ਨਵੀਂ ਦਿੱਲੀ, 17 ਜੂਨ (ਪੀ. ਟੀ)-ਇਕ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਨੇ ਭਾਰਤ-ਚੀਨ ਸਰਹੱਦ ‘ਤੇ ਇੰਡੋਂ-ਤਿੱਬਤਨ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੇ ਸੁਰੱਖਿਆ ਬਲਾਂ ਦੀ ਗਿਣਤੀ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ। ਸਰਹੱਦ ‘ਤੇ ਲਗਾਤਾਰ ਜਾਰੀ ਝਗੜਿਆਂ ਦੇ ਮੱਦੇਨਜ਼ਰ, ਭਾਰਤ ਵਲੋਂ ਚੁੱਕਿਆ ਗਿਆ ਇਹ ਕਦਮ ਚੀਨ ਨੂੰ ਇਕ ਮਜ਼ਬੂਤ ਸੁਨੇਹਾ ਦੇਣਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਨਰਿੰਦਰ ਮੋਦੀ ਦੀ ਸਰਕਾਰ, ਇਕ ਪਾਸੇ ਤਾਂ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਦੋ ਪਾਸੜ ਸਬੰਧਾਂ ‘ਚ ਵਾਧੇ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ, ਦੂਜੇ ਪਾਸੇ ਉਹ ਸਿਨੋ-ਇੰਡੀਆ ਬਾਰਡਰ ‘ਤੇ ਵੱਧ ਤੋਂ ਵੱਧ ਚੌਕਸੀ ਨੂੰ ਯਕੀਨੀ ਬਣਾਉਣ ਦੇ ਲਈ ਇਸ ਤਰਾਂ ਦੇ ਕਿਰਿਆਸ਼ੀਲ ਕਦਮ ਉਠਾ ਰਹੀ ਹੈ। ਇਸ ਰਿਪੋਰਟ ਅਨੁਸਾਰ
ਸਰਕਾਰ ਵਿਚਲੇ ਇਕ ਉੱਚ-ਰੁਤਬਾ ਸੂਤਰ ਨੇ ਦੱਸਿਆ ਕਿ ਪਿਛਲੇ ਸਾਲ ਚੀਨ ਵਲੋਂ ਸਰਹੱਦ ‘ਤੇ ਕੀਤੀਆਂ ਘੁਸਪੈਠ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ। ਰਿਪੋਰਟ ਅਨੁਸਾਰ ਸਰਕਾਰ ਨੇ ਚੀਨ ਦੀ ਸਰਹੱਦ ਨਾਲ 54 ਨਵੀਆਂ ਚੌਂਕੀਆਂ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟ ਅਨੁਸਾਰ ਭਾਰਤ-ਚੀਨ ਸਰਹੱਦ ‘ਤੇ ਆਈ. ਟੀ. ਬੀ. ਪੀ. ਦੀ ਗਿਣਤੀ ਦੁੱਗਣੀ ਕਰਨ ਦਾ ਪ੍ਰਸਤਾਵ ਖੁਦ ਪੈਰਾਮਿਲਟਰੀ ਫੋਰਸ ਦਾ ਸੀ। ਮੌਜੂਦਾ ਸਮੇਂ ਵਿਚ, ਸਰਹੱਦ ‘ਤੇ ਆਈ. ਟੀ. ਬੀ. ਪੀ. ਦੀਆਂ ਕਰੀਬ 40 ਚੌਕੀਆਂ ਹਨ ਅਤੇ ਜਿਥੇ 15,000 ਸੈਨਿਕ ਤਾਇਨਾਤ ਹਨ। ਗ੍ਰਹਿ ਮਾਮਲਿਆਂ ਬਾਰੇ ਰਾਜ ਮੰਤਰੀ ਕੀਰਨ ਰਿਜੀਜੋ ਨੇ ਵੀ ਚੀਨ ਦੀ ਸਰਹੱਦ ‘ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸੈਨਾ ਦੀ ਗਿਣਤੀ ਵਿਚ ਵਾਧਾ ਅਤੇ ਸੈਨਾ ਨੂੰ ਆਧੁਨਿਕ ਬਣਾਉਣ ਦੀ ਲੋੜ ‘ਤੇ ਚਾਨਣਾ ਪਾਇਆ ਸੀ। ਜਿਸ ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਨੇ ਚੀਨ ਦੇ ਖਤਰੇ ਤੋਂ ਨਿਪਟਣ ਦੇ ਲਈ ਇਹ ਕਿਰਿਆਸ਼ੀਲ ਕਦਮ ਚੁੱਕਿਆ ਹੈ।



