ਇਨਸਾਨੀ ਭਾਈਚਾਰੇ ਦੇ ਚਾਰ-ਪੰਜ ਵਿਅਕਤੀ ਜਦੋਂ ਰਲ ਬੈਠਦੇ ਨੇ ਤਾਂ ਉਸਨੂੰ ਸੱਥ ਕਿਹਾ ਜਾਂਦਾ ਹੈ। ਸੱਥ ਦੀ ਹੋਂਦ ਜੁੱਗਾਂ ਪੁਰਾਣੀ ਹੈ। ਪੁਰਾਣੇ ਸਮੇਂ ਵਿੱਚ ਸੱਥ ਪਿੰਡ ਦੇ ਬਾਹਰ, ਚੁਰਾਹੇ ਦੇ ਇਕ ਪਾਸੇ, ਪਿੱਪਲਾਂ, ਬੋਹੜਾਂ ਹੇਠ, ਦਰਵਾਜੇ, ਡਿਉਢੀਆਂ ਵਿੱਚ ਲੱਗਦੀ ਸੀ ਜਾਂ ਫਿਰ ਪਿੰਡ ਵੱਲੋਂ ਸਾਂਝੇ ਤੋਰ ਤੇ ਵੱਢਕੇ ਸੁੱਟੀਆਂ ਲੱਕੜਾਂ, ਖੁੰਢਾਂ ਉੱਤੇ ਕੁਝ ਵਿਅਕਤੀ ਬੈਠ ਕੇ ਕਿਸੇ ਮਸਲੇ ਦੀ ਵਿਚਾਰ ਚਰਚਾ ਕਰਦੇ ਸਨ ਤੇ ਖੁੰਢ ਚਰਚਾ ਸ਼ਬਦ ਦਾ ਜਨਮ ਵੀ ਇਸ ਤੋਂ ਹੀ ਹੋਈ ਹੈ। ਕੁਝ ਸਮੇਂ ਬਾਅਦ ਫਿਰ ਧਰਮਸ਼ਾਲਾ ਬਣ ਗਈਆਂ ਅਤੇ ਸੱਥਾ ਧਰਮਸ਼ਾਲਾ ਵਿੱਚ ਲੱਗਣ ਲੱਗੀਆਂ।
ਕਿਸੇ ਸਮੇਂ ਪਿੰਡ ਵਿੱਚ ਸੱਥ ਦੀ ਵਿਸ਼ੇਸ਼ ਥਾਂ ਹੁੰਦੀ ਸੀ। ਸੱਥ ਪਿੰਡ ਦਾ ਸ਼ਿੰਗਾਰ ਹੁੰਦੀ ਸੀ। ਸੱਥ ਵਿੱਚ ਬੈਠਣ ਵਾਲੇ ਵਿਅਕਤੀਆਂ ਨੂੰ ਰੱਬ ਵਰਗਾ ਕਿਹਾ ਜਾਂਦਾ ਸੀ ਤੇ ਲੜਾਈ-ਝੱਗੜੇ ਦੇ ਸਭ ਫੈਸਲੇ ਸੱਥ ਵਿੱਚ ਹੀ ਕੀਤੇ ਜਾਂਦੇ ਸਨ। ਲੜਾਈ-ਝੱਗੜੇ ਨੂੰ ਬਿਨ੍ਹਾਂ ਵੱਧਾਏ-ਚੜਾਏ ਦੋਹਾ ਧਿਰਾ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਸੀ ਤੇ ਇੱਕ-ਦੂਜੇ ਦੇ ਸਭ ਦੁੱਖ-ਸੁੱਖ ਸਾਂਝੇ ਕੀਤੇ ਜਾਂਦੇ ਸਨ। ਸੱਥ ਵਿਚ ਹਾਸੇ, ਮਜਾਕ ਹੁੰਦੇ ਰਹਿੰਦੇ ਤੇ ਇੱਕ ਦੂਜੇ ਨੂੰ ਕਈ ਤਰ੍ਹਾਂ ਦੇ ਕਿੱਸੇ, ਕਹਾਣੀਆਂ ਸੁਣੀਆਂ-ਸੁਣਾਈਆਂ ਜਾਦੀਆਂ ਸਨ। ਸੱਥ ਵਿੱਚ ਗਿਆਨ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਸਨ ਅਤੇ ਗਿਆਨ ਵੰਡਿਆਂ ਜਾਂਦਾ ਸੀ ਜਿਸ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਿਆਨ ਹੁੰਦਾ ਸੀ ਤਾਂ ਉਸਨੂੰ ਅੱਗੇ ਆੳੇਣ ਦਾ ਮੌਕਾ ਦਿੱਤਾ ਜਾਂਦਾ ਸੀ ਪੁਰਾਣੀ ਸੱਥ ਸਕੂਲ ਵਰਗੀ ਹੁੰਦੀ ਸੀ। ਉੱਦੋਂ ਲੋਕਾਂ ਵਿੱਚ ਆਹੁਦੇਦਾਰੀ ਦਾ ਲਾਲਚ ਨਹੀਂ ਹੁੰਦਾ ਸੀ ਅਤੇ ਨਾ ਹੀ ਵੋਟਾ ਪੁਆ ਕੇ ਸੱਥ ਦੀ ਚੋਣ ਕੀਤੀ ਜਾਂਦੀ ਸੀ।
