ਨਵੀਂ ਦਿੱਲੀ, 15 ਜੂਨ (ਪੀ. ਟੀ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਦਾਲਤੀ ਹੁਕਮ ਪਾਸ ਕਰਨ ਪਿੱਛੇ ਦਾ ਤਰਕ ਤੇ ਆਧਾਰ ਨੂੰ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਦੱਸਿਆ ਨਹੀਂ ਜਾ ਸਕਦਾ। ਆਰ. ਟੀ. ਆਈ. ਕਾਨੂੰਨ ਤਹਿਤ ਗਠਿਤ ਸੁਪਰੀਮ ਕੋਰਟ ਦੇ ਇਕ ਅਪੀਲੀ ਅਧਿਕਾਰੀ ਨੇ ਇਕ ਆਰ. ਟੀ. ਆਈ. ਕਾਰਕੁੰਨ ਦੀ ਅਪੀਲ ਖਾਰਜ ਕਰ ਦਿੱਤੀ, ਜਿਸ ਨੇ ਬਿਨਾਂ ਕੋਈ ਸੁਣਵਾਈ ਕੀਤੇ ਤੇ ਬਿਨਾਂ ਕੋਈ ਕਾਰਨ ਦੱਸੇ ਸਮੀਖਿਆ ਅਰਜ਼ੀਆਂ ‘ਤੇ ਹੁਕਮ ਪਾਸ ਕਰਨ ਦੇ ਤਰਕ ਆਧਾਰ ‘ਤੇ ਸੂਚਨਾ ਦੀ ਮੰਗ ਕੀਤੀ ਸੀ। ਅਪੀਲੀ ਅਥਾਰਿਟੀ ਨੇ ਆਪਣੇ ਹੁਕਮ ‘ਚ ਕਿਹਾ ਕਿ ਸੀ. ਪੀ. ਆਈ. ਓ. ਕੋਈ ਅਧਿਕਾਰੀ ਜਾਂ ਵਿਅਕਤੀ ਨਹੀਂ ਹੈ, ਜਿਸ ਤੋਂ ਅਦਾਲਤ ਦੇ ਹੁਕਮ ਦੇਣ ਪਿੱਛੇ ਦਾ ਤਰਕ ਆਧਾਰ ਮੰਗਿਆ ਜਾ ਸਕਦਾ ਹੈ
, ਜਿਵੇਂ ਅਪੀਲ ਕਰਤਾ ਨੇ ਇਸ ਮਾਮਲੇ ‘ਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਰਵਿੰਦਰ ਰਾਜ ਵਲੋਂ ਦਾਇਰ ਅਪੀਲ ਖਾਰਜ ਕਰ ਦਿੱਤੀ। ਸੁਪਰੀਮ ਕੋਰਟ ਦੇ ਸੂਚਨਾ ਅਧਿਕਾਰੀ ਨੇ ਰਾਜ ਨੂੰ ਇਸ ਮੁੱਦੇ ‘ਤੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਅਪੀਲੀ ਅਥਾਰਿਟੀ ਕੋਲ ਪਹੁੰਚੇ ਸਨ।



