ਯੋਗੇਂਦਰ ਅਹਿਮ ਸਹਿਯੋਗੀ ਬਣੇ ਰਹਿਣਗੇ, ਸ਼ਾਜੀਆ ਦੀ ਵਾਪਸੀ ਛੇਤੀ
ਨਵੀਂ ਦਿੱਲੀ, 7 ਜੂਨ (ਪੀ. ਟੀ ਲਾਈਵ)- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਨੇ ਆਪਸੀ ਸਦਭਾਵਨਾ ਅਤੇ ਸਹਿਯੋਗ ਨੂੰ ਵਧਾਉਣ ਦਾ ਸੰਕੇਤ ਦਿੰਦਿਆਂ ਟਵੀਟ ਕੀਤਾ. ‘ਯੋਗੇਂਦਰ ਮੇਰੇ ਕਰੀਬੀ ਮਿੱਤਰ ਅਤੇ ਮਹੱਤਵਪੂਰਨ ਸਹਿਯੋਗੀ ਹਨ। ਉਨ੍ਹਾਂ ਨੇ ਕਈ ਅਹਿਮ ਮੁੱਦਿਆਂ ‘ਤੇ ਧਿਆਨ ਖਿੱਚਿਆ। ਅਸੀਂ ਮਿਲ ਕੇ ਇਸ ‘ਤੇ ਕੰਮ ਕਰਾਂਗੇ।‘ ਇਸ ਤੋਂ ਬਾਅਦ ਅਗਲੇ ਟਵੀਟ ‘ਚ ਕੇਜਰੀਵਾਲ ਨੇ ਲਿਖਿਆ, ਸ਼ਾਜੀਆ ਇਲਮੀ ਨੂੰ ਵੀ ਪਾਰਟੀ ‘ਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।‘ ਰਾਸ਼ਟਰੀ ਕਾਰਜਕਾਰੀ ਦੀ ਬੈਠਕ ਦੇ ਦੂਸਰੇ ਦਿਨ ਅੱਜ ਅਰਵਿੰਦ ਕੇਜਰੀਵਾਲ ਨੇ ਆਪ ਦੇ ਟੁੱਟਦੇ-ਬਿਖਰਦੇ ਕੁਨਬੇ ਨੂੰ ਬਚਾਉਣ ਦੇ ਲਈ ਮਤਭੇਦਾਂ ਨੂੰ ਠੰਢੇ ਬਸਤੇ ‘ਚ ਪਾਉਣ ਦਾ ਵੀ ਸੰਕੇਤ ਦਿੱਤਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਕਾਰਜਕਾਰਨੀ ਦੀ ਬੈਠਕ ਤੋਂ ਠੀਕ ਪਹਿਲਾਂ ਯੋਗੇਂਦਰ ਯਾਦਵ
ਅਤੇ ਮਨੀਸ਼ ਸਿਸੋਦੀਆ ਦੀ ਚਿੱਠੀ ਲੀਕ ਹੋ ਜਾਣ ਨਾਲ ਪਾਰਟੀ ਦੀ ਅੰਦਰੂਨੀ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ ਸੀ। ਇਸ ਤੋਂ ਬਾਅਦ ਤਮਾਮ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਇਥੋਂ ਤੱਕ ਕਿਹਾ ਜਾ ਰਿਹਾ ਸੀ ਕਿ ਯੋਗੇਂਦਰ ਯਾਦਵ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ। ਸ਼ੁੱੱਕਰਵਾਰ ਨੂੰ ਕਰੀਬ 8 ਘੰਟਿਆਂ ਤੱਕ ਚੱਲੀ ਬੈਠਕ ‘ਚ ਮਤਭੇਦ ਦੇ ਸੰਕੇਤ ਮਿਲ ਰਹੇ ਸਨ। ਪਾਰਟੀ ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ ਬੈਠਕ ਦੇ ਵਿਚਾਲੇ ਹੀ ਉਠ ਕੇ ਚਲੇ ਗਏ ਸਨ। ਉਹ ਅੱਜ ਵੀ ਬੈਠਕ ‘ਚ ਹਿੱਸਾ ਨਹੀਂ ਲਿਆ।
ਇਸ ਵਿਵਾਦ ‘ਤੇ ਤਵੱਜੋ ਨਾ ਦਿੰਦਿਆਂ ਪਾਰਟੀ ਨੇ ਕਿਹਾ ਹੈ ਕਿ ਵੱਖ ਵੱਖ ਰਾਵਾਂ ਹੋਣੀਆਂ ਜੁਰਮ ਨਹੀਂ। ਇਸ ਨਾਲ ਪਾਰਟੀ ਦਾ ਲੋਕਤੰਤਰਿਕ ਸਵਰੂਪ ਮਜ਼ਬੂਤ ਹੁੰਦਾ ਹੈ। ਪਤਾ ਲੱਗਾ ਹੈ ਕਿ ਸ਼ਾਜੀਆ ਇਲਮੀ ਨੂੰ ਪਾਰਟੀ ‘ਚ ਵਾਪਸ ਲਿਆਉਣ ਦੇ ਲਈ ਅਰਵਿੰਦ ਕੇਜਰੀਵਾਲ ਨੇ ਪ੍ਰਸਤਾਵ ਰੱਖਿਆ ਅਤੇ ਇਸ ਦੀ ਜ਼ਿੰਮੇਵਾਰੀ ਅੰਜਲੀ ਦਮਾਨੀਆ ਨੂੰ ਦਿੱਤੀ ਗਈ ਹੈ। ਸੰਜੇ ਸਿੰਘ ਨੇ ਕਿਹਾ ਕਿ ਜੇਕਰ ਸ਼ਾਜੀਆ ਪਾਰਟੀ ‘ਚ ਵਾਪਸ ਆ ਜਾਂਦੀ ਹੈ ਤਾਂ ਇਹ ਬੜੀ ਖੁਸ਼ੀ ਵਾਲੀ ਗੱਲ ਹੋਵੇਗੀ।



