ਪੇਟ ਦਰਦ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ, ਕੁਝ ਬਿਮਾਰੀਆਂ ਦਾ ਲੱਛਣ ਹੈ। ਇਸ ਦਾ ਇਲਾਜ ਜ਼ਰੂਰੀ ਹੈ। ਦਰਦ ਅਕਸਰ ਖਾਣੇ ਵਿੱਚ ਵਰਤੀ ਲਾਪਰਵਾਹੀ ਕਾਰਨ ਹੁੰਦਾ ਹੈ। ਪਰ ਕੁਝ ਖਾਸ ਦਰਦ ਗੰਭੀਰ ਰੋਗਾਂ ਕਾਰਨ ਹੁੰਦੇ ਹਨ, ਜੋ ਉਦੋਂ ਤਕ ਠੀਕ ਨਹੀਂ ਹੁੰਦੇ ਜਦੋਂ ਤਕ ਇਲਾਜ ਨਾ ਕੀਤਾ ਜਾਵੇ। ਦਰਦ ਥੋੜ੍ਹੇ ਸਮੇਂ ਲਈ ਵੀ ਹੋ ਸਕਦਾ ਹੈ ਜਾਂ ਕਈ ਮਹੀਨਿਆਂ ਤਕ ਵੀ ਜਾ ਸਕਦਾ ਹੈ। ਖਾਲੀ ਪੇਟ, ਖਾਣਾ ਖਾਣ ਦੇ ਤੁਰੰਤ ਬਾਅਦ ਦਰਦ ਹੋ ਸਕਦਾ ਹੈ। ਕਦੀ ਕਦੀ ਤੇਜ਼ ਜਲਣ ਜਾਂ ਹਲਕਾ ਦਰਦ ਹੋ ਸਕਦਾ ਹੈ ਜਾਂ ਬਹੁਤ ਤੇਜ਼ ਦਰਦ ਸਰੀਰ ਦੇ ਵੱਖ ਵੱਖ ਅੰਗਾਂ ਵਿੱਚ ਹੋ ਸਕਦਾ ਹੈ। ਪੇਟ ਦਰਦ ਕਿਸ ਹਿੱਸੇ ਵਿੱਚ ਹੁੰਦਾ ਹੈ ਇਸ ਤੋਂ ਵੀ ਰੋਗ ਦੇ ਸੰਕੇਤ ਮਿਲਦੇ ਹਨ।
ਉਪਰਲੇ ਹਿੱਸੇ ਵਿੱਚ ਦਰਦ: ਇਹ ਦਰਦ ਵਧੇ ਹੋਏ ਤੇਜ਼ਾਬ ਕਾਰਨ ਹੁੰਦਾ ਹੈ। ਉਪਰਲੇ ਹਿੱਸੇ ‘ਚ ਧੁੰਨੀ ਦੇ ਨੇੜੇ ਜਿਗਰ, ਮਿਹਦੇ ਅਤੇ ਪਿੱਤੇ ਦਾ ਦਰਦ ਰੁਕ ਰੁਕ ਕੇ ਹੁੰਦਾ ਹੈ। ਦਰਦ ਤੇਜ਼ ਹੋ ਕੇ ਕੁਝ ਮੱਠਾ ਵੀ ਪੈ ਸਕਦਾ ਹੈ। ਅੰਤੜੀਆਂ ‘ਚ ਰੁਕਾਵਟ ਜਾਂ ਅਪੈਂਡਿਕਸ ਦੀ ਸੋਜ ਦਾ ਦਰਦ ਪੇਟ ਦੇ ਵਿਚਕਾਰਲੇ ਹਿੱਸੇ ਵਿੱਚ ਹੁੰਦਾ ਹੈ। ਤੇਜ਼ ਦਰਦ ਕਾਰਨ ਅਕੜਾਅ ਅਤੇ ਮਰੋੜ ਹੁੰਦੀ ਹੈ। ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਅੰਤੜੀਆਂ ਵਿੱਚ ਅਤੇ ਆਖਰੀ ਹਿੱਸੇ ਵਿੱਚ ਬੰਨ੍ਹ ਪੈਣ ਕਰਕੇ ਪੇਚਿਸ, ਪਿਸ਼ਾਬ ਦੇ ਬਲੈਡਰ, ਮੂਤਰ ਮਾਰਗ ਜਾਂ ਅੰਤੜੀਆਂ ਦੇ ਕੀੜਿਆਂ ਕਾਰਨ ਹੁੰਦਾ ਹੈ। ਇਹ ਦਰਦ ਤੇਜ਼ ਹੁੰਦਾ ਹੈ।
ਤੇਜ਼ਾਬ ਦਾ ਦਰਦ: ਇਹ ਮਿਹਦੇ ਦੇ ਵਧੇ ਹੋਏ ਤੇਜ਼ਾਬ ਕਾਰਨ ਹੁੰਦਾ ਹੈ। ਖਾਣੇ ਵਿੱਚ ਗੜਬੜੀ ਕਾਰਨ ਕਦੀ ਕਦੀ ਮਿਹਦੇ ਦੇ ਜ਼ਖ਼ਮ ਬਣ ਜਾਂਦੇ ਹਨ। ਕਦੀ ਸੱਜੇ ਪਾਸੇ ਪੱਸਲੀ ਹੇਠਾਂ ਹੋਣ ਵਾਲੀ ਮਰੋੜ ਕਾਰਨ ਉਲਟੀ ਵੀ ਹੋ ਸਕਦੀ ਹੈ।
ਮਿਹਦੇ ਦੀ ਇਨਫੈਕਸ਼ਨ: ਪਾਚਨ ਕਿਰਿਆ ਦੌਰਾਨ ਪਿੱਤਾ ਪਿੱਤ ਨੂੰ ਅੰਤੜੀ ‘ਚ ਪਹੁੰਚਾ ਦਿੰਦਾ ਹੈ ਪਰ ਪਿੱਤੇ ‘ਚ ਪੱਥਰੀ ਬਣਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਨਾਲ ਪੇਟ ਦੇ ਉੱਪਰਲੇ ਹਿੱਸੇ ਵਿੱਚ ਤੇਜ਼ ਦਰਦ ਹੁੰਦਾ ਹੈ। ਬੁਖ਼ਾਰ ਤੇ ਉਲਟੀ ਵੀ ਹੋ ਸਕਦੀ ਹੈ। ਜਦ ਪੱਥਰੀ ਪਿੱਤੇ ਦੇ ਮੂੰਹ ਚ ਆ ਕੇ ਪਿੱਤ ਨੂੰ ਰੋਕ ਦਿੰਦੀ ਹੈ ਤਾਂ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ਪੱਥਰੀ ਪਿੱਤ ਦੇ ਪ੍ਰਵਾਹ ਨੂੰ ਰੋਕ ਦਿੰਦੀ ਹੈ, ਜਿਸ ਕਰਕੇ ਪੀਲੀਆ ਹੋ ਜਾਂਦਾ ਹੈ।
ਅੰਤੜੀਆਂ ਵਿੱਚ ਰੁਕਾਵਟ: ਇਸ ਕਾਰਨ ਲਿਉੂਮਨ ਵਿੱਚ ਅੜਿੱਕਾ ਪੈਂਦਾ ਹੈ, ਜਿਸ ਵਿੱਚ ਆਹਾਰ ਤੇ ਅੰਤੜੀਆਂ ਦਾ ਰਸ ਅੜਿੱਕੇ ਵਾਲੇ ਭਾਗ ਦੇ ਨੇੜੇ ਇਕੱਠੇ ਹੋ ਜਾਂਦੇ ਹਨ ਅਤੇ ਅੱਗੇ।
ਨਹੀਂ ਵਧ ਸਕਦੇ। ਉਸ ਜਗ੍ਹਾ ਪੇਟ ਫੁੱਲ ਜਾਂਦਾ ਹੈ। ਮਰੋੜੇ ਉੱਠਣ ਲੱਗਦੇ ਹਨ। ਅਜਿਹੀ ਹਾਲਤ ਵਿੱਚ ਆਪਰੇਸ਼ਨ ਲਾਜ਼ਮੀ ਹੋ ਜਾਂਦਾ ਹੈ।
ਅਪੈਂਡਿਕਸ: ਇਹ ਪੇਟ ਦੇ ਸੱਜੇ ਤੇ ਹੇਠਲੇ ਹਿੱਸੇ ਵਿੱਚ ਹੁੰਦਾ ਹੈ। ਇਨਫੈਕਸ਼ਨ ਹੋਣ ‘ਤੇ ਸ਼ੁਰੂ ਸ਼ੁਰੂ ਵਿੱਚ ਇਸ ਦਾ ਦਰਦ ਧੁੰਨੀ ਦੇ ਆਸ ਪਾਸ ਮਹਿਸੂਸ ਹੁੰਦਾ ਹੈ ਪਰ ਹੌਲੀ ਹੌਲੀ ਪੇਟ ਦੇ ਹੇਠਲੇ ਹਿੱਸੇ ਵਿੱਚ ਸੱਜੇ ਪਾਸੇ ਟਿਕ ਜਾਂਦਾ ਹੈ। ਦਰਦ ਬਹੁਤ ਤੇਜ਼ ਹੁੰਦਾ ਹੈ। ਅਪੈਂਡਿਕਸ ਦੀ ਸੋਜ ਅਤੇ ਇਨਫੈਕਸ਼ਨ, ਬੁਖ਼ਾਰ ਤੇ ਉਲਟੀ ਹੋਣ ਦੀ ਸੰਭਾਵਨਾ ਵਧਦੀ ਹੈ। ਅਪੈਂਡਿਕਸ ਜੇ ਫਟ ਜਾਵੇ ਤਾਂ ਜ਼ਹਿਰ ਫੈਲਣ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
ਗੁਰਦੇ ਦਾ ਦਰਦ: ਇਹ ਦਰਦ ਪੱਥਰੀ ਜਾਂ ਗੁਰਦੇ ਦੀ ਸੋਜ ਕਾਰਨ ਹੁੰਦਾ ਹੈ। ਸ਼ੁਰੂ ਵਿੱਚ ਜਦ ਗੁਰਦੇ ਦੀ ਪੱਥਰੀ ਨੂੰ ਬਾਹਰ ਕੱਢਣ ਦਾ ਯਤਨ ਕਰਦੇ ਹਾਂ ਤਾਂ ਬਹੁਤ ਤੇਜ਼ ਦਰਦ ਹੁੰਦਾ ਹੈ ਜੋ ਪਿੱਠ ਦੇ ਹੇਠਲੇ ਭਾਗ ਤੋਂ ਹੇਠਾਂ ਵੱਲ ਵਧਦਾ ਹੋਇਆ ਨਲਾਂ ਵਿੱਚ ਪਹੁੰਚ ਜਾਂਦਾ ਹੈ।
