ਪੰਜਾਬ ਵਿੱਚ ਨਿੰਬੂ-ਜਾਤੀ ਦੇ ਫ਼ਲਾਂ ਹੇਠਾਂ ਰਕਬਾ ਲਗਾਤਾਰ ਵੱਧ ਰਿਹਾ ਹੈ। ਇਸ ਦਾ ਮੁੱਖ ਕਾਰਨ ਇੱਥੋਂ ਦਾ ਜਲਵਾਯੂ ਅਤੇ ਮਿੱਟੀ ਦੀ ਅਨੁਕੂਲਤਾ ਹੈ, ਜਿਸਦੇ ਸਿੱਟੇ ਵਜੋਂ ਬੂਟੇ ਦੀ ਸਿਹਤ ਅਤੇ ਝਾੜ ਵਧੀਆ ਰਹਿੰਦੇ ਹਨ ਅਤੇ ਬਾਗਬਾਨਾਂ ਨੂੰ ਵੀ ਚੰਗਾ ਮੁਨਾਫ਼ਾ ਮਿਲਦਾ ਹੈ। ਪੰਜਾਬ ਵਿੱਚ ਨਿੰਬੂ-ਜਾਤੀ ਦੇ ਫ਼ਲਾਂ ਹੇਠ ਰਕਬਾ 57,288 ਹੈਕਟੇਅਰ ਹੈ, ਜਿਸ ਤੋਂ 12,81,632 ਮੀਟਰਕ ਟਨ ਪੈਦਾਵਾਰ ਹੁੰਦੀ ਹੈ। ਨਿੰਬੂ-ਜਾਤੀ ਦੇ ਫ਼ਲਾਂ ਵਿੱਚੋਂ ਕਿੰਨੂ ਰਕਬੇ (53,045 ਹੈਕਟੇਅਰ) ਅਤੇ ਪੈਦਾਵਾਰ (12,46,821 ਮੀਟਰਕ ਟਨ) ਵਿੱਚੋਂ ਸਭ ਤੋਂ ਅੱਗੇ ਹੈ ਅਤੇ ਇਸ ਨੂੰ ਪੰਜਾਬ ਦੇ ਫ਼ਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਪਰ ਨਿੰਬੂ-ਜਾਤੀ ਦੇ ਬੂਟਿਆਂ ਦੀ ਕਾਸ਼ਤ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਗੂੰਦੀਆਂ ਰੋਗ ਅਤੇ ਜੜ੍ਹਾਂ ਦਾ ਗਾਲ਼ਾ ਇਕ ਗੰਭੀਰ ਸਮੱਸਿਆ ਹੈ। ਇਸ ਬਿਮਾਰੀ ਦੇ ਹਮਲੇ ਨਾਲ ਬੂਟਿਆਂ ਦੀ ਉਮਰ ਵੀ ਘੱਟ ਜਾਂਦੀ ਹੈ ਅਤੇ ਨਾਲ ਹੀ ਫ਼ਲਾਂ ਦੀ ਗੁਣਵੱਤਾ ਅਤੇ ਪੈਦਾਵਾਰ ਤੇ ਵੀ ਮਾੜਾ ਅਸਰ ਪੈਂਦਾ ਹੈ। ਸਰਵੇਖਣ ਦੌਰਾਨ ਇਹ ਪਾਇਆ ਗਿਆ ਹੈ ਕਿ ਇਹ ਬਿਮਾਰੀ ਹੁਸ਼ਿਆਰਪੁਰ, ਫਰੀਦਕੋਟ, ਫਾਜ਼ਿਲਕਾ, ਬਠਿੰਡਾ ਅਤੇ ਮੁਕਤਸਰ ਜਿਲ੍ਹਿਆਂ ਵਿੱਚ ਨਿੰਬੂ-ਜਾਤੀ ਦੇ ਬਾਗਾਂ ਤੇ ਆਮ ਵੇਖਣ ਨੂੰ ਮਿਲਦੀ ਹੈ। ਇਸ ਉੱਲੀ ਦੇ ਕਣ ਜ਼ਮੀਨ ਵਿੱਚ ਪਾਏ ਜਾਂਦੇ ਹਨ, ਜਿਸ ਕਾਰਨ ਇਹ ਉੱਲੀ ਜ਼ਮੀਨ ਦੇ ਅੰਦਰ-ਅੰਦਰ ਹੀ ਖ਼ੁਰਾਕੀ ਜੜ੍ਹਾਂ ਨੂੰ ਖ਼ਤਮ ਕਰ ਦਿੰਦੀ ਹੈ। ਇਸ ਛਿਪੇ ਹੋਏ ਹਮਲੇ ਨਾਲ ਨਿੰਬੂ-ਜਾਤੀ ਦੇ ਬੂਟੇ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਅਤੇ ਝਾੜ ਤੇ ਮਾੜਾ ਅਸਰ ਪੈਂਦਾ ਹੈ। ਜਿਸਦੇ ਸਿੱਟੇ ਵਜੋਂ ਬਾਗਬਾਨਾਂ ਦਾ ਬਹੁਤ ਭਾਰੀ-ਮਾਲੀ ਨੁਕਸਾਨ ਹੁੰਦਾ ਹੈ। ਇਹ ਬਿਮਾਰੀ ਪੰਜਾਬ ਵਿੱਚ ਨਿੰਬੂ-ਜਾਤੀ ਦੀਆਂ ਪਾਈਆਂ ਜਾਣ ਵਾਲੀਆਂ ਸਾਰੀਆਂ ਕਿਸਮਾਂ ਤੇ ਹਮਲਾ ਕਰਦੀ ਹੈ। ਇਸ ਲਈ ਬਹੁਤ ਹੀ ਜ਼ਰੂਰੀ ਹੈ ਕਿ ਇਸ ਬਿਮਾਰੀ ਦੀ ਸਹੀ ਪਹਿਚਾਣ ਅਤੇ ਰੋਕਥਾਮ ਠਕਿ ਸਮੇਂ ਤੇ ਕੀਤੀ ਜਾਵੇ ਤਾਂ ਜੋ ਇਸ ਦੁਆਰਾ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਨਿੰਬੂ-ਜਾਤੀ ਦੇ ਬੂਟਿਆਂ ਤੋਂ ਵੱਧ ਤੋਂ ਵੱਧ ਮਿਆਦੀ ਝਾੜ ਲਿਆ ਜਾ ਸਕੇ। ਸੋ ਗੂੰਦੀਆਂ ਅਤੇ ਜੜ੍ਹਾਂ ਦਾ ਗਾਲਾ ਰੋਗ ਦੀਆਂ ਨਿਸ਼ਾਨੀਆਂ, ਕਾਰਨ ਅਤੇ ਰੋਕਥਾਮ ਦੇ ਨੁਕਤੇ ਵਿਸਥਾਰ ਸਹਿਤ ਇਸ ਪ੍ਰਕਾਰ ਹਨ:
ਕਿੱਥੇ ਅਤੇ ਕਿਹੜੀਆਂ ਹਾਲਤਾਂ ਦੌਰਾਨ ਇਹ ਬਿਮਾਰੀ ਵਧੇਰੇ ਆਉਂਦੀ ਹੈ: ਭਾਰੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ (ਜਿੱਥੇ ਪਾਣੀ ਦੀ ਸਤਹਿ ਨੇੜੇ ਹੋਵੇ) ਵਿੱਚ ਇਹ ਬਿਮਾਰੀ ਜ਼ਿਆਦਾ ਨੁਕਸਾਨ ਕਰਦੀ ਹੈ। ਪਿਉਂਦੀ ਅੱਖ ਜ਼ਮੀਨ ਵਿੱਚ ਡੂੰਘੀ ਦੱਬੀ ਹੋਵੇ ਜਾਂ ਬਿਮਾਰੀ ਵਾਲੇ ਬੂਟੇ ਬਾਗ ਵਿੱਚ ਲਗਾਏ ਹੋਣ ਜਾਂ ਪਾਣੀ ਦਾ ਖੁੱਲ੍ਹਾ ਲਗਾਉਣਾ ਜਾਂ ਗੋਡੀ ਕਰਦੇ ਸਮੇਂ ਮੁੱਢ ਅਤੇ ਜੜ੍ਹਾਂ ਤੇ ਜ਼ਖਮਾਂ ਦਾ ਹੋਣਾ ਜਾਂ ਬੂਟੇ ਦੇ ਤਣੇ ਦੇ ਨੇੜੇ ਰੂੜੀ ਦੇ ਢੇਰ ਲਗਾਉਣਾ ਜਾਂ ਬੂਟੇ ਦੇ ਹੇਠ ਨਦੀਨਾਂ ਦਾ ਹੋਣਾ ਜਾਂ ਬੂਟੇ ਦੇ ਤਣੇ ਦੁਆਲੇ ਜ਼ਿਆਦਾ ਮਿੱਟੀ ਚੜ੍ਹਾਈ ਹੋਵੇ ਆਦਿ, ਅਜਿਹੀਆਂ ਹਾਲਤਾਂ ਇਸ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦੀਆਂ ਹਨ। 25-28 ਡਿਗਰੀ ਸੈਂਟੀਗਰੇਡ ਤਾਪਮਾਨ ਤੇ ਬਿਮਾਰੀ ਵਧੇਰੇ ਫ਼ੈਲਦੀ ਹੈ। ਜੁਲਾਈ-ਅਕਤੂਬਰ ਦੇ ਮਹੀਨਿਆਂ ਦੌਰਾਨ ਬਰਸਾਤਾਂ ਹੋਣ ਕਾਰਨ ਵਾਤਾਵਰਨ ਵਿਚਲੀ ਸਿੱਲ੍ਹ ਵੱਧ ਜਾਂਦੀ ਹੈ। ਅਜਿਹੀਆਂ ਹਾਲਤਾਂ ਵਿੱਚ ਬੂਟਿਆਂ ਤੇ ਇਸ ਬਿਮਾਰੀ ਦਾ ਹਮਲਾ ਬੜੀ ਤੇਜ਼ ਰਫ਼ਤਾਰ ਨਾਲ ਵੱਧਦਾ ਹੈ।
ਨਿਸ਼ਾਨੀਆਂ: ਗੂੰਦੀਆਂ ਰੋਗ: ਇਹ ਬਿਮਾਰੀ ਉਲੀ ਦੇ ਹਮਲੇ ਕਾਰਨ ਹੁੰਦੀ ਹੈ। ਤਣੇ ਦੇ ਪਿਉਂਦ ਵਾਲੇ ਹਿੱਸੇ ਨੇੜਿਉਂ ਗੂੰਦ ਨਿਕਲਣਾ ਇਸ ਬਿਮਾਰੀ ਦੀ ਪਹਿਲੀ ਨਿਸ਼ਾਨੀ ਹੈ। ਇਸੇ ਕਰਕੇ ਇਸ ਨੂੰ ਗੂੰਦੀਆਂ ਰੋਗ ਆਖਦੇ ਹਨ। ਬਿਮਾਰੀ ਵਾਲੇ ਹਿੱਸੇ ਅਤੇ ਨਾਲ ਲੱਗਦੇ ਤਣੇ ਦੇ ਹਿੱਸੇ ਦੀ ਛਿੱਲ ਭੂਰੀ ਤੋਂ ਕਾਲੀ ਹੋ ਜਾਂਦੀ ਹੈ। ਜਿਵੇਂ-ਜਿਵੇਂ ਜ਼ਖ਼ਮ ਵੱਡੇ ਹੁੰਦੇ ਹਨ, ਛਿੱਲ ਵਿੱਚ ਲੰਬੇ ਰੁਖ਼ ਤਰੇੜਾਂ ਪੈ ਜਾਂਦੀਆਂ ਹਨ। ਪੱਤੇ ਪੀਲੇ ਪੈ ਜਾਂਦੇ ਹਨ ਅਤੇ ਉਲੀ ਤਣੇ ਦੇ ਚਾਰੇ ਪਾਸੇ ਘੁੰਮ ਜਾਂਦੀ ਹੈ, ਜਿਸ ਕਾਰਨ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਪ੍ਰਭਾਵਿਤ ਹਿੱਸੇ ਵਿਚੋਂ ਕਾਲੇ ਰੰਗ ਦਾ ਤਰਲ ਪਦਾਰਥ ਵੀ ਨਿਕਲਦਾ ਹੈ। ਇਹ ਵੀ ਇਸੇ ਬਿਮਾਰੀ ਦੀ ਇੱਕ ਮੁੱਖ ਨਿਸ਼ਾਨੀ ਹੈ। ਇਸ ਬਿਮਾਰੀ ਨਾਲ ਪ੍ਰਭਾਵਿਤ ਬੂਟਿਆਂ ਨੂੰ ਬਹੁਤ ਫ਼ੁੱਲ ਆਉਂਦੇ ਹਨ, ਜੋ ਫ਼ਲ ਦੇ ਬਣਨ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ ਤੇ ਬੂਟੇ ਫ਼ਲ ਦੇ ਪੱਕਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ।
ਜੜ੍ਹਾਂ ਦਾ ਗਾਲ਼ਾ: ਇਹ ਉਲੀ ਖ਼ਰਾਕੀ ਜੜ੍ਹਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਬੂਟਿਆਂ ਨੂੰ ਹੌਲੀ-ਹੌਲੀ ਮਾਰਦੀ ਹੈ। ਇਸਦੇ ਹਮਲੇ ਨਾਲ ਜੜ੍ਹਾਂ ਦੀ ਬਾਹਰਲੀ ਛਿੱਲ ਨਰਮ ਅਤੇ ਪਾਣੀ ਭਿੱਜੀ ਹੋ ਜਾਂਦੀ ਹੈ। ਜੜ੍ਹਾਂ ਦੀ ਛਿੱਲ ਤੇ ਲੱਕੜ ਵਿਚਕਾਰਲੀ ਥਾਂ ਦਾ ਰੰਗ ਬਦਲ ਜਾਂਦਾ ਹੈ। ਇਸ ਤੋਂ ਬਾਅਦ ਛਿੱਲ ਗਲ ਕੇ ਉਤਰ ਜਾਂਦੀ ਹੈ ਅਤੇ ਜੜ੍ਹਾਂ ਮਰ ਜਾਂਦੀਆਂ ਹਨ। ਇਹ ਨਿਸ਼ਾਨੀਆਂ ਸੌਕੇ ਦੌਰਾਨ ਬੂਟਿਆਂ ਤੇ ਸਪਸ਼ਟ ਨਜ਼ਰ ਆਉਂਦੀਆਂ ਹਨ। ਅਜਿਹੇ ਰੋਗੀ ਬੂਟਿਆਂ ਦੇ ਪੱਤਿਆਂ ਦਾ ਪੀਲਾ ਹੋਣਾ ਇਸ ਬਿਮਾਰੀ ਦੀ ਮੁੱਢਲੀ ਨਿਸ਼ਾਨੀ ਹੈ। ਗੰਭੀਰ ਹਾਲਤਾਂ ਦੌਰਾਨ ਮਰ ਰਹੀਆਂ ਜੜ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ। ਨਵੀਆਂ ਪੈਦਾ ਹੋ ਰਹੀਆਂ ਜੜ੍ਹਾਂ ਪੂਰਤੀ ਨਹੀਂ ਕਰ ਸਕਦੀਆਂ ਜਿਸ ਕਾਰਨ ਪੱਤਿਆਂ ਦੀ ਗਿਣਤੀ ਘਟ ਜਾਂਦੀ ਹੈ ਅਤੇ ਟਾਹਣੀਆਂ ਰੋਡੀਆਂ ਹੋ ਜਾਂਦੀਆਂ ਹਨ। ਅਜਿਹੇ ਬੂਟਿਆਂ ਨੂੰ ਭਰਪੂਰ ਫ਼ੁੱਲ ਆਉਂਦੇ ਹਨ ਅਤੇ ਫ਼ਲਾਂ ਦੇ ਪੱਕਣ ਤੋਂ ਪਹਿਲਾਂ ਹੀ ਬੂਟੇ ਮਰ ਜਾਂਦੇ ਹਨ।
