ਹੋਲਾ ਮਹੱਲਾ ਮੌਕੇ ਸੇਵਾਵਾਂ ਨਿਭਾਉਣ ਵਾਲੀਆਂ ਸੰਗਤਾਂ ਦਾ ਧੰਨਵਾਦ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 12 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਖਾਲਸਾ ਪੰਥ ਜੀ ਦੇ ਪ੍ਰਗਟ ਅਸਥਾਨ ਸ੍ਰੀ ਅਨੰਦਪੁਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਪੂਰੇ ਖਾਲਸਈ ਜਾਹੋ ਜਲਾਲ,ਬੜੇ ਉਤਸ਼ਾਹ ਚਾਵਾਂ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਮਨਾਇਆ ਗਿਆ।ਜਿਸ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਲੱਖਾਂ ਦੀ ਤਾਦਾਦ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਈਆਂ।ਸਮੁੱਚੇ ਪ੍ਰਬੰਧਾਂ ਨੂੰ ਨੇਪਰੇ ਚੜਾਉਣ ਹਿੱਤ ਸਮੂਹ ਸਭਾ-ਸੁਸਾਇਟੀਆਂ, ਸਨਮਾਨਯੋਗ ਸੰਤ ਸਮਾਜ ਦੇ ਸਮੂੰਹ ਮਹਾਂਪੁਰਸ਼ ਸਹਿਬਾਨ, ਨਿਹੰਗ ਸਿੰਘ ਜਥੇਬੰਦੀਆਂ, ਲੰਗਰ ਕਮੇਟੀਆਂ, ਜੋੜੇ ਘਰ, ਗੱਠੜੀ ਘਰ ਅਤੇ ਹੋਰ ਨਿਸ਼ਕਾਮ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਜਿੰਮੇਵਾਰੀਆਂ ਤਨ ਮਨ ਅਤੇ ਧਨ ਨਾਲ ਬਾ-ਖੂਬੀ ਨਿਭਾਈਆਂ ਹਨ।ਜਿਥੇ ਸੰਗਤਾਂ ਦਾ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ ਉੱਥੇ ਪੰਥ ਦੇ ਸਮੂਹ ਸੇਵਾਦਾਰਾਂ ਨੇ ਸੰਗਤਾਂ ਦੀ ਸਹੂਲਤ ਲਈ ਲੰਗਰ, ਪਾਣੀ, ਰਿਹਾਇਸ਼, ਮੈਡੀਕਲ ਸਹੂਲਤਾਂ ਆਦਿ ਦੇ ਪ੍ਰਬੰਧ ਨੂੰ ਸੁਯੋਗ ਤਰੀਕੇ ਨਾਲ ਨੇਪਰੇ ਚਾੜਿਆ।ਉਪਰੋਕਤ ਸਮੂਹ ਨਿਸ਼ਕਾਮ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਨੂੰ ਅਤੇ ਵਿਸ਼ੇਸ ਤੌਰ ’ਤੇ ਜਿਨ੍ਹਾਂ ਸਨਮਾਨਯੋਗ ਜਥੇਬੰਦੀਆਂ ਦੇ ਸੇਵਾਦਾਰਾਂ ਨੇ ਲਗਾਤਾਰ ਸਾਫ-ਸਫਾਈ ਦੇ ਕਾਰਜਾਂ ਨੂੰ ਨਿਭਾਇਆ ਉਨ੍ਹਾਂ ਸਭਨਾ ਨੂੰ ਸਮਾਗਮਾ ਦੀ ਸਮਾਪਤੀ ਉਪਰੰਤ ਸਨਮਾਨਤ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਸਮੂੰਹ ਸੰਗਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਆਪਸੀ ਤਾਲ ਮੇਲ ਸਦਕਾ ਇਹ ਕੌਮੀ ਤਿਉਹਾਰ ਨਿਰਵਿਘਨਤਾ ਸਹਿਤ ਸੰਪੂਰਨ ਹੋਇਆ ਅਤੇ ਆਸ ਪ੍ਰਗਟ ਕੀਤੀ ਹੈ ਕਿ ਸਮੁੱਚਾ ਸਿੱਖ ਪੰਥ ਭਵਿਖ ਵਿਚ ਵੀ ਇਸੇ ਤਰਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਨੂੰ ਸਹਿਯੋਗ ਕਰਦਾ ਰਹੇਗਾ।

Send this to a friend