ਲੁਧਿਆਣਾ 31 ਜਨਵਰੀ (ਜਸਪਾਲ ਅਰੋੜਾ )- ਨਾਮਧਾਰੀ ਪੰਥ ਦੇ ਸਵ: ਸਤਿਗੁਰੂ ਜਗਜੀਤ ਸਿੰਘ ਜੀ ਦੇ ਧਰਮ ਪਤਨੀ ਮਾਤਾ ਚੰਦ ਕੌਰ ਜੀ ਦਾ ਕਤਲ ਹੋਏ ਅੱਜ ਤਕਰੀਬਨ 4 ਸਾਲ ਬੀਤ ਜਾਣ ਦੇ ਬਾਅਦ ਵੀ ਕਾਤਲ ਨਹੀਂ ਫੜੇ ਗਏ। ਜਿਸਨੂੰ ਲੈ ਕੇ ਨਾਮਧਾਰੀ ਸੰਗਤ ਵਿੱਚ ਰੋਸ ਵੱਧਦਾ ਜਾ ਰਿਹਾ ਹੈ।ਜਿਸ ਕਰਕੇ ਨਾਮਧਾਰੀ ਸੰਗਤ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਹਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮਾਤਾ ਚੰਦ ਕੌਰ ਜੀ ਦੇ ਅਸਲੀ ਕਾਤਲਾਂ ਨੂੰ ਫੜ੍ਹਨ ਦੀ ਅਪੀਲ ਕਰੇਗੀ ਅਤੇ ਮੰਗ ਪੱਤਰ ਦੇਵੇਗੀ। ਇਸਦੀ ਜਾਣਕਾਰੀ ਦਿੰਦਿਆਂ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ 4 ਸਾਲ ਵਿੱਚ ਸਿਰਫ ਨਿਰਦੋਸ਼ਾਂ ਨੂੰ ਹੀ ਫੜ੍ਹ ਕੇ ਉਹਨਾਂ ਉਪਰ ਅੰਨੀ ਤਸ਼ੱਦਦ ਕੀਤੀ ਗਈ ਹੈ ਅਤੇ ਕਈਆਂ ਉੱਪਰ ਮਾਤਾ ਜੀ ਦਾ ਕਤਲ ਕੇਸ ਪਾ ਦਿੱਤਾ ਗਿਆ। ਪਰ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਇਸ ਝੂਠੇ ਕੇਸ ਤੋਂ ਬਾਇੱਜ਼ਤ ਬਰੀ ਵੀ ਕਰ ਦਿੱਤਾ। ਨਾਮਧਾਰੀ ਸੰਗਤ ਸ਼ੁਰੂ ਤੋਂ ਹੀ ਕਹਿ ਰਹੀ ਹੈ ਕਿ ਪੁਲਿਸ ਅਤੇ ਜਾਂਚ ਏਜੰਸੀਆਂ ਭੈਣੀ ਸਾਹਿਬ ਦੀ ਕਾਬਿਜ਼ ਧਿਰ ਦੇ ਇਸ਼ਾਰੇ ਤੇ ਹੀ ਇਸ ਕੇਸ ਦੀ ਜਾਂਚ ਕਰ ਰਹੀਆਂ ਹਨ ਤਾਂ ਜੋ ਅਸਲੀ ਕਾਤਲਾਂ ਨੂੰ ਬਚਾਇਆ ਜਾ ਸਕੇ। ਹੁਣ ਨਾਮਧਾਰੀ ਸੰਗਤ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ, ਜਦੋਂ ਤੱਕ ਮਾਤਾ ਜੀ ਦੇ ਅਸਲੀ ਕਾਤਲ ਫੜੇ ਨਹੀ ਜਾਂਦੇ ਅਤੇ ਅਸੀਂ ਆਪਣਾ ਸੰਘਰਸ਼ ਜ਼ਾਰੀ ਰੱਖਾਂਗੇ। ਹੁਣ ਨਾਮਧਾਰੀ ਸੰਗਤ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ:- 7 ਫਰਵਰੀ (ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ), 10 ਫਰਵਰੀ (ਜਲੰਧਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲ) ਅਤੇ 11 ਫਰਵਰੀ 2020 ਨੂੰ (ਹੁਸ਼ਿਆਰਪੁਰ, ਸੰਗਰੂਰ, ਬਰਨਾਲਾ ਅਤੇ ਬਠਿੰਡਾ) ਦੇ ਡਿਪਟੀ ਕਮਿਸ਼ਨਰਾਂ ਨੂੰ ਮਿਲ ਕੇ ਮਾਤਾ ਚੰਦ ਕੌਰ ਜੀ ਦੇ ਅਸਲੀ ਕਾਤਲਾਂ ਨੂੰ ਫੜ੍ਹਨ ਲਈ ਮੰਗ ਪੱਤਰ ਦੇਵੇਗੀ। ਇਸ ਮੌਕੇ ਮਾਸਟਰ ਸੁਖਦੇਵ ਸਿੰਘ (ਪ੍ਰਧਾਨ), ਹਰਦੀਪ ਸਿੰਘ (ਸੈਕਟਰੀ), ਕੁਲਦੀਪ ਸਿੰਘ, ਜਗੀਰ ਸਿੰਘ, ਬਲਵਿੰਦਰ ਸਿੰਘ, ਜੁਗਿੰਦਰ ਸਿੰਘ (ਸਰਪੰਚ), ਦਿਲਬਾਗ ਸਿੰਘ, ਕਰਨੈਲ ਸਿੰਘ, ਬਲਰਾਜ ਸਿੰਘ, ਸੁਖਵਿੰਦਰ ਸਿੰਘ, ਨਿਰੰਜਣ ਸਿੰਘ ਅਤੇ ਸੁਰਜੀਤ ਸਿੰਘ ਹਾਜ਼ਰ ਸਨ।
ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਫੜ੍ਹਨ ਲਈ ਜ਼ਿਲ੍ਹਾ ਪੱਧਰ ‘ਤੇ ਦੇਵੇਗੀ ਮੰਗ ਪੱਤਰ : ਨਾਮਧਾਰੀ ਸੰਗਤ