ਰੋਕਥਾਮ: ਹੇਠ ਲਿਖੇ ਸਰਵਪੱਖੀ ਨੁਸਖੇ ਵਰਤ ਕੇ ਨਿੰਬੂ-ਜਾਤੀ ਦੇ ਬੂਟਿਆਂ ਦਾ ਗੂੰਦੀਆਂ ਰੋਗ ਅਤੇ ਜੜ੍ਹਾਂ ਦਾ ਗਾਲ਼ਾ ਘਟਾਇਆ ਜਾ ਸਕਦਾ ਹੈ:
1. ਸਾਵਧਾਨੀਆਂ: ਇਸ ਬਿਮਾਰੀ ਤੋਂ ਬਚਣ ਲਈ ਸਭ ਤੋਂ ਵਧੀਆ ਗੱਲ ਹੈ ਇਲਾਜ ਨਾਲੋਂ ਪਰਹੇਜ਼ ਚੰਗਾ।
ਬਾਗ ਲਗਾਉਣ ਲਈ ਬੂਟੇ ਰੋਗ ਰਹਿਤ ਨਰਸਰੀ ਤੋਂ ਹੀ ਖਰੀਦੋ।
ਜੇਕਰ ਬਾਗ ਵਿੱਚ ਜ਼ਮੀਨ ਦੀ ਪੀ ਐਚ 8.0 ਤੋਂ ਘੱਟ ਹੋਵੇ ਤਾਂ ਕਿੰਨੂ ਲਈ ਕੈਰੀਜ਼ੋ ਜੜ੍ਹ-ਮੁੱਢ ਵੀ ਵਰਤਿਆ ਜਾ ਸਕਦਾ ਹੈ। ਇਹ ਜੜ੍ਹ-ਮੁੱਢ ਗੂੰਦੀਆਂ ਰੋਗ ਅਤੇ ਜੜ੍ਹਾਂ ਦੇ ਗਾਲੇ ਨੂੰ ਰੋਕਣ ਵਿੱਚ ਸਮਰੱਥ ਹੁੰਦਾ ਹੈ।
ਬੂਟੇ ਲਗਾਉਣ ਸਮੇਂ ਉਸਦੀ ਪਿਉਂਦੀ ਅੱਖ ਨੂੰ ਜ਼ਮੀਨ ਤੋਂ 9 ਇੰਚ ਉੱਚਾ ਰੱਖੋ।
ਬੂਟੇ ਉਸ ਜ਼ਮੀਨ ਤੇ ਹੀ ਲਗਾਉ ਜਿੱਥੇ ਪਾਣੀ ਦੇ ਨਿਕਾਸ ਦਾ ਚੰਗਾ ਪ੍ਰਬੰਧ ਹੋਵੇ। ਜ਼ਮੀਨ ਬਹੁਤੀ ਭਾਰੀ ਨਾ ਹੋਵੇ ਤਾਂ ਚੰਗਾ ਹੈ।
ਬੂਟੇ ਦੀ ਸਿਹਤ ਬਰਕਰਾਰ ਰੱਖੋ। ਖੁੱਲ੍ਹਾ ਪਾਣੀ ਲਗਾਉਣ ਤੋਂ ਗੁਰੇਜ਼ ਕਰੋ। ਪਾਣੀ ਲੋੜ ਮੁਤਾਬਕ ਹੀ ਲਗਾਉ ਕਿਉਂਕਿ ਇਹ ਬਿਮਾਰੀ ਪਾਣੀ ਰਾਹੀਂ ਬੜੀ ਤੇਜ਼ ਫ਼ੈਲਦੀ ਹੈ।
ਸਿੰਚਾਈ ਵਾਲਾ ਪਾਣੀ ਸਿੱਧਾ ਪੌਦੇ ਦੇ ਤਣੇ ਨਾਲ ਨਾ ਲੱਗਣ ਦਿਉ।
