ਸ਼੍ਰੀਨਗਰ, 19 ਜੁਲਾਈ (ਪੀ. ਟੀ.)-ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਤਨਾਅ ਦੇ ਚਲਦੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ ‘ਤੇ ਸ਼ੁੱਕਰਵਾਰ ਨੂੰ ਆਵਾਜਾਈ ਲਗਾਤਾਰ ਦੂਜੇ ਦਿਨ ਬੰਦ ਰਹੀ। ਆਵਾਜਾਈ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਵਾਰੀਆਂ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਪ੍ਰਹੇਜ਼ ਵਜੋਂ ਬੰਦ ਕਰ ਦਿੱਤਾ ਗਿਆ ਹੈ। ਰਾਮਬਨ, ਰਾਮਸੂ ਤੇ ਬਾਨਿਹਾਲ ‘ਚ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜਰ ਕੱਲ੍ਹ ਇਸ ਰਾਜ ਮਾਰਗ ‘ਤੇ ਆਵਾਜਾਈ ਨੂੰ ਬੰਦ ਕੀਤਾ ਗਿਆ ਸੀ। ਬੁਲਾਰੇ ਨੇ ਕਿਹਾ ਕਿ ਫਸੇ ਵਾਹਨਾਂ ਨੂੰ ਕੱਲ੍ਹ ਸ਼ਾਮ ਛੇ ਵਜੇ ਕਰਫਿਊ ਲਾਏ ਜਾਣ ਤੋਂ ਬਾਅਦ ਆਪਣੇ ਮੁਕਾਮ ਦੇ ਵੱਲ ਜਾਣ ਦੀ ਇਜਾਜਤ ਦਿੱਤੀ ਗਈ ਪਰ ਅੱਜ ਕਿਸੇ ਵਾਹਨ ਨੂੰ ਅੱਗੇ ਵਧਣ ਦੀ ਆਗਿਆ ਨਹੀਂ ਮਿਲੀ।



