May 28, 2026 4:07 pm

ਨਿਰਭਿਆ ਦੇ ਦੋਸ਼ੀਆਂ ਲਈ ਨਵਾਂ ਡੈੱਥ ਵਾਰੰਟ ਜਾਰੀ

20 ਮਾਰਚ ਨੂੰ ਸਵੇਰੇ 5:30 ਹੋਵੇਗੀ ਫ਼ਾਂਸੀ

ਨਵੀਂ ਦਿੱਲੀ, 5 ਮਾਰਚ- ਨਿਰਭਿਆ ਸਮੂਹਿਕ ਜਬਰ ਜਨਾਹ ਅਤੇ ਕਤਲ ਕੇਸ ਦੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਬਦਲ ਖਤਮ ਹੋਣ ਮਗਰੋਂ ਅੱਜ ਭਾਵ ਵੀਰਵਾਰ ਨੂੰ ਫਾਂਸੀ ਦੀ ਨਵੀਂ ਤਾਰੀਕ 20 ਮਾਰਚ ਤੈਅ ਕੀਤੀ ਗਈ ਹੈ। ਨਿਰਭਿਆ ਦੇ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5:30 ਵਜੇ ਫਾਹੇ ਲਗਾਇਆ ਜਾਵੇਗਾ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਅਜਿਹਾ ਤੀਜੀ ਵਾਰ ਹੋਇਆ ਸੀ, ਜਦੋਂ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਲੱਗੀ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ‘ਚ ਫਾਂਸੀ ਦੀ ਤਰੀਕ ਤੈਅ ਕੀਤੀ ਗਈ ਸੀ, ਫਿਰ 1 ਫਰਵਰੀ ਦੀ ਤਾਰੀਕ ਫਾਂਸੀ ਦੇਣ ਲਈ ਤੈਅ ਕੀਤੀ ਗਈ ਸੀ। ਹਾਲਾਂਕਿ ਦੋਸ਼ੀਆਂ ਨੇ ਕਾਨੂੰਨੀ ਦਾਅ ਪੇਚ ਲਗਾ ਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ। 3 ਮਾਰਚ ਨੂੰ ਤੀਜੀ ਵਾਰ ਫਾਂਸੀ ਟਾਲ ਦਿੱਤੀ ਗਈ, ਕਿਉਂਕਿ ਦੋਸ਼ੀ ਪਵਨ ਨੇ ਰਾਸ਼ਟਰਪਤੀ ਸਾਹਮਣੇ ਰਹਿਮ ਪਟੀਸ਼ਨ ਦਾਇਰ ਕਰ ਦਿੱਤੀ ਸੀ। ਰਹਿਮ ਪਟੀਸ਼ਨ ਪੈਂਡਿੰਗ ਹੋਣ ਕਾਰਨ 3 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਟਾਲ ਦਿੱਤੀ ਗਈ ਸੀ। ਪਵਨ ਦੀ ਪਟੀਸ਼ਨ ਬੁੱਧਵਾਰ (4 ਮਾਰਚ) ਨੂੰ ਰਾਸ਼ਟਰਪਤੀ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਅਜਿਹੇ ‘ਚ ਦੋਸ਼ੀਆਂ ਕੋਲ ਹੁਣ ਸਾਰੇ ਬਦਲ ਖਤਮ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਦੱਖਣੀ ਦਿੱਲੀ ‘ਚ ਇਕ ਚੱਲਦੀ ਬੱਸ ‘ਚ 23 ਸਾਲਾ ਪੈਰਾ-ਮੈਡੀਕਲ ਵਿਦਿਆਰਥਣ ਨਾਲ 6 ਵਹਿਸ਼ੀ ਦਰਿੰਦਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਬਾਅਦ ‘ਚ ਉਸ ਨੂੰ ਚੱਲਦੀ ਬੱਸ ‘ਚੋਂ ਬਾਹਰ ਸੁੱਟ ਦਿੱਤਾ ਗਿਆ ਸੀ। 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ‘ਚ ਵਿਦਿਆਰਥਣ ਦੀ ਮੌਤ ਹੋ ਗਈ ਸੀ। ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਜੇਲ ‘ਚ ਵੀ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਉਦੋਂ ਨਾਬਾਲਗ ਸੀ, ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ 3 ਸਾਲ ਬਾਲ ਸੁਧਾਰ ਗ੍ਰਹਿ ‘ਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।