ਸਿੰਚਾਈ ਸਮੇਂ ਰੋਗੀ ਬੂਟੇ ਨੂੰ ਵੱਟਾ ਬਣਾ ਕੇ ਪਾਣੀ ਦੇਣਾ ਜ਼ਿਆਦਾ ਲਾਹੇਵੰਦ ਹੁੰਦਾ ਹੈ ਕਿਉਂਕਿ ਪਾਣੀ ਰਾਹੀਂ ਬਿਮਾਰੀ ਇਸ ਤੋਂ ਅੱਗੇ ਨਾ ਫ਼ੈਲ ਸਕੇ।
ਡਰਿੱਪ ਸਿੰਚਾਈ ਤਰੀਕੇ ਨਾਲ ਪਾਣੀ ਦੀ ਢੁੱਕਵੀਂ ਵਰਤੋਂ ਕਰਕੇ ਵੀ ਇਸ ਬਿਮਾਰੀ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ।
ਬਾਗ ਵਿੱਚ ਸਾਫ਼-ਸਫ਼ਾਈ ਰੱਖੋ। ਬੂਟੇ ਦੇ ਘੇਰੇ ਹੇਠ ਨਦੀਨ ਨਹੀਂ ਹੋਣੇ ਚਾਹੀਦੇ ਹਨ।
ਡੂੰਘੀ ਵਹਾਈ ਨਾ ਕਰੋ। ਬਾਗ ਵਿੱਚ ਕੰਮ-ਕਾਰ ਕਰਦੇ ਸਮੇਂ ਤਣੇ ਤੇ ਜੜ੍ਹਾਂ ਨੂੰ ਜ਼ਖ਼ਮੀ ਹੋਣ ਤੋਂ ਬਚਾਉ।
ਤਣੇ ਦੇ ਆਲੇ-ਦੁਆਲੇ ਮਿੱਟੀ ਨਾ ਚੜ੍ਹਾਉ।
ਸਾਰੇ ਰੋਗੀ ਬੂਟਿਆਂ ਨੂੰ ਜੜੋਂ ਪੁੱਟ ਕੇ ਸਾੜ ਦਿਉ ਤਾਂ ਕਿ ਬਿਮਾਰੀ ਦੇ ਫ਼ੈਲਾਅ ਨੂੰ ਘਟਾਇਆ ਜਾ ਸਕੇ।
ਜਿਸ ਵੇਲੇ ਬੂਟਿਆਂ ਨੂੰ ਫ਼ਲ ਲੱਗਦਾ ਹੋਵੇ ਉਸ ਸਮੇਂ ਬਾਗ ਵਿੱਚ ਹੋਰ ਫ਼ਸਲਾਂ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਜੇਕਰ ਬੂਟੇ ਛੋਟੇ ਹੋਣ ਅਤੇ ਫ਼ਲ ਲੱਗਣਾ ਸ਼ੁਰੂ ਨਾ ਹੋਇਆ ਹੋਵੇ ਤਾਂ ਫ਼ਲੀਦਾਰ ਫ਼ਸਲਾਂ ਜਿਵੇਂ ਕਿ ਮਟਰ, ਛੋਲੇ, ਮਾਂਹ, ਗੁਆਰਾ ਅਤੇ ਮੂੰਗੀ ਆਦਿ ਬੀਜੀਆਂ ਜਾ ਸਕਦੀਆਂ ਹਨ। ਵੱਧ ਪਾਣੀ ਲੈਣ ਵਾਲੀਆਂ ਫਸਲਾਂ ਜਿਵੇਂ ਕਿ ਬਰਸੀਮ, ਆਲੂ ਅਤੇ ਵੇਲਾਂ ਵਾਲੀਆਂ ਸਬਜ਼ੀਆਂ ਬਾਗ ਵਿੱਚ ਨਹੀਂ ਬੀਜਣੀਆਂ ਚਾਹੀਦੀਆਂ ਕਿਉਂਕਿ ਪਾਣੀ ਉਲੀ ਦੇ ਫ਼ੈਲਾਅ ਲਈ ਸਹਾਈ ਹੁੰਦਾ ਹੈ।
