ਵੱਡੀ ਗਿਣਤੀ ਸੰਗਤਾਂ ਕੀਰਤਨੀ ਅਤੇ ਢਾਡੀ ਜਥਿਆਂ ਨੇ ਕੀਤਾ ਗੁਰਬਾਣੀ ਕੀਰਤਨ ਨਾਲ ਨਿਹਾਲ
ਮੋਰਿੰਡਾ, 24 ਫ਼ਰਵਰੀ (ਹਰਜਿੰਦਰ ਸਿੰਘ ਛਿੱਬਰ)- ਕਸ਼ਯਪ ਰਾਜਪੂਤ ਸਭਾ ਮੋਰਿੰਡਾ ਵੱਲੋਂ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ‘ਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਯਪ ਰਾਜਪੂਤ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਰਵਾਏ ਇਸ ਸ਼ਹੀਦੀ ਸਮਾਗਮ ਦੌਰਾਨ ਬਲਬੀਰ ਸਿੰਘ ਸਮਰਾਲੇ ਵਾਲਿਆਂ ਦੇ ਗੋਲਡ ਮੈਡਲਿਸਟ ਢਾਡੀ ਜਥੇ ਨੇ ਆਈਆਂ ਸੰਗਤਾਂ ਨੂੰ ਢਾਡੀ ਵਾਰਾਂ ਅਤੇ ਕੀਰਤਨੀ ਜਥਿਆਂ ਨੇ ਇਲਾਹੀ ਕੀਰਤਨ ਨਾਲ ਨਿਹਾਲ ਕੀਤਾ। ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋ ਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸ਼ਰਧਾ ਦੇ ਫੁਲ ਅਰਪਿਤ ਕੀਤੇ। ਇਸ ਮੌਕੇ ਵਿਸ਼ੇਸ ਪਹੁੰਚੇ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਨਿਰਮਲ ਸਿੰਘ ਐਸ.ਐਸ. ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਕਿਰਤੀ ਜੀਵਨ ‘ਤੇ ਚਾਨਣਾ ਪਾ ਕੇ ਬਾਬਾ ਜੀ ਦੇ ਇਤਿਹਾਸ ਤੋਂ ਹਾਜ਼ਰ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਕੀਰਤਨੀ ਅਤੇ ਢਾਡੀ ਜਥਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਸ਼ਹੀਦੀ ਸਮਾਗਮ ਮੌਕੇ ਜੁੜੀਆਂ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਕਸ਼ਯਪ ਰਾਜਪੂਤ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ, ਮੈਂਬਰ ਪਰਮਿੰਦਰ ਸਿੰਘ, ਜਸਪਾਲ ਸਿੰਘ, ਜਸਵੀਰ ਸਿੰਘ, ਮਾ. ਹਾਕਮ ਸਿੰਘ, ਨਾਗਰ ਸਿੰਘ ਕਾਂਝਲਾ, ਮਲਾਰਾ ਸਿੰਘ, ਤਰਸੇਮ ਸਿੰਘ, ਮਾਸਟਰ ਅਜਮੇਰ ਸਿੰਘ, ਬਨਾਰਸੀ ਦਾਸ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਬਲਦੇਵ ਸਿੰਘ ਸਮੇਤ ਇਲਾਕੇ ਦੀਆਂ ਸੰਗਤਾਂ ਹਾਜਰ ਸਨ।