ਪੇਚਿਸ ਕਾਰਨ ਮਰੋੜ: ਅੰਤੜੀਆਂ ‘ਚ ਕੀੜੇ ਤੇ ਜੀਵਾਣੂਆਂ ਕਾਰਨ ਅਕਸਰ ਪੇਚਿਸ ਹੋ ਜਾਂਦੀ ਹੈ। ਬੱਚਿਆਂ ‘ਚ ਇਹ ਬਿਮਾਰੀ ਵੱਧ ਹੁੰਦੀ ਹੈ। ਜੇ ਇਸ ਦਾ ਇਲਾਜ ਠੀਕ ਤਰ੍ਹਾਂ ਨਾ ਕੀਤਾ ਜਾਵੇ ਤਾਂ ਮਿਹਦੇ ਦਾ ਕੈਂਸਰ ਹੋ ਸਕਦਾ ਹੈ। ਇਸ ਵਿੱਚ ਪੇਟ ਅੰਦਰ ਮਰੋੜ ਵੀ ਉੱਠਦੀ ਹੈ। ਕਈ ਵਾਰ ਦਰਦ ਬਿਮਾਰੀ ਦੀ ਥਾਂ ਤੋਂ ਕਾਫੀ ਦੂਰ ਹੋ ਹੁੰਦਾ ਹੈ।
ਲੱਛਣਾਂ ਨੂੰ ਜਾਣ ਕੇ ਰੋਗ ਦੀ ਪਛਾਣ: ਸਭ ਤੋਂ ਪਹਿਲਾਂ ਡਾਕਟਰ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਪੇਟ ‘ਚ ਦਰਦ ਕਿਸ ਥਾਂ ‘ਤੇ ਹੈ। ਦਰਦ ਦੀ ਥਾਂ ਪਤਾ ਲੱਗਣ ਨਾਲ ਹੀ ਬਿਮਾਰੀ ਦਾ ਅਨੁਮਾਨ ਹੋ ਸਕਦਾ ਹੈ ਜਿਸ ਦੀ ਪੁਸ਼ਟੀ ਹੋਰਨਾਂ ਲੱਛਣਾਂ ਨਾਲ ਕੀਤੀ ਜਾ ਸਕਦੀ ਹੈ।
ਅਲਸਰ: ਜੇ ਦਰਦ ਖਾਲੀ ਪੇਟ ਉੱਠਦਾ ਹੈ ਤੇ ਕੁਝ ਖਾਣ ਨਾਲ ਸ਼ਾਂਤ ਹੋ ਜਾਂਦਾ ਹੈ ਤੇ ਦੋ ਢਾਈ ਘੰਟੇ ਪਿੱਛੋਂ ਫਿਰ ਹੋਣ ਲੱਗਦਾ ਹੈ। ਠੰਢਾ ਦੁੱਧ ਪੀਣ ਨਾਲ ਦਬ ਜਾਂਦਾ ਹੈ ਤਾਂ ਸ਼ਾਇਦ ਪੇਟ ਵਿਚ ਅਲਸਰ (ਜ਼ਖ਼ਮ) ਹੈ। ਖੱਟੇ ਡਕਾਰ ਆਉਂਦੇ ਹਨ ਅਤੇ ਸਵੇਰੇ ਛਾਤੀ ‘ਚ ਜਲਣ ਹੁੰਦੀ ਹੈ।
ਤਲੀਆਂ ਚੀਜ਼ਾਂ: ਵੱਧ ਮੱਖਣ, ਡਬਲਰੋਟੀ, ਤਲੇ ਹੋਏ ਪਦਾਰਥ ਜਿਵੇਂ ਪਕੌੜੀਆਂ ਮੱਠੀਆਂ, ਦਾਲਮੋਠ ਆਦਿ ਖਾਣ ਨਾਲ ਜੇ ਦਰਦ ਵਧਦਾ ਹੈ ਅਤੇ ਸ਼ਾਇਦ ਇਹ ਪਿੱਤੇ ਦੀ ਪੱਥਰੀ ਦਾ ਦਰਦ ਹੋ ਦਕਦਾ ਹੈ।