ਕੁਝ ਬਜ਼ੁਰਗ ਤਾਂ ਆਮ ਸੱਥ ਵਿੱਚ ਬੈਠੇ ਹੀ ਰਹਿੰਦੇ ਸਨ। ਉਹਨਾਂ ਨੂੰ ਸਭ ਖ਼ਬਰ ਹੁੰਦੀ ਸੀ ਕਿ ਪਿੰਡ ਵਿੱਚ ਕੀ ਵਾਪਰਦਾ ਹੈ ਤੇ ਸੱਥ ਵਿੱਚੋਂ ਹੀ ਆਸ-ਪਾਸ ਦੇ ਇਲਾਕਿਆਂ ਦੀਆਂ ਖੱਬਰ ਵੀ ਮਿਲ ਜਾਂਦੀਆਂ ਸਨ। ਕਈ ਵਾਰ ਤਾਂ ਜਦੋਂ ਮਾਪੇ ਆਪਣੀ ਧੀ ਨੂੰ ਮਿਲਣ ਉਸਦੇ ਸਹੁਰੇ ਪਿੰਡ ਜਾਂਦੇ ਸਨ ਤਾਂ ਧੀ ਅਤੇ ਉਸਦੇ ਪਰਿਵਾਰ ਦੀ ਰਾਜ਼ੀ-ਖੁਸ਼ੀ ਦੀ ਖੱਬਰ ਸੱਥ ਵਿੱਚੋਂ ਹੀ ਮਿਲ ਜਾਂਦੀ ਸੀ। ਉਦੋਂ ਤਾਂ ਧੀ ਦਾ ਰਿਸ਼ਤਾਂ ਕਰਨ ਲੱਗੇ, ਮਾਪੇ ਮੁੰਡੇ ਦੇ ਪਿੰਡ ਦੀ ਸੱਥ ਚੌਂ ਹੀ ਮੁੰਡੇ ਦੇ ਪਰਿਵਾਰ ਬਾਰੇ ਪੁੱਛ ਲੈਂਦੇ ਸਨ। ਉਦੋਂ ਲੋਕਾਂ ਵਿੱਚ ਆਪਸੀ ਮੋਹ, ਪ੍ਰੇਮ, ਪਿਆਰ ਬੁਹਤ ਹੁੰਦਾ ਸੀ ਕੋਈ ਇਕ ਬਜ਼ੁਰਗ ਸਾਰੇ ਪਿੰਡ ਦਾ ਬਜ਼ੁਰਗ ਹੁੰਦਾ ਅਤੇ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ।
ਭਾਰਤ ਪਿੰਡਾਂ ਦਾ ਦੇਸ਼ ਹੋਣ ਕਰਕੇ, ਇਸ ਦਾ ਮੁੱਖ ਕਿੱਤਾ ਖੇਤੀ-ਬਾੜੀ ਹੈ। ਪਹਿਲੇ ਸਮਿਆਂ ਵਿਚ ਸਾਰੀ ਖੇਤੀ ਬਾਰਸ਼ਾ ’ਤੇ ਨਿਰਭਰ ਹੁੰਦੀ ਸੀ, ਉਦੋੰ ਮਸਾ ਖਾਣ ਜੋਗੇ ਦਾਣੇ ਹੀ ਹੁੰਦੇ ਸਨ ਇਸ ਲਈ ਲੋਕਾਂ ਕੋਲ ਵਿਹਲ ਹੁੰਦੀ ਸੀ ਤੇ ਉਹ ਸੱਥ ਵਿਚ ਬੈਠੇ ਰਹਿੰਦੇ ਸਨ। ਆਮਤੌਰ ਤੇ ਸਿਆਲ ਦੇ ਮਹੀਨਿਆਂ ਵਿਚ ਵਿਹਲੇ ਸਮੇਂ ਬਜ਼ੁਰਗ ਅਤੇ ਜਵਾਨ ਜਦੋਂ ਸੱਥ ਵਿਚ ਜਾਂਦੇ ਤਾਂ ਘਰੋ ਗਰਨੇ ਚੁੱਕ ਕੇ ਲੈ ਜਾਂਦੇ ਸਨ। ਉੱਥੇ ਰਲ ਕੇ ਸਾਰਿਆ ਨੇ ਸਣ ਕੱਢਣੀ ਤੇ ਤੀਲਾਂ ਦੀ ਹੇਠਾਂ ਧਰਤੀ ’ਤੇ ਧੂਣੀ ਲਾ ਲੈਣੀ ਫਿਰ ਜਿਵੇਂ-ਜਿਵੇਂ ਸਣ ਕੱਢਣੀ, ਉਵੇਂ-ਉਵੇਂ ਤੀਲ੍ਹਾਂ ਧੂਣੀ ਉੱਤੇ ਸੁੱਟੀ ਜਾਣੀਆਂ।
