ਕਈਂ ਹੋਰ ਰਾਜਪਾਲ ਨਵੇਂ ਹਾਲਾਤਾਂ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਇਹ ਰਿਪੋਰਟਾਂ ਆ ਰਹੀਆਂ ਕਿ ਕੇਂਦਰ ਦੀ ਮੋਦੀ
ਸਰਕਾਰ ਨੇ ਕਾਂਗਰਸ ਦੇ ਰਾਜਕਾਲ ਦੌਰਾਨ ਨਿਯੁਕਤ ਕੀਤੇ ਲੱਗਭੱਗ ਅੱਧਾ ਦਰਜਨ ਰਾਜਪਾਲਾਂ ਨੂੰ ਆਪਣੇ ਅਹੁਦੇ ਤੋਂ ਹੱਟ ਜਾਣ ਲਈ ਆਖਿਆ ਸੀ। ਮੰਨਿਆ ਜਾ ਰਿਹਾ ਹੈ ਕਿ ਸ੍ਰੀ ਜੋਸ਼ੀ ਦਾ ਅਸਤੀਫਾ ਇਸ ਮੁਤਾਬਿਕ ਹੀ ਆਇਆ ਹੈ। 31 ਤਾਰੀਖ ਨੂੰ 7 ਰਾਜਪਾਲਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਇੱਕ ਅੰਗਰੇਜ਼ੀ ਅਖਬਾਰ ਮੁਤਾਬਿਕ ਇੱਕ ਮਹਿਲਾ ਰਾਜਪਾਲ ਨੇ ਦਬਾਅ ਹੇਠ ਆ ਕੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਮਹਿਲਾ ਰਾਜਪਾਲ ਹੋਰ ਕੋਈ ਨਹੀਂ ਕੇਰਲਾ ਦੀ ਰਾਜਪਾਲ ਸ਼ੀਲਾ ਦਿਕਸ਼ਿਤ ਹੀ ਹੈ। ਅਖਬਾਰ ਮੁਤਾਬਿਕ ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਮਾਵੀ ਨੇ 6 ਰਾਜਪਾਲਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਨਵੀਂ ਸਰਕਾਰ ਦੀ ਮੰਨਸ਼ਾ ਦਸਦਿਆਂ ਅਸਤੀਫੇ ਭੇਜਣ ਲਈ ਕਿਹਾ ਗਿਆ ਹੈ। ਇਨ੍ਹਾਂ ਵਿੱਚ ਬੰਗਾਲ ਦੇ ਰਾਜਪਾਲ ਸ੍ਰੀ ਐਮ ਕੇ ਨਰਾਇਣਨ, ਕੇਰਲ ਦੀ ਰਾਜਪਾਲ ਸ੍ਰੀਮਤੀ ਸ਼ੀਲਾ ਦਿਕਸ਼ਿਤ, ਰਾਜਸਤਾਨ ਦੀ ਰਾਜਪਾਲ ਸ੍ਰੀਮਤੀ ਮਾਰਗੇਟ ਅਲਵਾ, ਗੁਜਰਾਤ ਦੀ ਰਾਜਪਾਲ ਸ੍ਰੀਮਤੀ ਕਮਲਾ ਬੈਨੀਵਾਲ, ਮਹਾਰਾਸ਼ਟਰ ਦੇ ਰਾਜਪਾਲ ਸ਼ੰਕਰ ਨਰਾਇਣਨ ਅਤੇ ਤ੍ਰਿਪੁਰਾ ਦੇ ਰਾਜਪਾਲ ਸ੍ਰੀ ਦਵਿੰਦਰ ਕੁੰਵਰ। ਨਵੀਂ ਸਰਕਾਰ ਦੇ ਇਸ ਕਦਮ ਨਾਲ ਯੂ ਪੀ ਏ ਅਤੇ ਐਨ ਡੀ ਏ ਵਿੱਚ ਟਕਰਾਅ ਦੇ ਆਸਾਰ ਪੈਦਾ ਹੋ ਗਏ ਹਨ ਅਤੇ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਸ਼ੀਲਾ ਦਿਕਸ਼ਿਤ ਨੇ ਅਸਤੀਫਾ ਦੇਣ ਤੋਂ ਇਨਕਾਰ ਕਰਦਿਆਂ ਆਖਿਆ ਹੈ ਕਿ ਨਵੀਂ ਸਰਕਾਰ ਇਸ ਸਬੰਧੀ ਲਿਖਤੀ ਆਦੇਸ਼ ਦੇਵੇ ਤਾਂ ਹੀ ਉਹ ਅਹੁਦੇ ਦਾ ਤਿਆਗ ਕਰਨਗੇ।ਐਨ ਡੀ ਏ ਸਰਕਾਰ ਵੀ ਯੂ ਪੀ ਏ ਦੀ ਤਰ੍ਹਾਂ ਹੀ ਕਦਮ ਵਧਾ ਰਹੀ ਹੈ। ਯੂ ਪੀ ਏ ਨੇ 2004 ਵਿੱਚ ਭਾਜਪਾ ਦੁਆਰਾ ਨਿਯੁਕਤ 4 ਰਾਜਪਾਲਾਂ ਨੂੰ ਹਟਾ ਦਿੱਤਾ ਸੀ। ਉਸ ਸਮੇਂ ਗੁਜਰਾਤ ਅਤੇ ਯੂ ਪੀ ਦੇ ਰਾਜਪਾਲ ਨੂੰ ਹਟਾਉਣ ਸਬੰਧੀ ਦੋਹਾਂ ਧਿਰਾਂ ਵਿੱਚ ਟਕਰਾਅ ਪਿੱਛੋਂ ਭਾਜਪਾ ਦੇ ਐਮ ਪੀ ਸ੍ਰੀ ਬੀ ਪੀ ਸਿੰਘਲ ਅਦਾਲਤ ਵਿੱਚ ਚਲੇ ਗਏ ਸਨ। ਅਦਾਲਤ ਨੇ 2010 ਵਿੱਚ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਰਾਜਪਾਲ ਕੇਂਦਰ ਸਰਕਾਰ ਦੇ ਕਰਮਚਾਰੀ ਨਹੀਂ ਹਨ। ਅਤੇ ਉਨ੍ਹਾਂ ਨੂੰ ਵਿਸ਼ਵਾਸ ਖਤਮ ਹੋਣ ਦੇ ਨਾਮ ਉਪਰ ਹਟਾਇਆ ਨਹੀਂ ਜਾ ਸਕਦਾ। ਪਰ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਕੇਂਦਰ ਸਰਕਾਰ ਅਜਿਹੇ ਰਾਜਪਾਲਾਂ ਨੂੰ ਹਟਾਉਣ ਲਈ ਕਾਰਨ ਦੱਸਦੇ ਹੋਏ ਰਾਸ਼ਟਰਪਤੀ ਨੂੰ ਲਿਖੇ ਜੋ ਆਪਣੀ ਇੱਛਾ ਨਾਲ ਉਨ੍ਹਾਂ ਨੂੰ ਰੱਖੇ ਜਾਂ ਹਟਾਵੇ। ਇਹ ਸਮਝਿਆ ਜਾ ਰਿਹਾ ਹੈ ਕਿ ਸਰਕਾਰ ਜਿਨ੍ਹਾਂ ਰਾਜਪਾਲਾਂ ਨੂੰ ਹਟਾਉਣ ’ਤੇ ਉਤਾਰੂ ਹੈ ਉਨ੍ਹਾਂ ਲਈ ਕੇਂਦਰੀ ਕੈਬਨਿਟ ਆਪਣਾ ਨਿਰਣਾ ਦੇ ਸੱਕਦੀ ਹੈ। ਇੱਕ ਕੇਂਦਰੀ ਅਧਿਕਾਰੀ ਦਾ ਕਹਿਣਾ ਹੈ ਕਿ ਰਾਜਪਾਲਾਂ ਨੂੰ ਹਟਾਉਣ ਲਈ ਸਰਕਾਰ ਕੋਲ ਯੋਗ ਅਧਾਰ ਅਤੇ ਕਾਰਨ ਮੌਜੂਦ ਹਨ।