ਗੁਰਦੇ ਵਿੱਚ ਪੱਥਰੀ: ਗੁਰਦੇ ਦੀ ਪੱਥਰੀ ਵਾਲਾ ਦਰਦ ਕਮਰ ਦੇ ਪਿਛਲੇ ਹਿੱਸੇ ‘ਚੋਂ ਸ਼ੁਰੂ ਹੋ ਕੇ ਅੱਗੇ ਮੂਤਰ ਮਾਰਗ ਵੱਲ ਵਧਣ ਨਾਲ ਪੇਟ ਦੇ ਹੇਠਲੇ ਹਿੱਸੇ ਵਿੱਚ ਹੁੰਦਾ ਹੈ। ਕਦੀ ਕਦੀ ਪੇਸ਼ਾਬ ਵਿੱਚ ਖ਼ੂਨ ਆਉਂਦਾ ਹੈ।
ਅੰਤੜੀਆਂ ਵਿੱਚ ਬੰਨ੍ਹ: ਅੰਤੜੀਆਂ ਵਿੱਚ ਜਦ ਵੀ ਰੁਕਾਵਟ ਹੁੰਦੀ ਹੈ ਤਾਂ ਮਲ ਦੇ ਰੁਕਣ ਨਾਲ ਉਲਟੀਆਂ ਆਉਂਦੀਆਂ ਹਨ। ਪੇਟ ਫੁੱਲਣ ਲੱਗਦਾ ਹੈ ਅਤੇ ਸਰੀਰ ਵਿੱਚੋਂ ਪਾਣੀ ਮੁੱਕਣ ਲੱਗਦਾ ਹੈ। ਇਸ ਦਾ ਫੌਰਨ ਇਲਾਜ ਜ਼ਰੂਰੀ ਹੁੰਦਾ ਹੈ।
ਰੋਗ ਦੀ ਪਛਾਣ: ਲੱਛਣ ਪਤਾ ਕਰਨ ਪਿੱਛੋਂ ਰੋਗੀ ਦੀ ਸਰੀਰਕ ਜਾਂਚ ਵੀ ਰੋਗ ਦੀ ਸ਼ਨਾਖ਼ਤ ਵਿੱਚ ਸਹਾਇਕ ਹੁੰਦੀ ਹੈ। ਜਿਵੇਂ ਜੇ ਰੋਗੀ ਦੀ ਨਬਜ਼ ਤੇਜ਼ ਚੱਲ ਰਹੀ ਹੋਵੇ, ਬੁਖ਼ਾਰ ਹੋਵੇ ਤੇ ਪਸੀਨਾ ਆ ਰਿਹਾ ਹੋਵੇ ਤਾਂ ਦਰਦ ਸ਼ਾਇਦ ਕਿਟਾਣੂਜਨਕ ਰੋਗਾਂ ਕਰਕੇ ਹੈ ਜਿਸ ਵਿੱਚ ਅਕਸਰ ਪੇਟ ਫੁੱਲ ਜਾਂਦਾ ਹੈ।
ਦਬਾਉਣ ਨਾਲ ਦਰਦ: ਅਪੈਂਡੇਸਾਇਟਸ, ਪਿੱਤਾ, ਜਿਗਰ ਤੇ ਗੁਰਦੇ ਦੀ ਸੋਜ਼ ਨਾਲ ਪੇਟ ਦੇ ਖਾਸ ਭਾਗ ਵਿੱਚ ਦਬਾਉਣ ਨਾਲ ਦਰਦ ਹੋ ਸਕਦਾ ਹੈ ਜਿਸ ਨੂੰ ਡਾਕਟਰੀ ਭਾਸ਼ਾ ਵਿੱਚ ਟੈਂਡਰਨੈੱਸ ਕਹਿੰਦੇ ਹਨ। ਬੱਚੇਦਾਨੀ ਤੇ ਡਿੰਬ ਵਾਹਿਨੀ ਦੀ ਸੋਜ ਵਿੱਚ ਵੀ ਪੇਟ ਦੇ ਹੇਠਲੇ ਹਿੱਸੇ ਵਿੱਚ ਦਬਾਉਣ ਨਾਲ ਦਰਦ ਹੁੰਦਾ ਹੈ।
