ਤਰਨਤਾਰਨ, 7 ਫਰਵਰੀ (ਸਿੰਬਲਪ੍ਰੀਤ ਸਿੰਘ ਸਹੋਤਾ)- ਸਿੱਖਿਆ ਵਿਭਾਗ ਪੰਜਾਬ, ਸਿੱਖਿਆ ਸਕੱਤਰ, ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਯੋਗ ਰਹਿਨੁਮਾਈ ਹੇਠ ਬੁਲੰਦੀਆਂ ਨੂੰ ਛੂਹ ਰਿਹਾ ਹੈ । ਇਸ ਸਮੇਂ ਵਿਭਾਗ ਡੇ ਸਾਰੇ ਉੱਚ ਅਧਿਕਾਰੀ ਅਤੇ ਅਧਿਆਪਕ ਸਹਿਬਾਨ ਪੂਰੀ ਤਨਦੇਹੀ ਨਾਲ ਨਤੀਜਿਆਂ ਪ੍ਰਤੀ ਪੂਰੀ ਸੰਜੀਦਗੀ ਨਾਲ ਮਿਹਨਤ ਕਰ ਰਹੇ ਹਨ । ਸਵੇਰ ਅਤੇ ਸ਼ਾਮ ਦੇ ਵੇਲੇ ਵਾਧੂ ਕਲਾਸਾਂ ਲਗਾ ਕੇ ਵਿਦਿਆਰਥੀਆਂ ਨੂੰ ਸੌ ਫੀਸਦੀ ਨਤੀਜਿਆਂ ਲਈ ਪੂਰੀ ਤਿਆਰੀ ਕਰਵਾ ਰਹੇ ਹਨ ਅਤੇ ਇਸ ਵਾਰ ਵਿਦਿਆਰਥੀਆਂ ਵੀ ਪੂਰੀ ਸੰਜੀਦਗੀ ਨਾਲ ਤਿਆਰੀ ਕਰਕੇ ਇਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਲੱਗੇ ਹੋਏ ਹਨ । ਅੱਜ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਰਾਜਿੰਦਰ ਕੌਰ ਨੇ ਸ੍ਰ ਸੈਕੰਡਰੀ ਕੰਨਿਆ ਸਕੂਲ ਕੈਰੋਂ ਵਿਖੇ ਚੱਲ ਰਹੀ ਪ੍ਰੀ ਬੋਰਡ ਦੀ ਪ੍ਰੀਖਿਆ ਦਾ ਜਾਇਜਾ ਲਿਆ ਅਤੇ ਵਿਦਿਆਰਥੀਆਂ ਵੱਲੋਂ ਪੂਰੀ ਮਿਹਨਤ ਨਾਲ ਦਿੱਤੀ ਜਾ ਰਹੀ ਇਸ ਪ੍ਰੀਖਿਆ ਤੇ ਆਪਣੀ ਤਸੱਲੀ ਪ੍ਰਗਟ ਕਰਦਿਆ ਅਧਿਆਪਕ ਸਹਿਬਾਨ ਨੂੰ ਪ੍ਰੀ ਬੋਰਡ ਪ੍ਰੀਖਿਆ ਉਪਰੰਤ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਸਲਾਨਾ ਇਮਤਿਹਾਨ ਵਿੱਚ ਭੇਜਣ ਲਈ ਪ੍ਰੇਰਿਆ । ਉਹਨਾਂ ਕਿਹਾ ਕਿ ਇਸ ਵਾਰ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਧਿਆਪਕ ਸਹਿਬਾਨ ਦੁਆਰਾ ਕਰਵਾਈ ਜਾ ਰਹੀ ਮਿਹਨਤ ਸਦਕਾ ਨਾ ਸਿਰਫ ਬਿਹਤਰੀਨ ਅੰਕਾਂ ਨਾਲ ਪਾਸ ਹੋਣਗੇ, ਸਗੋਂ ਉਹ ਆਪਣੀ ਪਾਸ ਪ੍ਰਤੀਸ਼ਤਤਾ ਨਾਲ ਆਪਣੇ ਸਕੂਲਾਂ ਅਤੇ ਵਿਭਾਗ ਦਾ ਨਾਮ ਰੌਸ਼ਨ ਕਰਨਗੇ । ਇਸ ਮੌਕੇ ਉਹਨਾਂ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਸਹਿਬਾਨ ਨੂੰ ਪ੍ਰੀਖਿਆ ਤੱਕ ਦੇ ਰਹਿੰਦੇ ਦਿਨ ਪੂਰੀ ਤਰ੍ਹਾਂ ਪਲਾਨਿੰਗ ਕਰਕੇ ਇੱਕ ਇੱਕ ਮਿੰਟ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਤਾਂਜੋ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਫ਼ਲ ਬਣਾਇਆ ਜਾ ਸਕੇ।