Skip to content
Independent perspectives. Global stories.
BREAKING

ਸੁਖਬੀਰ ਬਾਦਲ ਵਲੋਂ ਸਥਾਨਕ ਸਰਕਾਰਾਂ ਵਿਭਾਗ ’ਚ ਪ੍ਰਸ਼ਾਸ਼ਕੀ ਸੁਧਾਰਾਂ ਲਈ 6 ਮਹੀਨਿਆਂ ਦਾ ਸਮਾਂ ਤੈਅ

Share this story

ਹਰੇਕ ਮਿਉਸਿਪਲ ਖੇਤਰ ਅੰਦਰ ਖੁਲਣਗੇ ਆਨ ਲਾਈਨ ਨਾਗਰਿਕ ਸਹੂਲਤ ਕੇਂਦਰ

Page-1_21 ਚੰਡੀਗੜ੍ਹ, 9 ਜੂਨ (ਪੀ. ਟੀ)- ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਥਾਨਕ ਸਰਕਾਰਾਂ ਵਿਭਾਗ ਵਿਚ ਵੱਖ-ਵੱਖ ਨਾਗਰਿਕ ਸੇਵਾਵਾਂ ਵਾਸਤੇ ਪ੍ਰਸ਼ਾਸ਼ਕੀ ਸੁਧਾਰ ਲਾਗੂ ਕਰਨ ਲਈ ਵਿਭਾਗ ਨੂੰ 6 ਮਹੀਨਿਆਂ ਦਾ ਸਮਾਂ ਦਿੰਦਿਆਂ ਹਦਾਇਤ ਕੀਤੀ ਹੈ ਕਿ ਉਹ ਸ਼ਹਿਰੀ ਖੇਤਰਾਂ ਵਿਚ ਰੋਜ਼ਮਰਾ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਰਿਕਾਰਡ ਦਾ ਪੂਰਨ ਕੰਪਿਊਟਰੀਕਰਨ ਕਰਨ ਸਮੇਤ ਹਰ ਸੇਵਾ ਆਨਲਾਈਨ ਦੇਣ ਦਾ ਪ੍ਰਬੰਧ ਕੀਤਾ ਜਾਵੇ। ਹੇਠਲੇ ਪੱਧਰ ਤੋਂ ਪ੍ਰਾਪਤ ਫੀਡਬੈਕ ਦੇ ਅਧਾਰ ’ਤੇ ਅੱਜ ਇਥੇ ਪ੍ਰਸ਼ਾਸ਼ਕੀ ਸੁਧਾਰਾਂ ਸਬੰਧੀ ਗਠਿਤ ਉੱਚ ਤਾਕਤੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੂੰ ਆਖਿਆ ਕਿ ਉਹ ਸ਼ਹਿਰਾਂ ਅਤੇ ਕਸਬਿਆਂ ਵਿਚ ਖੁਦ ਜਾ ਕੇ

ਇਹ ਪਤਾ ਲਾਉਣ ਕਿ ਰਾਜ ਸਰਕਾਰ ਵਲੋਂ ਪ੍ਰਸ਼ਾਸ਼ਕੀ ਸੁਧਾਰਾਂ ਹੇਠ ਆਰੰਭੇ ਵੱਖ-ਵੱਖ ਪ੍ਰੋਗਰਾਮਾਂ ਅਧੀਨ ਨਾਗਰਿਕਾਂ ਨੂੰ ਮੁਹੱਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਕੀ ਸਥਿਤੀ ਹੈ। ਮਿਉਂਸਿਪਲ ਕਮਿਸ਼ਨਰਾਂ ਵਲੋਂ ਸ਼ਹਿਰਾਂ ਵਿਚ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਿੱਜੀ ਤੌਰ ’ਤੇ ਜਿੰਮੇਵਾਰੀ ਤੈਅ ਕਰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਇਸ ਪ੍ਰਸ਼ਾਸ਼ਕੀ ਸੁਧਾਰਾਂ ਹੇਠ ਗਠਿਤ ਮਿਸ਼ਨ ਕਮੇਟੀ ਜਲਦ ਹੀ ਵੱਖ ਵੱਖ ਸ਼ਹਿਰਾਂ ਦਾ ਦੌਰਾ ਕਰਕੇ ਸਰਕਾਰ ਵਲੋਂ ਲਾਗੂ ਪ੍ਰੋਗਰਾਮਾਂ ਦਾ ਵੇਰਵਾ ਇਕੱਤਰ ਕਰੇ। ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਰਾਕੇਸ਼ ਸਿੰਘ ਦੀ ਹਾਜਰੀ ਵਿਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਨਾਗਰਿਕਾਂ ਨੂੰ ਰੋਜ਼ਮਰਾ ਦੇ ਕੰਮ-ਕਾਜ ਅਤੇ ਮੰਜੂਰੀਆਂ ਆਦਿ ਲੈਣ ਲਈ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ ਅਤੇ ਉਹ ਘਰ ਬੈਠਿਆਂ ਹੀ ਆਨਲਾਈਨ ਹਰ ਤਰ੍ਹਾਂ ਦੀਆਂ ਜ਼ਰੂਰੀ ਸੇਵਾਵਾਂ ਹਾਸਲ ਕਰ ਸਕਣ। ਉਨ੍ਹਾਂ ਦੀ ਇੱਛਾ ਹੈ ਕਿ ਹਰ ਨਾਗਰਿਕ ਤੱਕ ਇਹ ਆਨਲਾਈਨ ਸਹੂਲਤਾਂ ਇੱਕ ਸਾਲ ਦੇ ਅੰਦਰ-ਅੰਦਰ ਪ੍ਰਦਾਨ ਕੀਤੀਆਂ ਜਾਣ ਅਤੇ ਇਸ ਮੰਤਵ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਆਨਲਾਈਨ ਖਪਤਕਾਰ ਸਹੂਲਤ ਕੇਂਦਰ ਸਥਾਪਿਤ ਕੀਤੇ ਜਾਣ। ਉਨ੍ਹਾਂ ਵਿਭਾਗ ਦੇ ਸਕੱਤਰ ਸ਼੍ਰੀ ਪ੍ਰੇਮ ਭਾਰਤੀ ਨੂੰ ਕਿਹਾ ਕਿ ਉਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਟੀਮਾਂ ਬਣਾਕੇ ਖੁਦ ਸ਼ਹਿਰੀ ਖੇਤਰਾਂ ਦਾ ਦੌਰਾ ਕਰਕੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਾਇਜਾ ਲੈਕੇ ਰਿਪੋਰਟ ਦੇਣ। ਸ਼ਹਿਰੀ ਵਸੋਂ ਦੀ ਸਹੂਲਤ ਲਈ ਇੱਕ ਦੂਰ-ਰਸੀ ਯੋਜਨਾ ਦਾ ਖੁਲਾਸਾ ਕਰਦਿਆਂ ਸ਼੍ਰੀ ਬਾਦਲ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਪ੍ਰਸ਼ਾਸ਼ਕੀ ਸੁਧਾਰਾਂ ਹੇਠ ਕੰਪਿਊਟਰੀਕਰਨ ਕਰਦੇ ਸਮੇਂ ਹਰੇਕ ਮਕਾਨ ਅਤੇ ਜਾਇਦਾਦ ਨੂੰ ਵਿਲੱਖਣ ਪਛਾਣ ਨੰਬਰ ਮੁਹੱਈਆ ਕਰਵਾਉਣ ਜਿਸ ਵਿਚ ਖਪਤਕਾਰਾਂ ਦਾ ਪੂਰਾ ਵੇਰਵਾ, ਸੇਵਾਵਾਂ ਦੀ ਵਰਤੋਂ ਅਤੇ ਬਿਲਾਂ ਦੀ ਅਦਾਇਗੀ ਸਬੰਧੀ ਵੇਰਵੇ ਦਰਜ਼ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵਲੋਂ ਵਿੱਤੀ ਪ੍ਰਬੰਧਨ ਪ੍ਰਣਾਲੀ ਨੂੰ ਵੀ ਆਨਲਾਈਨ ਕੀਤਾ ਜਾਵੇ ਤਾਂ ਜੋ ਸ਼ਹਿਰਾਂ ਵਿਚ 100 ਫੀਸਦੀ ਸੀਵਰੇਜ਼ ਪ੍ਰਣਾਲੀ, ਪਾਣੀ ਦੀ ਸਪਲਾਈ, ਪੱਕੀਆਂ ਸੜਕਾਂ, ਸਟਰੀਟ ਲਾਈਟਾਂ ਅਤੇ ਕੂੜਾ-ਕਰਕਟ ਦੀ ਸੰਭਾਲ ਨਾਲ ਸ਼ਹਿਰਾਂ ਦੀ ਨੁਹਾਰ ਬਦਲੀ ਜਾ ਸਕੇ।ਸ਼੍ਰੀ ਬਾਦਲ ਨੇ ਵਿਭਾਗ ਨੂੰ ਕਿਹਾ ਕਿ ਉਹ ਈ-ਗਵਰਨੈਂਸ ਅਤੇ ਪ੍ਰਸ਼ਾਸ਼ਕੀ ਸੁਧਾਰਾਂ ਤਹਿਤ ਹਰੇਕ ਕਸਬੇ ਅਤੇ ਪਿੰਡ ਵਿਚ ਨਾਗਰਿਕ ਸਹੂਲਤ ਕੇਂਦਰ ਸਥਾਪਿਤ ਕਰਨ ਤਾਂ ਜੋ ਹਰ ਵਿਅਕਤੀ ਸਰਕਾਰ ਵਲੋਂ ਮੁਹੱਈਆ ਕੀਤੀਆਂ ਜਾ ਰਹੀਆਂ 149 ਸੇਵਾਵਾਂ ਆਨਲਾਈਨ ਘਰ ਬੈਠਿਆਂ ਹਾਸਲ ਕਰ ਸਕਣ। ਇਸ ਮੌਕੇ ਉਨ੍ਹਾਂ ਮਾਲ ਵਿਭਾਗ, ਪੁਲਿਸ, ਬਿਜਲੀ ਅਤੇ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਪ੍ਰਸ਼ਾਸ਼ਕੀ ਸੁਧਾਰਾਂ ਹੇਠ ਆਪਣੇ ਵਿਭਾਗਾਂ ਵਿਚ ਮੁਕੰਮਲ ਕੰਪਿਊਟਰੀਕਰਨ ਅਤੇ ਆਨਲਾਈਨ ਸਹੂਲਤਾਂ ਦਾ ਮਿੱਥੇ ਸਮੇਂ ਅੰਦਰ ਪ੍ਰਬੰਧ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਤੋਤਾ ਸਿੰਘ, ਸਾਬਕਾ ਮੰਤਰੀ, ਡਾ. ਦਲਜੀਤ ਸਿੰਘ ਚੀਮਾ, ਵਿਧਾਇਕ, ਸ਼੍ਰੀ ਤਿਕਸ਼ਨ ਸੂਦ ਅਤੇ ਸ਼੍ਰੀ ਮਹੇਸ਼ ਇੰਦਰ ਸਿੰਘ ਗਰੇਵਾਲ (ਦੋਵੇਂ ਸਲਾਹਕਾਰ/ਮੁੱਖ ਮੰਤਰੀ), ਸ਼੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ, ਸ਼੍ਰੀ ਜਗਪਾਲ ਸਿੰਘ ਸੰਧੂ, ਪ੍ਰਮੁੱਖ ਸਕੱਤਰ ਗ੍ਰਹਿ, ਸ਼੍ਰੀ ਪੀ.ਐਸ. ਔਜਲਾ, ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ, ਸ਼੍ਰੀ ਸੀ. ਰਾਓਲ, ਪ੍ਰਮੁੱਖ ਸਕੱਤਰ ਪ੍ਰਸ਼ਾਸ਼ਕੀ ਸੁਧਾਰ, ਸ਼੍ਰੀ ਡੀ.ਪੀ. ਰੈਡੀ, ਪ੍ਰਮੁੱਖ ਸਕੱਤਰ ਆਬਕਾਰੀ ਅਤੇ ਕਰ, ਸ਼੍ਰੀ ਜੇ.ਐਮ. ਬਾਲਾਮੁਰਗਮ, ਵਿਸ਼ੇਸ਼ ਸਕੱਤਰ ਸਥਾਨਕ ਸਰਕਾਰਾਂ, ਸ਼੍ਰੀ ਗਗਨਦੀਪ ਸਿੰਘ ਬਰਾੜ, ਵਿਸੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ, ਸ਼੍ਰੀਮਤੀ ਕਵਿਤਾ ਮੋਹਨ ਸਿੰਘ, ਡਾਇਰੈਕਟਰ ਪ੍ਰਸ਼ਾਸ਼ਕੀ ਸੁਧਾਰਾਂ, ਸ਼੍ਰੀ ਅਜੈ ਮਹਾਜਨ, ਵਿਸੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਅਤੇ ਸ਼੍ਰੀ ਅਨੁਰਾਗ ਵਰਮਾ, ਆਬਕਾਰੀ ਅਤੇ ਕਰ ਕਮਿਸ਼ਨਰ ਮੌਜੂਦ ਸਨ।

WRITTEN BY