ਐੱਸ.ਸੀ. ਕਮਿਸ਼ਨ ਪਹੁੰਚਿਆ ਪਿੰਡ ਬਾਦਸ਼ਾਹਪੁਰ
ਸ਼ੇਰਪੁਰ, 28 ਜਨਵਰੀ (ਹਰਜੀਤ ਕਾਤਿਲ)- ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਵਿਖੇ ਐੱਸ.ਸੀ. ਭਾਈਚਾਰੇ ਦੇ ਸ਼ਮਸ਼ਾਨ ਘਾਟ ਨੂੰ ਲੈ ਕੇ ਜਨਰਲ ਭਾਈਚਾਰੇ ਅਤੇ ਦਲਿਤ ਭਾਈਚਾਰੇ ਵਿਚਕਾਰ ਵਿਵਾਦ ਪਿਛਲੇ ਕਾਫੀ ਲੰਬੇ ਸਮੇ ਤੋਂ ਚਲਦਾ ਆ ਰਿਹਾ ਹੈ, ਇਸ ਜਮੀਨ ਉੱਪਰ 2011 ਵਿੱਚ ਮਾਰਕੀਟ ਕਮੇਟੀ ਸ਼ੇਰਪੁਰ ਵੱਲੋਂ ਨਾਜਾਇਜ ਢੰਗ ਨਾਲ ਅਨਾਜ਼ ਮੰਡੀ ਦਾ ਨਿਰਮਾਣ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਇਸ ਸਬੰਧੀ ਮਾਨਯੋਗ ਹਾਈਕੋਰਟ ਨੇ ਵੱਲੋਂ ਫੈਸਲਾ ਸੁਣਾਉਦਿਆਂ ਐੱਸ.ਸੀ. ਭਾਈਚਾਰੇ ਦੇ ਸਮਸ਼ਾਨ ਘਾਟ ਦੀ ਬਣਦੀ ਜਮੀਨ ਉੱਪਰ ਕਬਜ਼ਾਂ ਕਰਵਾਉਣ ਦੇ ਸਬੰਧਿਤ ਵਿਭਾਗਾਂ ਨੂੰ ਆਦੇਸ਼ ਦਿੱਤੇ ਗਏ ਸਨ ਤੇ ਬਾਅਦ ਵਿੱਚ ਨਿਯਮਾਂ ਅਨੁਸਾਰ ਅਧਿਕਾਰੀਆਂ ਵੱਲੋਂ ਕਬਜ਼ਾ ਕਰਵਾ ਕੇ ਜਮੀਨ ਨੂੰ ਗ੍ਰਾਮ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਸਬੰਧੀ ਇੱਕ ਅਰਜੀ ਐੱਸ.ਸੀ. ਕਮਿਸ਼ਨ ਨੂੰ ਦਲਿਤ ਭਾਈਚਾਰੇ ਵੱਲੋਂ ਦਿੱਤੀ ਗਈ ਸੀ, ਜਿਸ ਅਨੁਸਾਰ ਉਨ੍ਹਾਂ ਨੂੰ ਅਜੇ ਵੀ ਇਸ ਜਗ੍ਹਾ ਵਿੱਚ ਜਾਣ ਅਤੇ ਸੰਸਕਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ, ਜਿਸਤੇ ਕਾਰਵਾਈ ਕਰਦਿਆਂ ਅੱਜ ਐੱਸ.ਸੀ. ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਨੇ ਪਿੰਡ ਬਾਦਸ਼ਾਹਪੁਰ ਦਾ ਦੌਰਾ ਕੀਤਾ। ਸ਼੍ਰੀਮਤੀ ਪੂਨਮ ਕਾਂਗੜਾ ਨੇ ਦੱਸਿਆ ਕਿ ਇਸ ਵਿਵਾਦ ਨੂੰ ਲੈ ਕੇ ਅੱਜ ਵਿਵਾਦਿਤ ਸਥਾਨ ਵਾਲੀ ਜਗ੍ਹਾ ਦਾ ਮੌਕਾ ਦੇਖਣ ਅਤੇ ਦੋਨਾਂ ਧਿਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕੇ ਦਲਿਤ ਭਾਈਚਾਰਾ ਦੋ ਭਾਗਾਂ ਵਿੱਚ ਵੰਡਿਆਂ ਹੋਇਆ ਹੈ। ਗੱਲਬਾਤ ਦੌਰਾਨ ਸਾਹਮਣੇ ਆਇਆ ਕਿ ਜਨਰਲ ਭਾਈਚਾਰੇ ਦੇ ਲੋਕ ਆਪਣੇ ਸ਼ਮਸ਼ਾਨ ਘਾਟ ਨੂੰ ਦਲਿਤ ਭਾਈਚਾਰੇ ਨਾਲ ਸਾਂਝਾ ਕਰਨ ਅਤੇ ਬਣੇ ਹੋਏ ਮੰਡੀ ਦੇ ਫੜ੍ਹ ਵਿੱਚ ਮੰਡੀ ਨੂੰ ਚਾਲੂ ਰੱਖਣ ਦੇ ਹੱਕ ਵਿੱਚ ਹਨ। ਜਿਸ ਉੱਪਰ ਦਲਿਤ ਭਾਈਚਾਰੇ ਦਾ ਇੱਕ ਗੁੱਟ ਇਸ ਲਈ ਸਹਿਮਤ ਹੈ, ਤੇ ਦੂਜਾ ਇਸਦੇ ਵਿਰੋਧ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇੱਕ ਧਿਰ ਕੁਝ ਹਿੱਸੇ ਵਿੱਚ ਸ਼ਮਸ਼ਾਨ ਘਾਟ ਅਤੇ ਬਾਕੀ ਬਚਦੇ ਹਿੱਸੇ ਵਿੱਚ ਅਨਾਜ਼ ਮੰਡੀ ਨੂੰ ਚਾਲੂ ਰੱਖਣ ਦੇ ਪੱਖ ਭਾਵ ਇੱਕ ਬਦਲਵੇ ਤਰੀਕੇ ਦੇ ਪੱਖ ਵਿੱਚ ਵੀ ਹੈ। ਸ਼੍ਰੀਮਤੀ ਕਾਂਗੜਾ ਨੇ ਦੱਸਿਆ ਕਿ ਅੱਜ ਕਿਸੇ ਠੋਸ਼ ਨਤੀਜੇ ਤੇ ਨਾ ਪਹੁੰਚਣ ਤੇ ਆਉਣ ਵਾਲੀ 31 ਜਨਵਰੀ ਨੂੰ ਰੈਸਟ ਹਾਊਸ ਸੰਗਰੂਰ ਵਿਖੇ ਦੋਨਾਂ ਧਿਰਾਂ ਦੀ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਦੋਨਾਂ ਧਿਰਾਂ ਦੇ 5-5 ਮੈਂਬਰਾਂ ਦਾ ਵਫਦ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜਰੀ ਵਿੱਚ ਭਾਗ ਲਵੇਗਾ ਅਤੇ ਉਮੀਦ ਹੈ ਕਿ ਇਸ ਦਿਨ ਵਿਵਾਦ ਨੂੰ ਸੁਲਝਾ ਲਿਆ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਕਾਂਗੜਾ ਦਲਿਤ ਆਗੂ ਪੰਜਾਬ, ਐੱਸਡੀਐੱਮ ਧੂਰੀ ਲਤੀਫ ਅਹਿਮਦ, ਬੀਡੀਪੀਓ ਰਿੰਪੀ ਗਰਗ ਧੂਰੀ, ਪਟਵਾਰੀ ਮੱਖਣ ਲਾਲ, ਐੱਸਐਚਓ ਸ਼ੇਰਪੁਰ ਰਮਨਦੀਪ ਸਿੰਘ, ਪੰਚਾਇਤ ਸਕੱਤਰ, ਅਮਰਜੀਤ ਸਿੰਘ ਬਾਦਸ਼ਾਹਪੁਰ ਆਦਿ ਹਾਜ਼ਰ ਸਨ।



