ਮੌੜ ਮੰਡੀ, 29 ਦਸੰਬਰ-(ਹਰਮਿੰਦਰ ਸਿੰਘ ਅਵਿਨਾਸ਼)-ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਹੋਈ ਹਾਰ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿੱਚ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ.ਅਤੇ ਮੌੜ ਮੰਡੀ ਦੇ ਹੀ ਜਮਪਲ ਸ਼੍ਰੀ ਅੰਕਿਤ ਬਾਂਸਲ ਨੇ ਪੱਤਰਕਾਰ ਹਰਮਿੰਦਰ ਸਿੰਘ ਅਵਿਨਾਸ਼ ਨਾਲ ਵਿਸ਼ੇਸ਼ ਗੱਲ ਬਾਤ ਕਰਦਿਆਂ ਕੀਤਾ। ਉਹਨ੍ਹਾਂ ਨੇ ਕਿਹਾ ਭਾਜਪਾ ਸਤ੍ਹਾ ਵਿੱਚ ਬਣੇ ਰਹਿਣ ਲਈ ਧਰਮ ਅਤੇ ਜਾਤ ਦੇ ਨਾਮ ‘ਤੇ ਲੜਾਉਂਣ ਦੇ ਨਾਲ ਦੇਸ਼ ਵਾਸੀਆਂ ਦਾ ਧਰੁਵੀਕਰਨ ਕਰਕੇ ਰਾਜ ਕਰ ਰਹੀ ਹੈ,ਜਿਸ ਨੂੰ ਦੇਸ਼ ਵਾਸੀ ਚੰਗੀ ਤਰ੍ਹਾਂ ਸਮਝ ਚੁੱਕੇ ਹਨ,ਜਿਸ ਦੇ ਚਲਦੇ ਮਹਾਂਰਾਸ਼ਟਰ ਤੋਂ ਬਾਹਰ ਹੁਣ ਝਾਰਖੰਡ ਵਿੱਚ ਵੀ ਭਾਜਪਾ ਦਾ ਬੁਰੀ ਤਰ੍ਹਾ ਨਿਕਾਲਾ ਹੋ ਚੁੱਕਿਆ ਹੈ। ਉਹਨ੍ਹਾਂ ਨੇ ਕਾਂਗਰਸ ਨੂੰ ਧਰਮ ਨਿਰਪੱਖ ਪਾਰਟੀ ਕਹਿੰਦਿਆਂ ਕਿਹਾ ਕਿ ਇਹ ਪਾਰਟੀ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਸਤਾ ਵਿੱਚ ਆÀਂਣ ‘ਤੇ ਸਭ ਦੀ ਸੁਰੱਖਿਆ ਲਈ ਬਚਨਬੱਧ ਹੈ। ਉਹਨ੍ਹਾਂ ਨੇ ਕਿਹਾ ਕਿ ਝਾਰਖੰਡ ਦੇ ਚੋਣ ਨਤੀਜਿਆਂ ਨੂੰ ਦੇਖਦੇ ਹੋਏ ਸਮਝ ਜਾਣਾ ਚਾਹੀਂਦਾ ਹੈ ਕਿ ਨਾਗਰਿਕ ਸੋਧ ਬਿਲ ਅਤੇ ਹੋਰ ਮੁੱਦਿਆਂ ‘ਤੇ ਪੁਨਰ ਵਿਚਾਰ ਕਰਨਾ ਚਾਹੀਂਦਾ ਹੈ,ਕਿਉਂਕਿ ਦੇਸ਼ ਦੀ ਜਨਤਾ ਭਾਜਪਾ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਨਾਦਰਸ਼ਾਹੀ ਫੁਰਮਾਨਾਂ ਤੋਂ ਅੱਕ ਚੁੱਕੀ ਹੈ। ਇਸ ਤੋਂ ਪਹਿਲਾਂ ਨੋਟ ਬੰਦੀ ਅਤੇ ਜੀ.ਅੱੈੱਸ.ਟੀ.ਵਰਗੇ ਕਾਨੂੰਨਾਂ ਨੇ ਨਾਗਰਿਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਸੀ। ਭਾਜਪਾ ਦੇ ਰਾਜ ਵਿੱਚ ਦੇਸ਼ ਆਰਥਿਕ ਹਾਲਤ ਵਿਗੜ ਚੁੱਕੀ ਹੈ ਅਤੇ ਦੇਸ਼ ਦਿਨੋਂ ਦਿਨ ਗਰੀਬੀ ਅਤੇ ਬੇਰੁਜਗਾਰੀ ਵਿੱਚ ਗਰਕਦਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਾਂਗਰਸ ਰਾਜ ਵਾਲੇ ਸੂਬਿਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨ੍ਹਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਵਰਗ ਦੇ ਲੋਕਾਂ ਲਈ ਵਿਸ਼ੇਸ਼ ਯੋਜਨਾਂਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ। ਉਹਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਚੋਣਾਵੀਂ ਵਾਅਦੇ ਪੂਰੇ ਕੀਤੇ ਗਏ ਹਨ ਅਤੇ ਜੋ ਬਾਕੀ ਰਹਿੰਦੇ ਵਾਅਦੇ ਹਨ ਉਹਨ੍ਹਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਪੂਰੀ ਗੰਭੀਰ ਹੈ। ਆਉਂਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਹੀ ਭਾਰੀ ਫਰਕ ਨਾਲ ਜਿੱਤੇਗੀ,ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੋਰ ਵੀ ਮਜਬੂਤ ਹੋਣਗੇ ਅਤੇ ਕਾਂਗਰਸ ਹੋਰ ਚੜ੍ਹਦੀ ਕਲਾ ਵਿੱਚ ਜਾਵੇਗੀ।
ਪੰਜਾਬ ਦੀਆਂ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ‘ਚ ਕਾਂਗਰਸ ਹਾਸਲ ਕਰੇਗੀ ਹੂੰਝਾ ਫੇਰੂ ਜਿੱਤ : ਅਕਿੰਤ ਬਾਂਸਲ ਓ.ਐੱਸ.ਡੀ. ਮੁੱਖ ਮੰਤਰੀ ਪੰਜਾਬ