ਸੱਥ ਵਿਚ ਤਾਸ਼ ਖੇਡਦੇ ਸਮੇਂ ਜੇਕਰ ਜ਼ਿਆਦਾ ਵਿਅਕਤੀ ਹੋ ਜਾਣੇ ਤਾਂ ਉਹ ਚਾਰ-ਚਾਰ, ਪੰਜ-ਪੰਜ ਗੋਲ-ਘੇਰੇ ਬਣਾ ਕੇ ਤਾਸ਼ ਖੇਡਦੇ ਹੁੰਦੇ ਸਨ।
ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਦੇ ਰੁਝੇਵੇਂ ਜ਼ਿਆਦਾ ਵੱਧਣ ਕਰਕੇ ਉਹਨਾਂ ਨੂੰ ਸੱਥ ਵਿਚ ਬੈਠਣ ਦਾ ਸਮਾਂ ਘੱਟ ਹੀ ਮਿਲਿਆ ਹੈ ਅਤੇ ਕਈਆਂ ਪਿੰਡਾਂ ਵਿਚ ਤਾਂ ਸੱਥਾਂ ਦੀ ਪੁਰਾਣੀ ਹੋਂਦ ਲੱਗਭਗ ਗੁੰਮ ਹੋਈ ਹੀ ਨਜ਼ਰ ਆਉਂਦੀ ਹੈ। ਜੇਕਰ ਕਿਸੇ ਪਿੰਡ ਵਿਚ ਸੱਥ ਲੱਗਦੀ ਵੀ ਹੈ ਤਾਂ ਪਹਿਲਾਂ ਵਰਗੀ ਨਹੀਂ, ਅੱਜ ਦੀ ਸੱਥ ਵਿਚ ਈਰਖਾਬਾਜ਼ੀ, ਚੁੰਗਲਬਾਜ਼ੀ ਜ਼ਿਆਦਾ ਚੱਲਦੀ ਹੈ। ਸੱਥ ਵਿਚ ਬੈਠੇ ਮਰਦ ਕਈ ਵਾਰ ਤਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਦੇ-ਕਰਦੇ ਆਪਸ ਵਿਚ ਹੀ ਲੜ੍ਹ ਪੈਂਦੇ ਹਨ
ਖੌਰੇ ਚੰਗੀਆਈ-ਬੁਰਾਈ ਦੋਵੇਂ ਚਾਚੇ-ਤਾਏ ਦੀਆਂ ਕੁੜੀਆਂ ਹਨ ਇਹ ਦੁਨੀਆਂ ਦੇ ਨਾਲ-ਨਾਲ ਚੱਲਦੀਆਂ ਹਨ, ਨਾ ਚੰਗੀਆਈ ਦੀ ਜਿੱਤ ਹੁੰਦੀ ਹੈ ਅਤੇ ਨਾ ਹੀ ਬੁਰਾਈ ਖ਼ਤਮ ਹੁੰਦੀ ਹੈ।
ਅਜੋਕੇ ਸਮੇਂ ਵਿਚ ਸੱਥ ਦੀ ਪੁਰਾਣੀ ਭਾਵਨਾ ਨੂੰ ਜੇ ਅਸੀਂ ਸਾਕਾਰ ਰੂਪ ਵਿਚ ਵੇਖਣਾ ਚਹੁੰਦੇ ਹੋ ਤਾਂ ਇਸ ਨੂੰ ਪੰਜਾਬੀ ਸੱਥ ਲਾਂਬੜਾ ਦੇ ਮਾਧਿਅਮ ਰਾਹੀਂ ਵੇਖਿਆ ਜਾ ਸਕਦਾ ਹੈ। ਅਗਲੇ ਲੇਖਾਂ ਵਿੱਚ ਇਸ ਤਰ੍ਹਾਂ ਦੀਆਂ ਸੱਥਾਂ ਦੀ ਹੀ ਬਾਤ ਪਾਈ ਜਾਵੇਗੀ। ਇਸ ਲੇਖ ਲੜੀ ਸਬੰਧੀ ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ।


