ਚੰਡੀਗੜ੍ਹ, 12 ਜੂਨ (ਪੀ. ਟੀ)-ਪੰਜਾਬ ਸਰਕਾਰ ਨੇ ਪੈਨਸ਼ਨ ਕਮਿਊਟ ਕਰਨ ਦੀ ਰਾਸ਼ੀ ਦਰ 20 ਫੀਸਦੀ ਤੋਂ ਵਧਾ ਕੇ 30 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਜਿਸ ਤਹਿਤ ਕਮਿਊਟ ਕਰਵਾਈ ਗਈ ਪੈਨਸ਼ਨ ਦਾ ਹਿੱਸਾ, ਕਮਿਊਟੇਸ਼ਨ ਦੀ ਅਸਲ ਤਾਰੀਖ ਤੋਂ 15 ਸਾਲਾਂ ਬਾਅਦ ਬਹਾਲ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਵਿੱਤ ਵਿਭਾਗ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਸਾਰੇ ਮੁਲਾਜ਼ਮਾਂ ’ਤੇ ਲਾਗੂ ਹੁੰਦਾ ਹੈ, ਜੋ 1 ਅਪਰੈਲ, 2014 ਨੂੰ ਜਾਂ ਉਸ ਤੋਂ ਬਾਅਦ ਸੇਵਾਮੁਕਤ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਮੁਲਾਜ਼ਮਾਂ ’ਤੇ ਵੀ ਲਾਗੂ ਹੁੰਦਾ ਹੈ, ਜੋ ਸੇਵਾਮੁਕਤੀ ਤੋਂ ਬਾਅਦ ਨੌਕਰੀ ’ਤੇ ਰੱਖੇ ਗਏ ਹਨ ਅਤੇ 1 ਅਪਰੈਲ, 2014 ਨੂੰ ਜਾਂ ਉਸ ਤੋਂ ਬਾਅਦ ਰਿਟਾਇਰ ਹੋ ਰਹੇ ਹਨ। ਬੁਲਾਰੇ
ਨੇ ਦੱਸਿਆ ਕਿ ਜਿਹੜੇ ਮੁਲਾਜ਼ਮ 1 ਅਪਰੈਲ, 2014 ਤੋਂ ਪਹਿਲਾਂ ਸੇਵਾਮੁਕਤ ਹੋ ਗਏ ਹਨ ਅਤੇ ਜਿਨ੍ਹਾਂ ਨੇ ਕਿਸੇ ਵੀ ਕਾਰਨ ਕਰਕੇ ਹਾਲੇ ਤੱਕ ਪੈਨਸ਼ਨ ਕਮਿਊਟ ਕਰਵਾਉਣ ਲਈ ਅਪਲਾਈ ਨਹੀਂ ਕੀਤਾ, ਉਹ ਵੀ ਇਸ ਫੈਸਲੇ ਦਾ ਲਾਭ ਉਠਾ ਸਕਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਪੈਨਸ਼ਨ ਕਮਿਊਟ ਹੋ ਚੁੱਕੀ ਹੈ ਅਤੇ ਜੋ 1 ਅਪਰੈਲ, 2014 ਨੂੰ ਜਾਂ ਉਸ ਤੋਂ ਬਾਅਦ ਸੇਵਾਮੁਕਤ ਹੋਣਗੇ ਜਾਂ ਜਿਨ੍ਹਾਂ ਨੇ ਵਧੀਆਂ ਹੋਈਆਂ ਦਰਾਂ ’ਤੇ ਵਾਧੂ ਕਮਿਊਟੇਸ਼ਨ ਲੈਣ ਸਬੰਧੀ ਚੋਣ ਕੀਤੀ ਹੋਈ ਹੈ, ਅਜਿਹੇ ਮੁਲਾਜ਼ਮ ਵੀ ਪੈਨਸ਼ਨ ਕਮਿਊਟ ਕਰਨ ਦੀ ਵਧੀ ਹੋਈ ਰਾਸ਼ੀ ਦਰ 30 ਫੀਸਦੀ ਲੈਣ ਦੇ ਹੱਕਦਾਰ ਹੋਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਉਪਰੋਕਤ ਸਬੰਧੀ ਸਮੂਹ ਵਿਭਾਗਾਂ ਦੇ ਮੁਖੀਆਂ, ਡਵੀਜਨਾਂ ਦੇ ਕਮਿਸ਼ਨਰਜ਼ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਨੂੰ ਲਿਖਤੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।