2. ਇਲਾਜ: ਬੂਟੇ ਦਾ ਇਲਾਜ ਕਰਨ ਲਈ ਇਹ ਜ਼ਰੂਰੀ ਹੈ ਕਿ ਬਿਮਾਰੀ ਵਾਲੇ ਹਿੱਸੇ ਨਾਲ ਥੋੜ੍ਹਾ ਜਿਹਾ ਤੰਦਰੁਸਤ ਹਿੱਸਾ ਵੀ ਖ਼ੁਰਚ ਦਿਉ। ਜ਼ਖ਼ਮ ਨੂੰ ਕਿਰਮ ਰਹਿਤ ਘੋਲ ਨਾਲ ਸਾਫ਼ ਕਰੋ। ਉਤਾਰੀ ਹੋਈ ਰੋਗੀ ਛਿੱਲ ਨੂੰ ਇਕੱਠਾ ਕਰਕੇ ਨਸ਼ਟ ਕਰ ਦਿਉੇ ਤਾਂ ਜੋ ਉੱਲੀ ਜ਼ਮੀਨ ਵਿੱਚ ਫ਼ੈਲ ਨਾ ਸਕੇ। ਜਖ਼ਮ ਤੇ ਬੋਰਡੋ ਪੇਸਟ (ਮੱਲ੍ਹਮ) ਲਗਾ ਦਿਉ। ਜਦੋਂ ਇਹ ਸੁੱਕ ਜਾਵੇ ਤਾਂ ਬੋਰਡੋ ਪੇਂਟ ਲਾ ਦਿਉ। ਇਸ ਤੋਂ ਬਾਅਦ ਬੋਰਡੋ ਮਿਸ਼ਰਣ (2:2:250) ਦਾ ਛਿੜਕਾਅ ਕਰੋ। ਜਾਂ
ਸਾਫ਼ ਕੀਤੇ ਜ਼ਖ਼ਮਾਂ ਤੇ 2 ਗ੍ਰਾਮ ਕਰਜ਼ੈਟ ਐਮ 8 ਨੂੰ 100 ਮਿਲੀਲਿਟਰ ਅਲਸੀ ਦੇ ਤੇਲ ਵਿੱਚ ਘੋਲ ਕੇ ਸਾਲ ਵਿੱਚ ਦੋ ਵਾਰ (ਫ਼ਰਵਰੀ-ਮਾਰਚ ਅਤੇ ਜੁਲਾਈ-ਅਗਸਤ) ਜ਼ਖ਼ਮਾਂ ਤੇ ਮਲ ਦਿਉ।
ਬਾਅਦ ਵਿੱਚ ਇਸੇ ਦਵਾਈ ਦੇ 25 ਗ੍ਰਾਮ ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਤਣੇ ਦੇ ਚਾਰ ਚੁਫ਼ੇਰੇ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਗੜੁੱਚ ਕਰ ਦਿਉ।
ਬੂਟਿਆਂ ਦੇ ਮੁੱਢਾਂ ਅਤੇ ਉਹਨਾਂ ਦੀ ਛਤਰੀ ਹੇਠ ਸੋਡੀਅਮ ਹਾਈਪੋਕਲੋਰਾਈਟ 5% ਨੂੰ 50 ਮਿਲੀਲੀਟਰ ਪ੍ਰਤੀ ਬੂਟਾ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿਚ ਘੋਲ ਕੇ ਫ਼ਰਵਰੀ-ਮਾਰਚ ਅਤੇ ਫਿਰ ਜੁਲਾਈ-ਅਗਸਤ ਵਿਚ ਚੰਗੀ ਤਰਾਂ ਛਿੜਕਾਅ ਕਰੋ।
ਅਨੀਤਾ ਅਰੋੜਾ: 95010-30274
ਅਮਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ
ਫ਼ਲ ਵਿਗਿਆਨ ਵਿਭਾਗ
ਪੀ.ਏ.ਯੂ. ਲੁਧਿਆਣਾ