ਪੇਟ ਦਰਦ ਦੀ ਪਛਾਣ ਦੇ ਅਧੁਨਿਕ ਤਰੀਕੇ : ਰੋਗ ਦੀ ਸਰੀਰਕ ਜਾਂਚ ਦੇ ਲੱਛਣਾਂ ਦੀ ਜਾਣਕਾਰੀ ਹੋਣ ਪਿੱਛੋਂ ਡਾਕਟਰ ਨੂੰ ਇਹ ਅੰਦਾਜ਼ਾ ਤਾਂ ਹੋ ਜਾਂਦਾ ਹੈ ਕਿ ਰੋਗ ਹੋ ਕੀ ਸਕਦਾ ਹੈ ਅਤੇ ਫੇਰ ਡਾਕਟਰ ਉਸ ਦੀ ਪੁਸ਼ਟੀ ਲਈ ਜਾਂਚ ਕਰਵਾਉਂਦਾ ਹੈ। ਜੇ ਸਾਰੇ ਉੁਪਾਅ ਕਰ ਕੇ ਵੀ ਪੇਟ ਦਰਦ ਦਾ ਪਤਾ ਨਹੀਂ ਲੱਗਦਾ ਤਾਂ ਆਪਰੇਸ਼ਨ ਰਾਹੀਂ ਪੇਟ ਖੋਲ੍ਹ ਕੇ ਰੋਗ ਦਾ ਸਹੀ ਪਤਾ ਲੱਗ ਜਾਂਦਾ ਹੈ। ਕੁਝ ਦਰਦਾਂ ਦਾ ਸਿੱਧਾ ਸਬੰਧ ਮਿਹਦੇ ਨਾਲ ਹੁੰਦਾ ਹੈ। ਇਸ ਲਈ ਮਿਹਦੇ ਨੂੰ ਤੰਦਰੁਸਤ ਰੱਖ ਕੇ ਹੀ ਦਰਦ ਤੋਂ ਬਚਿਆ ਜਾ ਸਕਦਾ ਹੈ। ਮਸਾਲੇਦਾਰ ਭੋਜਨ, ਵੱਧ ਚਾਹ, ਕੌਫੀ ਤੇ ਸ਼ਰਾਬ ਨਾਲ ਮਿਹਦੇ ਦੀ ਝਿੱਲੀ ਵਿੱਚ ਜਲਣ ਮਹਿਸੂਸ ਹੋ ਸਕਦੀ ਹੈ। ਤੇਜ਼ਾਬ ਨਾਸ਼ਕ ਦਵਾਈ ਲੈਣ ਨਾਲ ਅਮਲ ਬੇਅਸਰ ਹੋ ਜਾਂਦਾ ਹੈ ਤੇ ਜਲਣ ਸ਼ਾਤ ਹੋ ਜਾਂਦੀ ਹੈ ਪਰ ਉਸ ਦਵਾਈ ਦੀ ਨਿਰੰਤਰ ਵਰਤੋਂ ਕਰਦੇ ਰਹਿਣ ਨਾਲ ਕਬਜ਼ ਹੋ ਜਾਂਦੀ ਹੈ।
ਪੇਟ ਗੈਸ: ਇਹ ਗੈਸ ਪੇਟ ਅੰਦਰ ਬਣ ਕੇ ਡਕਾਰ ਆਉਣ ਨਾਲ ਮੂੰਹ ਰਾਹੀਂ ਬਾਹਰ ਨਿਕਲਦੀ ਹੈ ਜਾਂ ਫਿਰ ਟੱਟੀ ਰਸਤੇ ਬਦਬੂ ਪੈਦਾ ਕਰਦੇ ਹੋਏ ਬਾਹਰ ਨਿਕਲਦੀ ਹੈ। ਪੇਟ ਵਿੱਚ ਗੁੜ ਗੁੜ ਵੀ ਪੈਦਾ ਹੁੰਦੀ ਰਹਿੰਦੀ ਹੈ। ਇਸ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਮੂੰਹ ਰਾਹੀਂ ਨਿਗਲੀ ਹੋਈ ਹਵਾ ਦੀ ਮਾਤਰਾ ‘ਤੇ ਰੋਕ ਲਾਈ ਜਾਵੇ। ਇਸ ਲਈ ਜਦ ਵੀ ਉਬਾਸੀ ਆਵੇ ਤਾਂ ਮੂੰਹ ਥੋੜ੍ਹਾ ਹੀ ਖੋਲ੍ਹੋ। ਮਿੱਠੀਆਂ ਗੋਲੀਆਂ ਤੇ ਆਈਸ ਕੈਂਡੀ ਨੂੰ ਚੂਸਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਬਹੁਤ ਹਵਾ ਖਿੱਚੀ ਜਾਂਦੀ ਹੈ। ਫੈਂਟਿਆ ਹੋਇਆ ਮੱਖਣ, ਫੁੱਲੀ ਹੋਈ ਡਬਲ ਰੋਟੀ ਅਤੇ ਬੁਲਬੁਲੇਦਾਰ ਠੰਢਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਭੋਜਨ ਨੂੰ ਅਫਰਾ-ਤਫਰੀ ਵਿੱਚ ਨਹੀਂ ਨਿਗਲਣਾ ਚਾਹੀਦਾ, ਹੌਲੀ ਹੌਲੀ ਚਬਾਉਣਾ ਚਾਹੀਦਾ ਹੈ। ਜੇ ਮਲ ਨਿਕਾਸ ‘ਚ ਸ਼ਿਕਾਇਤ ਹੋਵੇ ਤਾਂ ਜੁਲਾਬ ਦਾ ਸਹਾਰਾ ਲੈਣਾ ਚਾਹੀਦਾ ਹੈ। ਦੋ-ਤਿੰਨ ਦਿਨਾਂ ਬਾਅਦ ਵੀ ਜੇ ਮਲ ਪਾਸ ਹੁੰਦਾ ਰਹੇ ਤਾਂ ਵੀ ਵੱਡਾ ਨੁਕਸ ਨਹੀਂ ਹੁੰਦਾ ਤੇ ਇਨ੍ਹਾਂ ਤਰ੍ਹਾਂ ਦੀ ਦਵਾਈ ਵਰਤੀ ਜਾ ਸਕਦੀ ਹੈ- ਮਲ ਦੀ ਮਾਤਰਾ ਵਧਾਉਣ ਲਈ, ਮਿਹਦੇ ਤੇ ਅੰਤੜੀਆਂ ਦੀ ਰਫ਼ਤਾਰ ਵਧਾਉਣ ਲਈ ਅਤੇ ਮਲ ਨੂੰ ਮੁਲਾਇਮ ਕਰਨ ਲਈ। ਪਹਿਲੀ ਕਿਸਮ ਦੀ ਦਵਾਈ ਨੂੰ ਛੱਡ ਕੇ ਬਾਕੀ ਦਵਾਈਆਂ ਦੀ ਵਰਤੋਂ ਜਾਇਜ਼ ਨਹੀਂ। ਕਣਕ ਦਾ ਸੂੜ੍ਹੇ (ਬੂਰਾ) ਸਮੇਤ ਆਟਾ, ਛਿਲਕੇਦਾਰ ਦਾਲਾਂ, ਰੇਸ਼ੇਦਾਰ ਫਲ ਤੇ ਸਬਜ਼ੀਆਂ ‘ਚ ਲੁੜੀਂਦੇ ਖੁਰਾਕੀ ਰੇਸ਼ੇ ਹੁੰਦੇ ਹਨ ਜੋ ਮਿਹਦੇ ਦੀ ਗਤੀਸ਼ੀਲਤਾ ਤੇ ਮਲ ਦੀ ਮਾਤਰਾ ਵਧਾਉਂਦੇ ਹਨ ਤਾਂ ਕਿ ਮਲ ਅੰਦਰ ਠਹਿਰ ਨਾ ਸਕੇ। ਮਲ ਨੂੰ ਮੁਲਾਇਮ ਕਰਨ ਲਈ ਦਸ ਬਾਰਾਂ ਗਲਾਸ ਰੋਜ਼ਾਨਾ ਪਾਣੀ ਜ਼ਰੂਰ ਪੀਓ।